chandighar

ਲਹਿੰਦੇ ਪੰਜਾਬ ਦਾ ਪੰਜਾਬੀ ਤੇ ਉਰਦੂ ਦਾ ਸਿਰਕੱਢ ਗ਼ਜ਼ਲਗੋ : ਰਾਣਾ ਇਹਸਾਨ ਅਲੀ ਖ਼ਾਂਹ

ਹਿੰਦ ਤੇ ਪਾਕਿ ਦੀਆਂ ਕਲਮਾਂ ਤੇ ਅਵਾਜ਼ਾਂ ਕਿੰਨਾ ਅਮਨ-ਸ਼ਾਂਤੀ ਚਾਹੁੰਦੀਆਂ, ਸਾਂਝੇ ਮੁਸ਼ਾਇਰਿਆਂ ਅਤੇ ਸੱਭਿਆਚਾਰਕ ਮੇਲਿਆਂ ਨੂੰ ਲੋਚਦੀਆਂ, ਇਕ ਦੂਜੇ ਦੇ ਦੀਦ ਲਈ ਤਰਸੀਆਂ ਹਨ, ਇਹ ਗੱਲ ਉਹੀ ਜਾਣਦੇ ਹਨ ਜਾਂ ਉਨ੍ਹਾਂ ਦਾ ਰੱਬ। ਇਨ੍ਹਾਂ ਸਤਰਾਂ ਦੁਆਰਾ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ, ਲਹਿੰਦੇ ਪੰਜਾਬ ਦੇ ਪੰਜਾਬੀ ਤੇ ਉਰਦੂ ਦੇ ਸਿਰਕੱਢ ਗ਼ਜ਼ਲਗੋ ਰਾਣਾ ਇਹਸਾਨ ਅਲੀ ਖ਼ਾਂਹ ਨਾਲ਼ ਹੋਈ ਮੁਲਾਕਾਤ ਦੀ ਪੰਛੀ-ਝਾਤ,. . ਜਿਸ ਨੂੰ ਕਿ ਚੜ੍ਹਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਖ਼ੈਰਾਂ ਮੰਗਦਿਆਂ ਖ਼ੁਸ਼ੀ ਚੜ੍ਹ ਜਾਂਦੀ ਹੈ। ਇਸ ਗ਼ਜ਼ਲਗੋ ਨਾਲ ਹੋਈ ਮੁਲਾਕਾਤ ਕੁਝ ਇਸ ਤਰਾਂ ਰਹੀ :
?- ‘‘ਰਾਣਾ ਜੀ, ਕੀ ਤੁਸੀਂ ਪਹਿਲੇ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਸਾਡੇ ਪਾਠਕਾਂ ਨੂੰ ਜਾਣੂ ਕਰਵਾਓਂਗੇ ?’’
0- ‘‘ ਜੀ ਬਿਲਕੁਲ। ਮੈਂ ਲਹਿੰਦੇ ਪੰਜਾਬ ਦੇ ਸ਼ਹਿਰ ਗੁਜਰਾਂ ਵਾਲਾ ਵਿਚ ਜੰਮਿਆ-ਪਲਿਆ ਵਾਂ। ਪਿਉ ਦਾ ਨਾਮ ਰਾਣਾ ਰਸ਼ੀਦ ਅਹਿਮਦ ਖ਼ਾਂਹ ਮਰਹੂਮ ਏਂ। 1947 ਈ. ਨੂੰ ਜਦੋਂ ਪੰਜਾਬ ਦਾ ਖਲਵਾੜ ਹੋਇਆ, ਪਾਕਿਸਤਾਨ ਬਣਿਆ ਤਾਂ ਅਸੀਂ ਚੜ੍ਹਦੇ ਪੰਜਾਬ ਤੋਂ ਉਠ ਕੇ ਇੱਧਰ ਆ ਕੇ ਆਬਾਦ ਹੋ ਗਏ। ਮੇਰੇ ਦਾਦਾ-ਜਾਨ ਕੈਪਟਨ ਵਲੀ ਮੁਹੰਮਦ ਖ਼ਾਂਹ ਤੇ ਦਾਦਕੇ ਤਹਿਸੀਲ ਗੜ੍ਹ ਸ਼ੰਕਰ ਦੇ ਪਿੰਡ ਕਰਾਵਰ ਆਬਾਦ ਸਨ। ਮੇਰੇ ਨਾਨਕੇ ਤੇ ਮਾਂ ਜੀ ਦਿਲਸ਼ਾਦ ਬੀਬੀ ਕਾਠ ਗੜ੍ਹ (ਗੜ੍ਹ ਸ਼ੰਕਰ) ਹੁਸ਼ਿਆਰ ਪੁਰ ਸਨ। ਉਹਨਾਂ ਉੱਥੋਂ ਆ ਕੇ ਗੁਜਰਾਂ ਵਾਲਾ ਦੇ ਲਾਗਵੇਂ ਪਿੰਡ ਗਰਜਾਖ ਵਸੂੰ ਕੀਤੀ। ਮੌਜ਼ਾ ਚਣਕੋਏ ਕੋਲ ਧਾੜਵੀਆਂ ਨੇ ਧਾੜਾ ਮਾਰ ਕੇ ਮੇਰੇ ਸਾਰੇ ਚਾਚੇ ਤੇ ਰਿਸ਼ਤੇਦਾਰ ਕਤਲ ਕਰ ਦਿੱਤੇ। ਦਾਦਾ-ਜਾਨ ਫ਼ੌਜੀ ਕੈਂਪ ਲਾਹੌਰ ਤੋਂ ਜ਼ਖ਼ਮੀ ਹਾਲਤ ਵਿੱਚ ਲੱਭ ਗਏ। ਮੇਰਾ ਪਿਓ ਪਹਿਲੇ ਹੀ ਆਪਣੀ ਸਰਵਿਸ ਦੇ ਚੱਕਰ ਵਿਚ ਲਾਹੌਰ ਵੱਲ ਨਿਕਲਿਆ ਹੋਇਆ ਸੀ, ਜਿਸ ਨਾਲ ਬਾਅਦ ਵਿਚ ਮਿਲਾਪ ਹੋ ਗਿਆ। ਮੇਰੇ ਮਾਂ ਜੀ ਆਪਣੇ ਮਾਂ-ਪਿਉ ਨਾਲ ਕਾਠ ਗੜ੍ਹ ਤੋਂ ਬਾ-ਹਿਫ਼ਾਜ਼ਤ ਗੁਜਰਾਂ ਵਾਲਾ ਆ ਗਏ। ਮੈਂ 1948 ਈ. ਵਿਚ ਪੈਦਾ ਹੋਇਆ ਸਾਂ। ਸਾਲ ਪੂਰਾ ਉਮਰ ਨਹੀਂ ਸੀ, ਵਾਲਿਦ ਫ਼ੌਤ ਹੋ ਗਏ। ਮੇਰੀ ਮਾਂ ਜੀ ਨੇ ਸਾਰੀ ਉਮਰ ਮੇਰੇ ਤੇ ਕੁਰਬਾਨ ਕੀਤੀ। ਉਹ ਸੂਝ-ਬੂਝ ਰੱਖਣ ਵਾਲੀ ਤਾਲੀਮ-ਯਾਫ਼ਤਾ ਖ਼ਾਤੂਨ (ਪੜ੍ਹੀ-ਲਿਖੀ ਔਰਤ) ਸੀ ਤੇ ਦਾਦਾ-ਜਾਨ ਵੀ ਅਦਬੀ ਕਿਤਾਬ-ਰਸਾਲੇ ਤੇ ਨਮਾਜ਼-ਰੋਜ਼ਾ ਦੇ ਪਾਬੰਦ ਅਤੇ ਜ਼ਿੰਦਗੀ ਵਿੱਚ ਸੋਹਣੀਆਂ ਕਦਰਾਂ ਦੀ ਤਸਵੀਰ ਸਨ।’’
?- ‘‘ਰਾਣਾ ਜੀ, ਤੁਸੀਂ ਪੜ੍ਹਾਈ ਕਿੰਨੀ ਤੇ ਕਿੱਥੋਂ-ਕਿੱਥੋਂ ਕੀਤੀ ?’’
0- ‘‘ਮੈਂ ਗੌ. ਪ੍ਰਾ. ਸਕੂਲ ਗਰਜਾਖ ਤੋਂ ਪ੍ਰਾਇਮਰੀ, ਵਜ਼ੀਫ਼ੇ ਨਾਲ ਪਾਸ ਕੀਤਾ। ਫ਼ੇਰ ਮਹਿਬੂਬ ਆਲਮ ਇਸਲਾਮੀਆ ਹਾਈ ਸਕੂਲ ਗੁਜਰਾਂਵਾਲਾ ਤੋਂ ਆਰਟਸ ਮਜ਼ਮੂਨ ਵਿੱਚ ਮੈਟ੍ਰਿਕ, ਅਵਲ ਆ ਕੇ ਪਾਸ ਕੀਤਾ । ਬਾਅਦ ਵਿਚ ਗੌਰਮਿੰਟ ਇਸਲਾਮੀਆ ਖ਼ਾਲਸਾ ਕਾਲਜ, ਗੁਜਰਾਂ ਵਾਲਾ ਤੋਂ ਬੀ. ਏ. , ਹੈਲੀ ਕਾਲਜ ਆਫ਼ ਕਾਮਰਸ ਲਾਹੌਰ ਤੋਂ ਬੀ-ਕਾਮ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋ (ਐਮ. ਏ.- ਪੰਜਾਬੀ ਲਿਟਰੇਚਰ) ਕੀਤੀ ।’’
?- ‘‘ਤੁਸੀਂ ਲਿਖਣ ਅਤੇ ਸ਼ਾਇਰੀ ਦੀ ਕਦੋਂ ਅਤੇ ਕਿਵੇਂ ਸ਼ੁਰੂ ਕੀਤੀ ਅਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹੋ ?’’
0- ‘‘ਸਕੂਲੀ ਕਿਤਾਬਾਂ ਤੋਂ ਵੱਖ ਰਸਾਲੇ, ਅਖ਼ਬਾਰਾਂ ਤੇ ਕਿਤਾਬਾਂ ਮੇਰੀ ਸਟੱਡੀ ਵਿੱਚ ਦਿਨ-ਰਾਤ ਰਹਿੰਦੇ ਮੇਰੀ ਅਦਬੀ ਟ੍ਰੇਨਿੰਗ ਵੀ ਹੁੰਦੀ ਰਹੀ। ਮੈਟ੍ਰਿਕ ਵਿੱਚ ਮੇਰੇ ਸਕਿੰਡ ਹੈਡਮਾਸਟਰ ਸ਼ੇਖ਼ ਮੁਜ਼ਫ਼ਰ ਦੇ ਫ਼ੌਤ ਹੋ ਜਾਣ ਤੇ ਅਖਬਾਰ ਵਿਚ ਮੇਰੇ ਛਪੇ ਮਜ਼ਮੂਨ ‘‘ਆਹ ਮੁਜ਼ਫ਼ਰ ’’ ਤੋਂ ਲਿਖਣ ਦੀ ਮੇਰੀ ਕਲਮ ਦੀ ਬੋਹਣੀ ਹੋਈ। ਹੈਲੀ ਕਾਲਜ ਆਫ਼ ਕਾਮਰਸ ਲਾਹੌਰ ਵਿਚ ਕਾਲਜ-ਮੈਗਜ਼ੀਨ ਦੀ ਐਡੀਟਰਸ਼ਿਪ ਵਿੱਚ ਵੀ ਰਿਹਾ। ਐਮ. ਏ. ਪੰਜਾਬੀ ਲਿਟਰੇਚਰ ਕਰਨ ਤੋਂ ਬਾਅਦ ਪੰਜਾਬੀ ਲਿਖਣ ਵੱਲ ਤਵੱਜੋਂ ਰਹੀ। ਰੇਡੀਓ ਪਾਕਿਸਤਾਨ ਦੇ ਅਦਬੀ ਪ੍ਰੋਗਰਾਮ ਵੀ ਕਾਮਯਾਬੀ ਨਾਲ ਕੀਤੇ। ਹੁਣ ਤੱਕ ਮੈਂ ਪੰਜਾਬੀ ਤੇ ਉਰਦੂ ਰਸਾਲੇ ਵਿਚ ਛਪਣ ਦੇ ਨਾਲ ਉਰਦੂ ਸ਼ਾਇਰੀ ਤੇ ਪੰਜਾਬੀ ਸ਼ਾਇਰੀ ਵਿਚ ਇਕਸਾਰ ਰਿਹਾ ਹਾਂ। ਪੰਜਾਬੀ ਜ਼ੁਬਾਨ ਵਿਚ ਮੈਂ ਆਪਣੀ ਮਾਂ ਜੀ ਦਾ ਲਹਿਜਾ ਜਿਹੜਾ ਲੁਧਿਆਣਾ, ਹੁਸ਼ਿਆਰਪੁਰ, ਗੁਜਰਾਂ ਵਾਲਾ ਬੋਲਿਆ ਜਾਂਦਾ ਸੀ, ਰੱਖਿਆ। ਇਹੋ ਮਿੱਠਾ ਤੇ ਸੋਹਣਾ ਲੱਗਾ। ਪੰਜਾਬੀ ਰਹਿਣ-ਸਹਿਣ ਪੱਖੋਂਂ ਰੋਜ਼-ਮਰਾ ਦੇ ਮੁਹਾਵਰੇ ਤੇ ਜ਼ੁਬਾਨ ਆਪਣੇ ਦਿਲ ਵਿਚ ਅਤੇ ਅੱਖਰਾਂ ਵਿੱਚ ਉਤਰਦੀ ਚਲੀ ਗਈ। ਹੁਣ ਤੱਕ ਮੇਰੀਆਂ ਦੋ ਉਰਦੂ ਸ਼ਾਇਰੀ ਦੀ ਕਿਤਾਬਾਂ,‘‘ਕਰਜ਼-ਏ-ਸ਼ਜਰ ’’ ਤੇ ‘‘ਰਕਸ-ਏ-ਬਹਾਰ ’’ ਛਾਪੇ ਚੜ੍ਹੀਆਂ (ਛਪੀਆਂ) ਹਨ। ਪੰਜਾਬੀ ਸ਼ਾਇਰੀ ਦੀ ਕਿਤਾਬ ‘‘ਟੋਟੇ ਵੰਗਾਂ ਦੇ ’’ , “‘‘ਮੇਰੇ ਅੱਖਰ ਮੇਰੇ ਸੂਰਜ” ’’, ‘‘ਗੱਲਾਂ ਕਰਦੀ ਸ਼ਾਮ” ’’ ਅਤੇ ‘‘“ਨਜ਼ਰਾਂ ਕਿੱਥੇ ਠਹਿਰਦੀ”ਆਂ ’’ (400 ਸਫ਼ਿਆਂ ਦੀ ਭਰਵੀਂ ਗ਼ਜ਼ਲ ਦੀ ਕਿਤਾਬ) ਸੋਹਣੇ ਧਿਆਨ ਤੇ ਢੰਗ ਨਾਲ ਛਾਪੇ ਚੜ੍ਹੀਆਂ। ਚੰਗੀ ਧੁੰਮ ਮਚੀ। ਬੜੇ ਟੀਸੀ ਦੇ ਲਿਖਾਰੀਆਂ ਨੇ ਮਜ਼ਮੂਨ ਕਰਿਟੀਸਿਜ਼ਮ ਲਿਖੇ।’’
?- ‘‘ਰਾਣਾ ਜੀ, ਤੁਹਾਨੂੰ ਹੁਣ ਤੱਕ ਮਿਲੇ ਮਾਨ-ਸਨਮਾਨਾਂ ਤੇ ਐਵਾਰਡਾਂ ’ਚੋਂ ਇਕ-ਦੋ ਸਨਮਾਨ ਸਾਡੇ ਪਾਠਕਾਂ ਨਾਲ ਸਾਂਝੇ ਕਰੋਂਗੇ?’’
