-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 98764-28641 ਸੰਪਰਕ : ਮਨਧੀਰ ਕੌਰ ਮਨੂੰ, ਵਿੰਨੀਪੈੱਗ (ਮੈਨੀਟੈਬਾ) (ਕਨੇਡਾ), 0012042953327"/>
chandighar

ਪੰਜਾਬੀਅਤ ਦੀਆਂ ਖ਼ੁਸ਼ਬੂਆਂ ਵਿਖ਼ੇਰ ਰਹੀ ਪ੍ਰਵਾਸੀ ਮੁਟਿਆਰ : ਮਨਧੀਰ ਕੌਰ ਮਨੂੰ

‘‘ਸੋਸ਼ਲ-ਮੀਡੀਏ ਦੇ ਵਧ ਗਏ ਬੋਲ-ਬਾਲੇ ਸਦਕਾ ਭਾਂਵੇਂ ਕਿ ਭਾਰਤ ਵਿਚ ਰੇਡੀਓ ਦੀ ਮਹੱਤਤਾ ਦਿਨ-ਪਰ-ਦਿਨ ਘਟਦੀ ਜਾ ਰਹੀ ਹੈ, ਪਰ ਵਿਦੇਸ਼ਾਂ ਵਿਚ ਕਿਉਂਕਿ ਲੋਕ ਆਪਣੇ ਕੰਮਾਂ-ਕਾਰਾਂ ਵਿਚ ਹਰ ਵੇਲੇ ਰੁੱਝੇ ਰਹਿੰਦੇ ਹਨ, ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਆਦਿ ਬਾਰੇ ਜਾਨਣ ਦਾ ਪੰਜਾਬੀਆਂ ਦਾ ਸਭ ਤੋਂ ਵੱਧ ਮਹੱਤਵ-ਪੂਰਨ ਸਾਧਨ ਅਤੇ ਮੁੱਢਲਾ ਸ਼ੌਂਕ ਰੇਡੀਓ ਹੀ ਹੈ। ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਿਚ ਜਿੱਥੇ ਵੀ ਪੰਜਾਬੀਆਂ ਦੀ ਵਧੇਰੇ ਅਬਾਦੀ ਹੈ, ਉਥੇ ਪੰਜਾਬੀਆਂ ਨੇ ਇਸ ਮੀਡੀਆ ਉਤੇ ਆਪਣਾ ਗਲਬਾ ਪਾਇਆ ਹੋਇਆ ਹੈ। ਕੈਨੇਡਾ ਦੇ ਬ੍ਰਹਮਟਨ ਸ਼ਹਿਰ ਵਿਚ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਬਣੀ ਹੋਈ ਹੈ, ਜਿਸ ਨੇ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰੱਖੀ ਹੈ।’’. . . ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਹੈ, ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਦੀ ਜਾਣੀ-ਪਛਾਣੀ ਪ੍ਰਵਾਸੀ ਸਖਸ਼ੀਅਤ, ਖ਼ੂਬਸੂਰਤ ਮੁਟਿਆਰ ਮਨਧੀਰ ਕੌਰ ਮਨੂੰ।
ਕੈਨੇਡਾ ਦੇ ਸ਼ਹਿਰ ਵਿੰਨੀਪੈੱਗ (ਮੈਨੀਟੈਬਾ) ਦੀਆਂ ਮਨਮੋਹਕ ਵਾਦੀਆਂ ਦੀ ਧਰਤੀ ਉਪਰ ਦੇਸੀ ਸੰਚਾਰ ਮੀਡੀਏ ‘‘ਰੇਡੀਓ ਆਪਣਾ’’ ਦੁਆਰਾ ਆਪਣੀਆਂ ਪੰਜਾਬੀ ਸੱਭਿਆਚਾਰਕ ਰਿਵਾਇਤਾਂ ਨੂੰ ਕਾਇਮ ਰੱਖਦਿਆਂ, ਸਭਿਆਚਾਰ ਦੀਆਂ ਫੁਹਾਰਾਂ ਲਿਆਉਣ ਵਾਲੀ ਇਸ ਮੁਟਿਆਰ ਨੇ ਪੰਜਾਬੀਆਂ ਦੇ ਦਿਲਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਰੱਖਿਆ ਹੈ। ਇਕ ਮੁਲਾਕਾਤ ਦੌਰਾਨ ਪੰਜਾਬੀ ਸੱਭਿਆਚਾਰ ਦੀ ਹਿਤੈਸ਼ਣÎ ਮਨਧੀਰ ਨੇ ਦੱਸਿਆ ਕਿ ਪੰਜਾਬੀਆਂ ਦੀ ਜ਼ਿੰਦਗੀ ਵਿਚੋਂ ਗੁਆਚ ਰਹੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ-ਬੋਲੀ ਨੂੰ ਜਿਉਂਦਾ ਰੱਖਣ ਲਈ ਕੈਨੇਡਾ ਵਿਚ ਵਸੇ ਮੂਲ ਭਾਰਤੀ ਜਗਤਾਰ ਸਿੰਘ (ਮਨਧੀਰ ਕੌਰ ਮਨੂੰ ਦੇ ਜੀਵਨ-ਸਾਥੀ) ਨੇ ਮਨ ਵਿਚ ਪੰਜਾਬੀ ਸੱਭਿਆਚਾਰ ਦੇ ਸ਼ੌਂਕ ਅਤੇ ਤਕਨੀਕੀ ਮੁਹਾਰਤ ਹੋਣ ਕਰਕੇ 1996 ਵਿਚ ਪੰਜਾਬੀ, ਹਿੰਦੀ, ਉਰਦੂ, ਗੁਜ਼ਰਾਤੀ ਅਤੇ ਹੋਰ ਭਾਸ਼ਾਵਾਂ ਵਿਚ ਧਾਰਮਿਕ, ਰਾਜਨੀਤਿਕ, ਸੋਸ਼ਲ, ਮੰਨੋਰੰਜਨ ਤੇ ਬਾਲੀਵੁੱਡ ਦੇ ਪ੍ਰੋਗਰਾਮ ਦੇ ਨਾਲ-ਨਾਲ ਪੰਜਾਬ ਦੀਆਂ ਖਬਰਾਂ ਵੀ ਪ੍ਰਸਾਰਿਤ ਕਰਨ ਲਈ ਐਸ. ਸੀ. ਐਮ. ਓ. ਰੇਡੀਓ ਐਫ.- ਐਮ. 24 ਘੰਟੇ ਸ਼ੁਰੂ ਕੀਤਾ।
ਰੇਡੀਓ-ਜੌਕੀ ਮਨਧੀਰ ਕੌਰ ਮਨੂੰ ਨੇ ਪੰਜਾਬੀ ਸੱਭਿਆਚਾਰ ਦੇ ਪਰਸਾਰ ਲਈ ਕੈਨੇਡਾ ਵਿਚ ਚੱਲਦੇ ਦੂਜੇ ਰੇਡੀਓ-ਸਟੇਸ਼ਨਾਂ ਨਾਲੋਂ ‘‘ਰੇਡੀਓ ਆਪਣਾ’’ ਦੁਆਰਾ ਪੰਜਾਬੀਆਂ ਦੇ ਦਿਲਾਂ ਵਿਚ ਡੂੰਘੀ ਵਿਦਵਤਾ-ਭਰਪੂਰ ਵਿਲੱਖਣ ਪਹਿਚਾਣ ਬਣਾ ਲਈ ਹੈ। ਉਸ ਦਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ ਲਹਿੰਦੇ ਤੇ ਚੜ੍ਹਦੇ ਪੰਜਾਬ ’ਤੇ ਸੰਸਾਰ ਦੇ ਅਦਬੀ ਹਲਕਿਆਂ ਵਿਚ ਮਕਬੂਲ ਹੋ ਚੁੱਕਾ ਹੈ। ਉਸ ਦਾ ਪੰਜਾਬੀ ਸਾਹਿਤ ਨਾਲ ਅੰਤਾਂ ਦਾ ਲਗਾਵ ਹੋਣ ਕਰਕੇ ਉਸ ਨੇ ਇਸ ਰੇਡੀਓ ਤੋਂ ਸ਼ਿਵ ਬਟਾਲਵੀ, ਨੰਦ ਲਾਲ ਨੂਰਪੁਰੀ, ਪਾਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ ਅਤੇ ਬਾਬਾ ਨਜ਼ਮੀ ਆਦਿ ਜਿਹੇ ਪੰਜਾਬੀ ਦੇ ਪ੍ਰਸਿੱਧ ਲਿਖਾਰੀਆਂ ਬਾਰੇ ਵੀ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਹਨ। ਇਸ ਮੁਟਿਆਰ ਦੀ ਪੇਸ਼ਕਾਰੀ ਸਦਕਾ ਰੇਡੀਓ ਦੇ ਪੰਜਾਬੀ ਪ੍ਰੋਗਰਾਮ, ਵਿੰਨੀਪੈੱਗ (ਮੈਨੀਟੈਬਾ) ਦੇ ਪੰਜਾਹ ਹਜ਼ਾਰ ਤੋਂ ਵੱਧ ਪੰਜਾਬੀ ਪ੍ਰਵਾਸੀ ਪਰਿਵਾਰਾਂ ਲਈ ਵਰਦਾਨ ਸਾਬਤ ਹੋਏ ਹਨ। ਰੋਜ਼ਾਨਾ 24 ਘੰਟੇ ਚੱਲਣ ਵਾਲੇ ਇਸ ਰੇਡੀਓ ਦੇ ਪ੍ਰੋਗਰਾਮਾਂ ਵਿਚ ਨਿੱਤ ਕਿਸੇ ਸਖ਼ਸ਼ੀਅਤ ਨਾਲ ਵਿਚਾਰ-ਚਰਚਾ ਅਤੇ ਸੋਮਵਾਰ ਤੋਂ ਸ਼ੁਕਰਵਾਰ ਤਕ ਦੁਪਹਿਰ ਵੇਲੇ ਰੋਜ਼ਾਨਾ ਵੱਖੋ-ਵੱਖਰੇ ਵਿਸ਼ੇ ਉਤੇ ਗੱਲਬਾਤ ਦਾ ਕੈਨੇਡਾ, ਭਾਰਤ, ਪਾਕਿਸਤਾਨ ਅਤੇ ਹੋਰਨਾ ਦੇਸ਼ਾਂ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਸ਼ਨਿੱਚਰਵਾਰ, ‘‘ਸਾਂਝ ਸੁਰਾਂ ਦੀ’’ ਵਿਚ ਨਾਮਵਾਰ ਗਾਇਕਾਂ ਤੋਂ ਇਲਾਵਾ ਨਵੇਂ ਨੌਜਵਾਨ ਗੀਤਕਾਰਾਂ ਨੂੰ ਮੌਕਾ ਪਰਦਾਨ ਕੀਤਾ ਜਾਂਦਾ ਹੈ।
ਮਨਧੀਰ ਦੀ ਝੋਲ਼ੀ ਪਏ ਮਾਨ-ਸਨਮਾਨਾਂ ਵੱਲ ਝਾਤ ਮਾਰੀਏ ਤਾਂ ਉਸ ਨੂੰ ਦੇਸ਼-ਵਿਦੇਸ਼ ਦੀਆਂ 6 ਦਰਜਨ ਦੇ ਕਰੀਬ ਸੰਸਥਾਵਾਂ ਸਨਮਾਨਤ ਕਰ ਚੁੱਕੀਆਂ ਹਨ, ਜਿਨ੍ਹਾਂ ਵਿਚ, ਸੱਭਿਆਚਾਰਕ ਮੰਚ ਪੰਜਾਬ ਲੁਧਿਆਣਾ ਵੱਲੋਂ, ‘‘ਬੈਸਟ ਮੀਡੀਆ ਅਵਾਰਡ’’-‘‘ਪੰਜਾਬੀ ਸੱਭਿਆਚਾਰ ਦਾ ਮਾਣ’’ (ਗੋਲਡ ਮੈਡਲ), ਚੰਡੀਗੜ੍ਹ ਤੋਂ ਮਹਾਤਮਾ ਗਾਂਧੀ ਜੀ ਦੀ ਧਰਮ-ਪਤਨੀ ਦੀ 79-ਵੀ ਬਰਸੀ ਮੌਕੇ ਮਿਲੇ ਸਨਮਾਨ ਦੇ ਨਾਲ-ਨਾਲ ਪੰਜਾਬ ਦੇ ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ ਅਤੇ ਮੋਗਾ ਆਦਿ ਜਿਲਿ੍ਹਆਂ ਵਿਚੋਂ 2020 ਦੇ ਮਿਲੇ ਤਾਜ਼ਾ ਜ਼ਿਕਰ ਯੋਗ ਸਨਮਾਨ ਹਨ। . . ਅੱਜ ਦਿਨ, ਜਿਸ ਹੱਦ ਤੱਕ ਇਹ ‘‘ਰੇਡੀਓ ਆਪਣਾ’’ ਪੰਜਾਬੀ ਭਾਈਚਾਰੇ ਵਿਚ, ‘‘ਰੂਹ ਦਾ ਸਾਥੀ’’ ਬਣ ਚੁੱਕਾ ਹੈ, ਉਸ ਦਾ ਸਿਹਰਾ ਪੰਜਾਬੀ ਦੀ ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਾਲਕਣ, ਹਸੂ-ਹਸੂ ਕਰਦੇ ਚਿਹਰੇ ਵਾਲੀ, ਸੁਹਣੀ-ਸੁਨੱਖੀ ਮੁਟਿਆਰ ਮਨਧੀਰ ਕੌਰ ਮਨੂੰ ਸਿਰ ਜਾਂਦਾ ਹੈ। ਰੱਬ ਕਰੇ ! ਇਸ ਪ੍ਰਵਾਸੀ ਮੁਟਿਆਰ ਨੂੰ ਮਾਲਕ ਸ਼ੁਹਰਤ ਦੀਆਂ ਹੋਰ ਵੀ ਬੁਲੰਦੀਆਂ ਬਖ਼ਸ਼ੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 98764-28641
ਸੰਪਰਕ : ਮਨਧੀਰ ਕੌਰ ਮਨੂੰ, ਵਿੰਨੀਪੈੱਗ (ਮੈਨੀਟੈਬਾ) (ਕਨੇਡਾ), 0012042953327

Tags