chandighar

ਦੇਸ਼ ਦੀ ਸੇਵਾ ਲਈ ਸੂਬੇਦਾਰੀ, ਸੰਗੀਤ ਪ੍ਰੇਮੀਆਂ ਲਈ ਸਿਰਕੱਢ ਕਲਮ : ਪਰਮਜੀਤ ਪੰਮੀ

ਕਲਾ ਦੀ ਬਖ਼ਸ਼ੀਸ਼ ਹਰ ਘਰ-ਘਰ ਨਹੀ ਹੋਇਆ ਕਰਦੀ, ਵਿਰਲਿਆਂ ਘਰਾਂ ’ਚ ਹੀ ਹੋਇਆ ਕਰਦੀ ਹੈ ਇਹ ਬਖ਼ਸ਼ੀਸ਼। ਉਹ ਪਰਿਵਾਰ ਕਿੱਡੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਵਿਚ ਕਲਾ ਦਾ ‘‘ਦੋ-ਮੁਖੀਆ ਦੀਵਾ ’’ ਕਲਾ ਦਾ ਚਾਨਣ ਵੰਡ ਰਿਹਾ ਹੁੰਦਾ ਹੈ। ਅਜਿਹੇ ਸੁਭਾਗੇ ਪਰਿਵਾਰਾਂ ਵਿਚੋਂ ਇਕ ਸੁਭਾਗਾ ਪਰਿਵਾਰ ਹੈ, ਜਿਲ੍ਹਾ ਪਟਿਆਲਾ ਦੇ ਪਿੰਡ ਸਾਹਿਬਪੁਰਾ ਵਿਚ ਸ੍ਰ. ਰੁਲਦਾ ਸਿੰਘ ਤੇ ਕਰਨੈਲ ਕੌਰ ਦਾ : ਜਿਨਾਂ ਨੇ ਪਰਮਜੀਤ ਪੰਮੀ ਅਤੇ ਮੇਜਰ ਸਾਹਿਬਪੁਰੀਆ ਨਾਂਓ ਦੇ ਦੋ ਵੱਡਮੁੱਲੇ ਲਟ-ਲਟ ਬਲ਼ਦੇ ਸਾਹਿਤਕ ਚਿਰਾਗ਼ ਪੰਜਾਬੀ ਮਾਂ-ਬੋਲੀ ਦੇ ਵਿਹੜੇ ਵਿਚ ਰੋਸ਼ਨੀਆਂ ਕਰਨ ਲਈ ਪੈਦਾ ਕੀਤੇ। ਜਿੱਥੇ ਛੋਟੇ ਭਰਾ ਮੇਜਰ ਦੇ ਲਿਖੇ ਗੀਤ ਰਿਕਾਰਡਿੰਗ ਦੇ ਜਾਮੇ ਵਿਚ ਗੂੰਜਦੇ ਦਿਲਾਂ ਦੇ ਹਨੇਰੇ ਵਿਹੜਿਆਂ ਨੂੰ ਰੁਸ਼ਨਾ ਰਹੇ ਹਨ, ਉਥੇ ਵੱਡਾ ਭਰਾ ਪਰਮਜੀਤ ਵੀ ਇਸ ਪੱਖ ਵਿਚ ਪਿੱਛੇ ਨਾ ਰਹਿ ਸਕਿਆ। ਇਨ੍ਹਾਂ ਸਤਰਾਂ ਵਿਚ ਗੱਲ ਕਰਨ ਜਾ ਰਹੇ ਹਾਂ ਪਰਮਜੀਤ ਪੰਮੀ ਨਾਂਓਂ ਦੇ ਓਸ ਸਖ਼ਸ਼ ਦੀ, ਜਿਹੜਾ ਕਿ ਸਰਹੱਦਾਂ ਉਤੇ ਸੂਬੇਦਾਰ ਦੀਆ ਜ਼ਿੰਮੇਵਾਰੀਆਂ ਸੰਭਾਲਦਾ ਇਕ ਪਾਸੇ ਵੈਰੀ ਨਾਲ ਲੜ ਰਿਹਾ ਦੇਸ਼ ਦੀ ਰਾਖੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਹੱਥ ’ਚ ਨਰੋਈ ਕਲਮ ਫੜ ਕੇ ਸਮਾਜਿਕ ਕੁਰੀਤੀਆਂ ਨਾਲ ਲੜਾਈ ਕਰਦਾ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ।