0- ‘‘ਲੁਧਿਆਣਵੀ ਜੀ, ਪਹਿਲਾ ‘‘ਮਸਊਦ ਖੱਦਰਪੋਸ਼ ਐਵਾਰਡ ’’ 1987 ਈ. ’ਚ ਮੈਨੂੰ ਦਾਨ ਕੀਤਾ ਗਿਆ। ‘‘ਗੱਲਾਂ ਕਰਦੀ ਸ਼ਾਮ” ’’ ਤੇ ‘‘ਨਜ਼ਰਾਂ ਕਿੱਥੇ ਠਹਿਰਦੀਆਂ ’’ ਵੀ ਖਦਰਪੋਸ਼ ਦੀ ਇਨਾਮੀ ਕਿਤਾਬ ਮਿਥੀ ਗਈ। ਉਰਦੂ ਲਈ ਪਹਿਲਾ ਗੁਲਸ਼ਨ-ਏ-ਅਦਬ (ਰਾਬਿਆ ਬੀਬੀ) ਐਵਾਰਡ ’’ ਤੇ ‘‘ਜਵਾਜ਼ ਜਾਫ਼ਰੀ ਐਵਾਰਡ ’’ ਮੈਨੂੰ ਜਾਰੀ ਕੀਤਾ ਗਿਆ। ਟੈਲੀਵਜ਼ਨ ਤੇ ਰੇਡੀਓ ਪਾਕਿਸਤਾਨ ਤੋਂ ਮੇਰੇ ਇੰਟਰਵਿਉ ’ਤੇ ਸ਼ਾਇਰੀ ਬਾਰੇ ਗੱਲਬਾਤ ਨਸ਼ਰ ਹੋਈ। ‘‘ਪਿਲਾਕ ਲਾਹੌਰ ’’ ਦੇ ਮੰਚ ਤੋਂ ਵੀ ਸ਼ੋਹਰਤ ਮਿਲੀ। ਚੜ੍ਹਦੇ ਪੰਜਾਬ ਤੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ: ਦੇ ਲਾਲ ਸਿੰਘ ਲਾਲੀ ਤੇ ਪ੍ਰੀਤਮ ਲੁਧਿਆਣÎਵੀ ਨੇ, “‘‘ਕਲਮਾਂ ਦੀ ਪਰਵਾਜ਼” ’’, ‘‘ਵਿਰਸੇ ਦੇ ਪੁਜਾਰੀ’’ ਅਤੇ ‘‘ਰੰਗ-ਬਰੰਗੀਆਂ ਕਲਮਾਂ’’ ਵਿਚ ਮੇਰੀਆਂ ਰਚਨਾਵਾਂ ਚੰਡੀਗੜ੍ਹ ਤੋਂ ਛਾਪੇ ਚਾੜ੍ਹਕੇ ਮੈਨੂੰ ਬੇਹੱਦ ਸ਼ੋਹਰਤ ਦਿੱਤੀ। ਪੰਜਾਬੀ ਰਸਾਲੇ ਮਹੀਨਾਵਾਰ, ‘‘“ਸਵੇਰ” ਵਾਰਿਸ ਸ਼ਾਹ ’’, ਪੰਜਾਬੀ ਅਦਬ ਤ੍ਰਿੰਜਣ ’’, ‘‘ਅਦਬ ਦੋਸਤ ’’, ‘‘ਤਖਲੀਕ ਲਾਹੋਰ ’’, ,‘‘ ਲੇਖ ਲਾਹੌਰ ’’, ‘‘ਉੁਰਦੂ ਮੁਅੱਲਾ ਲਾਹੌਰ ’’, ‘‘ਰਿਵਾਇਆਤ ਪਿੰਡੀ ’’ ਅਤੇ ‘‘ਪੰਜਾਬੀ ਜ਼ੁਬਾਨ ’’ ਆਦਿ ਰਸਾਲਿਆਂ ਵਿੱਚ ਦਸ ਵਰੇ੍ਹ ਇੱਕ-ਸਾਰ ਲਿਖਤਾਂ ਲਿਖੀਆਂ ਅਤੇ ਸ਼ੋਹਰਤ ਪਾਈ।’’
?- ‘‘ਰਾਣਾ ਜੀ ਜੇਕਰ ਪਾਕਿ-ਹਿੰਦ ਦਾ ਸਾਂਝਾ ਮੁਸ਼ਾਇਰਾ ਹੋਵੇ ਤਾਂ ਕੀ ਤੁਸੀਂ ਪਹੁੰਚੋਂਗੇ ?’’
