chandighar

ਸੱਜਰੀ ਸਵੇਰ ਵਰਗਾ ਹੋਣਹਾਰ ਗਾਇਕ : ਗੁਰਿੰਦਰਜੀਤ ਗੋਲਡੀ

ਸਿਆਣੇ ਕਿਹਾ ਕਰਦੇ ਹਨ ਕਿ ਮਰਾਸੀ ਦਾ ਪੁੱਤ ਸਿੱਧੀ-ਸਾਦੀ ਗੱਲ ਵੀ ਕਹਿ ਜਾਵੇ ਤਾਂ ਉਸ ਦੀ ਸਾਦਗੀ ਵਿਚ ਵੀ ਸੁਰਾਂ ਦੀ ਝਲਕ ਮਿਲ ਜਾਂਦੀ ਹੈ। ਜਿਹੜੇ ਘਰਾਣੇ ਗੀਤ-ਸੰਗੀਤ ਨਾਲ ਸਬੰਧਤ ਹੋਣ ਉਨ੍ਹਾਂ ਦੀ ਸੰਤਾਨ ਨੂੰ ਬੇਸ਼ੱਕ ਗੀਤ-ਸੰਗੀਤ ਤੋਂ ਕੋਹਾਂ ਦੂਰਲੇ ਕਿੱਤੇ ਵੱਲ ਪਾ ਦਿਓ, ਪਰ ਫਿਰ ਵੀ ਗੀਤ-ਸੰਗੀਤ ਰਗ-ਰਗ ਵਿਚ ਵਸ ਚੁੱਕਿਆ ਹੋਣ ਕਰ ਕੇ ਲੂੰਘੇ ਵਿਚ ਮਲੋ-ਮੱਲੀ ਹੀ ਮਿਲ ਜਾਂਦਾ ਹੈ, ਉਨ੍ਹਾਂ ਨੂੰ ਗਾਉਣਾ। ਇਹੋ ਜਿਹੀ ਮਿਸਾਲ ਉਭਰਕੇ ਸਾਡੇ ਸਾਹਮਣੇ ਆਈ ਹੈ, ਸੁਹਣੇ-ਸੁਨੱਖੇ, ਉਚੇ-ਲੰਮੇ ਗੱਭਰੂ ਗੁਰਿੰਦਰਜੀਤ ਗੋਲਡੀ ਦੀ। ਘਰਦਿਆਂ ਨੇ ਆਪਣੇ ਇਸ ਇਕਲੌਤੇ ਲਾਡਲੇ ਨੂੰ ਪੰ. ਯੂਨੀ. ਚੰਡੀਗੜ੍ਹ ਤੋਂ ਬੀ. ਏ. ਕਰਵਾਉਣ ਉਪਰੰਤ ਲਾਅ ਦਾ ਵਿਦਿਆਰਥੀ ਬਣਾ ਰੱਖਿਆ ਹੈ। ਉਨ੍ਹਾਂ ਨੇ ਲਾਅ ਕਰਵਾ ਕੇ ਐਡਵੋਕੇਟ ਅਤੇ ਫਿਰ ਜੱਜ, ਸੈਸ਼ਨ-ਜੱਜ ਬਣਾਉਣ ਦੀ ਸੋਚ ਪਾਲ਼ ਰੱਖੀ ਹੈ, ਪਰ ਉਹ ਕਾਮਯਾਬੀ ਨਾਲ ਲਾਅ ਤਾਂ ਕਰ ਹੀ ਰਿਹਾ ਹੈ, ਨਾਲ-ਹੀ-ਨਾਲ਼ ਗੀਤਕਾਰੀ ਤੇ ਗਾਇਕੀ ਵੱਲ ਵੀ ਪੂਰਾ ਸ਼ੌਂਕ ਪਾਲ ਰਿਹਾ ਹੈ। ਇਸ ਵਿਚਲਾ ਛੁਪਿਆ ਰਾਜ ਖੋਲ੍ਹਦਿਆਂ ਗੋਲਡੀ ਨੇ ਕਿਹਾ,‘‘ ਮੈਂ ਇਕ ਸੰਗੀਤ-ਘਰਾਣੇ ਨਾਲ ਸਬੰਧ ਰੱਖਦਾ ਹਾਂ। ਜਿੱਥੇ ਮੇੇਰੇ ਦਾਦਾ ਸਵ: ਗਿਆਨੀ ਰਣ ਸਿੰਘ ਵੈਦ ਜੀ ਆਪਣੇ ਸਮੇਂ ਦੇ ਉੱਚ-ਕੋਟੀ ਦੇ ਗ੍ਰੰਥੀ ਤੇ ਕੀਰਤਨੀਏ ਰਹਿ ਚੁੱਕੇ ਹਨ, ਉਥੇ ਮੇਰੇ ਪਿਤਾ ਸ੍ਰ. ਜਗਜੀਤ ਮੁਕਤਸਰੀ ਨੇ ਅਧਿਆਪਨ ਕਿੱਤੇ ਵਿਚ ਹੁੰਦੇ ਹੋਇਆਂ ਵੀ ਸਾਢੇ ਤਿੰਨ ਸੌ ਤੋਂ ਵੱਧ ਗੀਤ ਲਿਖਕੇ ਰਿਕਾਰਡ ਕਰਵਾਕੇ ਅਤੇ ਦਰਜ਼ਨ ਪੁਸਤਕਾਂ ਸਾਹਿਤ ਦੀ ਝੋਲ਼ੀ ਪਾ ਕੇ ਖ਼ੂਬ ਨਾਮਨਾ ਕਮਾਇਆ ਹੈ। ਮੇਰੇ ਤਾਇਆ ਜੀ ਸ਼੍ਰੀ ਅਮਰਜੀਤ ਹਾਂਸ ਗੀਤਕਾਰ ਤੇ ਸਾਹਿਤ ਸਭਾ ਗਿੱਦੜਬਾਹਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਬੀ. ਪੀ. ਈ. ਓ. ਸ਼੍ਰੀ ਮੁਕਤਸਰ ਸਾਹਿਬ ਹਨ। ਮੇਰੀ ਮਾਤਾ ਜਸਪ੍ਰੀਤ ਕੌਰ ਮੁਕਤਸਰੀ, ਤਹਿ. ਅਬੋਹਰ -1 ਦੇ ਸ. ਪ੍ਰਾ. ਸ. ਸੀਤੋ ਗੁੰਨੋ ਵਿਚ ਸੈਂਟਰ ਹੈਡ ਟੀਚਰ, ਅਤੇ ਮੇਰੀ ਭੈਣ ਸਰਬਜੀਤ ਕੌਰ ਜੋਤੀ ਵੀ ਅਧਿਆਪਨ ਕਾਰਜ ਦੇ ਨਾਲ਼-ਨਾਲ਼ ਸਾਹਿਤ ਰਚਣ ਦਾ ਸ਼ੌਂਕ ਪਾਲ ਰਹੇ ਹਨ। ਹੋਰ-ਤਾਂ-ਹੋਰ ਅਸੀਂ ਦਾਦਾ ਜੀ ਤੱਕ ਪਰਿਵਾਰ ਦੇ ਪੰਜੋ ਹੀ ਮੈਂਬਰ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ: ਦੀਆਂ ਕਾਵਿ-ਪੁਸਤਕਾਂ, ‘‘ਕਲਮਾਂ ਦੇ ਸਿਰਨਾਂਵੇਂ ’’, ‘‘ਕਲਮਾਂ ਦਾ ਸਫ਼ਰ ’’, ‘‘ਰੰਗ-ਬਰੰਗੀਆਂ ਕਲਮਾਂ ’’ ਤੋਂ ਇਲਾਵਾ 906 ਕਲਾ-ਪ੍ਰੇਮੀਆਂ ਦੀ ਟੈਲੀਫ਼ੋਨ-ਡਾਇਰੈਕਟਰੀ ‘‘ਵਿਰਸੇ ਦੇ ਪੁਜਾਰੀ’’ ਵਿਚ ਵੀ ਹਾਜ਼ਰੀਆਂ ਭਰ ਚੁੱਕੇ ਹਾਂ। ’’
ਗੁਰਿੰਦਰਜੀਤ ਅੱਗੇ ਦੱਸਦਾ ਹੈ ਕਿ ਜਿੱਥੇ ਉਸ ਨੂੰ ਸੰਗੀਤ-ਮਈ ਪ੍ਰੀਵਾਰਕ ਮਾਹੌਲ ਵਿੱਚੋਂ ਪਿਤਾ ਜੀ ਤੋਂ ਗੀਤਕਾਰੀ ਤੇ ਗਾਇਕੀ ਦੇ ਗੁਰ ਮਿਲੇ, ਉਥੇ ਹੋਰ ਵੀ ਬਾਰੀਕੀਆਂ ਹਾਸਲ ਕਰਨ ਲਈ ਉਹ ਸੰਗੀਤਕਾਰ ਸ਼੍ਰੀ ਵਿਨੋਦ ਖੁਰਾਨਾ ਮਲੋਟ ਦੇ ਲੜ ਜਾ ਲੱਗਿਆ ਹੈ। ਗਾਇਕ ਮਨਕੀਰਤ ਔਲਖ ਅਤੇ ਸਿੱਧੂ ਮੂਸੇ ਵਾਲਾ ਗਾਇਕ ਨੂੰ ਨਿੱਜੀ ਤੌਰ ਤੇ ਮਿਲ ਕੇ ਉਨ੍ਹਾਂ ਦਾ ਫੈਨ ਅਤੇ ਉਨ੍ਹਾਂ ਨੂੰ ਆਪਣਾ ਪ੍ਰੇਰਨਾ-ਸਰੋਤ ਮੰਨਣ ਵਾਲਾ ਗੁਰਿੰਦਰਜੀਤ ਹੁਣ ਤੱਕ ਦੋ ਗੀਤ ਮਾਰਕੀਟ ਨੂੰ ਦੇ ਚੁੱਕਾ ਹੈ। ਮੁਲਾਕਾਤ ਦੌਰਾਨ ਉਸ ਕਿਹਾ, ‘‘ਮੇਰਾ ਪਹਿਲਾ ਗੀਤ ਸੀ, ‘‘ਇੰਡੋਲੈਂਸ ’’। ਗੀਤਕਾਰ ਰੋਮੀ ਮਾਨ ਦਾ ਲਿਖਿਆ ਇਹ ਗੀਤ, ‘‘ਵਾਈਟ–ਹਿੱਲ ਕੰਪਨੀ’’ ਨੇ ਰਲੀਜ਼ ਕੀਤਾ ਸੀ। ਹੁਣ ਦੂਸਰਾ ਗੀਤ ਆ ਰਿਹਾ ਹੈ, ਗਮਦੂਰ ਗੈਰੀ ਦਾ ਲਿਖਿਆ, ‘‘ਮੰਗਣੀ’’ । ਇਸ ਗੀਤ ਦਾ ਸੰਗੀਤ ਚੰਡੀਗੜ੍ਹ ਤੋਂ ਜੱਜ ਸਾਹਿਬ ਨੇ ਬੜੀ ਤਨਦੇਹੀ ਨਾਲ ਤਿਆਰ ਕੀਤਾ ਹੈ ਤੇ ਵੀਡੀਓ ਸੁੱਖ ਬਰਾੜ ਨੇ ਤਿਆਰ ਕੀਤੀ ਹੈ। ਇਸ ਵਿਚ ਬਤੌਰ ਮਾਡਲ ਕੰਮ ਲੁਧਿਆਣੇ ਤੋਂ ਮਿਸ ਯਾਸ਼ਿਕਾ ਨੇ ਕੀਤਾ ਹੈ। ਇਹ ਗੀਤ ਜਲਦ ਹੀ ਸਰੋਤਿਆਂ ਦੀ ਕਚਿਹਰੀ ਵਿੱਚ ਆ ਰਿਹਾ ਹੈ। ਇਸ ਵੀਡੀਉ -ਗੀਤ ਤੋਂ ਪ੍ਰੀਵਾਰ ਨੂੰ ਭਾਰੀ ਆਸ ਹੈ ।’’ ਉਹ ਦੱਸਦਾ ਹੈ ਕਿ ਉਸ ਦੀ ਵੱਡੀ ਭੈਣ ਸਰਬਜੀਤ ਜੋਤੀ ਅਤੇ ਮਾਤਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ, ਉਸ ਦੀ ਗਾਇਕੀ ਤੋਂ। ਉਨ੍ਹਾਂ ਦਾ ਦੋ- ਦੋ ਕਿੱਲੋ ਖ਼ੂਨ ਵਧ ਜਾਵੇਗਾ ਇਸ ਵੀਡੀਓ-ਗੀਤ ਦੇ ਆਉਣ ਤੇ। ਵਾਹਿਗੁਰੂ ਕਰੇ ਗੁਰਿੰਦਰਜੀਤ ਗੋਲਡੀ ਅਤੇ ਉਸ ਦੇ ਸੁਪਨੇ ਤੇ ਇੱਛਾਵਾਂ ਜਲਦ ਪੂਰੀਆਂ ਹੋਣ ! ਆਉਣ ਵਾਲੀ ਸੱਜ਼ਰੀ ਸਵੇਰ ਹਸੂ-ਹਸੂ ਕਰਦੇ ਇਸ ਗੱਭਰੂ ਦੇ ਨਾਂਓਂ ਹੋ ਜਾਵੇ!

– ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
ਸੰਪਰਕ : ਗੁਰਿੰਦਰਜੀਤ ਗੋਲਡੀ, ਪ੍ਰੀਤ ਨਗਰ, ਮਲੋਟ, (ਸ਼੍ਰੀ ਮੁਕਤਸਰ ਸਹਿਬ)- 8146723235

Tags