0- ‘‘ਲੁਧਿਆਣਵੀ ਜੀ, ਪਾਕਿ-ਹਿੰਦ ਦਾ ਮੁਸ਼ਤਰਕਾ (ਸਾਂਝਾ ਮੁਸ਼ਾਇਰਾ) ਹੋਵੇ ਤੇ ਮੈਨੂੰ ਸੱਦਾ ਆਵੇ, ਮੇਰੀ ਖ਼ੁਸ਼ੀ ਤੇ ਬੜੀ ਇੱਜ਼ਤ-ਮਾਣ ਜੋਗ ਦਾਵਤ ਹੋਵੇਗੀ। ਚੜ੍ਹਦੇ ਪੰਜਾਬ ’ਚੋਂ ਅÇੰਮ੍ਰਤਸਰ, ਬਟਾਲਾ, ਚੰਡੀਗੜ੍ਹ ਤੇ ਹੁਸ਼ਿਆਰਪੁਰ ਦਾ ਚੱਕਰ ਵੀ ਲਾ ਚੁੱਕਿਆ ਹਾਂ ਤੇ ਸੀਨਾ-ਠਾਰ ਸਫ਼ਰ ਸੀ।’’
?- ‘‘ਰਾਣਾ ਜੀ, ਕੀ ਤੁਸੀਂ ਕੋਈ ਨੌਕਰੀ ਵੀ ਕੀਤੀ?’’
0-‘‘ਲੁਧਿਆਣਵੀ ਜੀ, ਮੈਂ ਸਪੈਸ਼ਲ ਮੈਜਿੱਸਟਰੇਟ (ਆਨਰੇਰੀ) ਵੀ ਰਹਿ ਚੁਕਾ ਹਾਂ ਤੇ ਮਾਰਕੀਟ ਕਮੇਟੀ ਆਰਬੇਟੇ੍ਰੇਸ਼ਨ ਦਾ ਚੇਅਰਮੈਨ ਵੀ।’’
?- ‘‘ਨੌਕਰੀ ਤੋਂ ਬਾਅਦ ਹੁਣ ਕੀ ਸ਼ੁਗਲ ਰੱਖਿਆ ਹੈ, ਰਾਣਾ ਜੀ ?’’
0-‘‘ਸੱਠ ਏਕੜ ਤੇ ਮੇਰਾ ਆਪਣਾ ਫ਼ਾਰਮ ਏ। ਹਰੀਆਂ-ਭਰੀਆਂ ਫ਼ਸਲਾਂ, ਵਗਦੇ ਖੂਹ, ਗਿੱਧਾ ਪਾਂਉਂਦੇ ਰੁੱਖ ਤੇ ਖੇਤ-ਖਲਵਾੜੇ ਈ ਮੇਰੀ ਸ਼ਾਇਰੀ ਤੇ ਰੋਟੀ-ਟੁਕਰ ਦਾ ਸਰਬੰਧ ਅਤੇ ਇਹੋ ਮੇਰਾ ਸ਼ੁਗ਼ਲ ਏ, ਹੁਣ।’’
?- ‘‘ਜਿੰਦਗੀ ਦੇ ਖ਼ਾਬਾਂ ਵਿਚੋਂ ਕੋਈ ਅਧੂਰਾ ਰਹਿ ਗਿਆ ਖ਼ਾਬ, ਜੋ ਤੁਹਾਡੇ ਪੁੱਤਰ-ਪੁੱਤਰੀਆਂ ਪੂਰਾ ਕਰ ਰਹੇ ਹੋਣ, ਪਾਠਕਾਂ ਨਾਲ ਸਾਂਝਾ ਕਰੋਂਗੇ, ਰਾਣਾ ਜੀ ?’’
0- ‘‘ਲੁਧਿਆਣਵੀ ਜੀ, ਮੈ ਐਲ. ਐਲ. ਬੀ. ਦਾ ਪਰਚਾ ਦੇਣ ਜਾ ਰਿਹਾ ਸਾਂ, ਮੇਰਾ ਰੋਡ-ਐਕਸੀਡੈਂਟ ਹੋ ਗਿਆ, ਨਵੀ ਹਿਆਤੀ (ਜਿੰਦਗੀ) ਮਿਲੀ। ਕਾਨੂੰਨਦਾਨ ਹੋਣ ਦਾ ਜੋ ਖਾਬ ਮੈਂ ਵੇਖਿਆ ਸੀ, ਮੈਂ ਪੂਰਾ ਨਾ ਕਰ ਸਕਿਆ। ਪਰ, ਮੇਰੀ ਇਸ ਸੱਧਰ ਨੂੰ ਮੇਰੇ ਪੁੱਤਰ ਅਸਅਦ ਇਹਸਾਨ ਨੇ ਪੂਰਾ ਕੀਤਾ। ਉਹ ਆਸਟ੍ਰੇਲੀਆ ਵਿਚ ਅੱਵਲ ਡਿਗਰੀ ਵੀ ਹਾਸਲ ਕਰ ਚੁੱਕਾ ਹੈ। ਮੇਰੀਆਂ ਛੇ ਪੁੱਤਰੀਆਂ ਅਤੇ ਦੋ ਪੁੱਤਰਾਂ ਨੇ ਤਾਲੀਮ ਵੱਲ ਖਾਸ ਤਵੱਜ਼ੋਂ (ਧਿਆਨ) ਦੇ ਕੇ ਮੇਰੇ ਸੀਨੇ ਨੂੰ ਠੰਡਾ ਰੱਖਿਆ।’’
ਬਹੁਤ ਬਹੁਤ ਧੰਨਵਾਦ, ਰਾਣਾ ਇਹਸਾਨ ਅਲੀ ਖ਼ਾਂਹ ਜੀ। ਰਂੱਬ ਕਰੇ ! ਹਿੰਦ-ਪਾਕਿ ਦੀਆਂ ਕਲਮਾਂ ਤੇ ਅਵਾਜ਼ਾਂ ਸੌੜੀ ਰਾਜਨੀਤੀ ਤੋਂ ਬਚੀਆਂ ਉਪਰ ਉਠ ਕੇ ਇਕ ਦੂਜੇ ਦੇ ਗਲ਼ੇ ਲੱਗਦੀਆਂ, ਗਲ਼ਵੱਕੜੀਆਂ ਪਾਂਉਂਦੀਆਂ ਰਹਿਣ, ਤਾਂ ਕਿ ਸਦੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਸਾਡੀਆਂ ਭਾਈਚਾਰਕ ਸਾਂਝਾਂ ਹੋਰ ਵੀ ਮਜ਼ਬੂਤ ਹੋ ਸਕਣ! ਅਮਨ-ਸ਼ਾਂਤੀ ਦੇ ਸੁਨੇਹੇ ਦਿੰਦੀਆਂ ਮੋਹ-ਪਿਆਰ ’ਚ ਗੜੁੱਚੀਆਂ ਰੂਹਾਂ ਇਕ-ਦੂਜੇ ਦੀ ਚੜ੍ਹਦੀ ਕਲਾ ਦੀਆਂ ਖ਼ੈਰਾਂ ਮੰਗਦੀਆਂ ਰਹਿਣ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਰਾਣਾ ਇਹਸਾਨ ਅਲੀ ਖ਼ਾਂਹ (ਸਾਬਕਾ ਸਪੈਸ਼ਲ ਮੈਜਿੱਸਟ੍ਰੇਟ (ਆਨਰੇਰੀ), ਪਾਕ ਟਾਊਨ, ਜੀ. ਟੀ. ਰੋਡ, ਕਾਮੋਂਕੇ, ਜ਼ਿਲ੍ਹਾ ਗੁਜਰਾਂ ਵਾਲਾ 0300-4180589

Tags