ਪਰਮਜੀਤ ਦੱਸਦਾ ਹੈ ਕਿ ਉਸ ਦੇ ਸਮੁੱਚੇ ਪਰਿਵਾਰ ਨੂੰ ਹੀ ਗੀਤ-ਸੰਗੀਤ ਨਾਲ ਕਾਫ਼ੀ ਪਿਆਰ ਹੈ। ਉਸ ਤੋਂ ਪਹਿਲਾਂ ਸੰਗੀਤ ਨਾਲ ਉਸਦਾ ਛੋਟਾ ਭਰਾ ਮੇਜਰ ਸਾਹਿਬਪੁਰੀਆ ਜੁੜਿਆ ਹੋਇਆ ਸੀ, ਜੋ ਕਿ ਗੀਤਕਾਰੀ ਵਿੱਚ ਕਾਫੀ ਵੱਡਾ ਨਾਂ ਹਾਸਲ ਕਰ ਚੁੱਕਿਆ ਹੈ। ਪਰਮਜੀਤ ਵੀ ਉਸ ਨੂੰ ਦੇਖੋ-ਦੇਖੀ ਛੋਟੇ ਭਰਾ ਦੇ ਮਗਰ ਗੀਤਕਾਰੀ ਦੇ ਰਾਹ ’ਤੇ ਚੱਲ ਪਿਆ। ਉਸ ਦੇ ਸਭ ਤੋਂ ਪਹਿਲਾਂ ਸੋਲ੍ਹੋ ਗੀਤ, ਨਖਰੋ, ਪੇਚੇ, ਸਕੂਟੀ ਗਾਇਕਾ ਪ੍ਰੀਤ ਗਿੱਲ ਦੀ ਸੁਰੀਲੀ ਅਵਾਜ਼ ਵਿਚ ਮਾਰਕੀਟ ਵਿਚ ਆਏ। ਇਹਨਾ ਗੀਤਾਂ ਨੂੰ ਦਰਸ਼ਕਾਂ-ਸਰੋਤਿਆਂ ਵੱਲੋਂਂ ਐਸਾ ਭਰਵਾਂ ਹੁੰਗਾਰਾ ਮਿਲਿਆ ਕਿ ਪਰਮਜੀਤ ਦੀ ਬੱਲੇ-ਬੱਲੇ ਹੋ ਗਈ। ਫਿਰ, ‘‘ਉਡਦਾ ਦੁਪੱਟਾ ’’ ਗੀਤ ਸੁੱਖ ਜੈਸਵਾਲ ਤੇ ‘‘ਕਮਾਊ ਪੁੱਤ ’’ ਨਿੰਦਰ ਮੋਹਾਲੀ ਨੇ ਰਿਕਾਰਡ ਕਰਵਾਏ। ਇਸ ਤੋਂ ਪਿਛਂੋ ਉਸਨੂੰ ਇੱਕ ਗੀਤ ਵਿੱਚ ਬਤੌਰ ਹੀਰੋ ਮਾਡਲਿੰਗ ਕਰਨ ਦਾ ਮੌਕਾ ਮਿਲਿਆ। ਇਸੇ ਤਰਾਂ ਉਸਨੂੰ ਇਕ ਲਘੂ ਹਿੰਦੀ ਫਿਲਮ ਗੈਗਸਟਾਰ ’ਚ ਇੰਸਪੈਕਟਰ ਦਾ ਰੋਲ ਮਿਲਿਆ ਜੋ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਪਰੰਤ ਇਕ ਗੀਤ,‘‘ਜ਼ਮੀਨਾ ਵਾਲਾ ’’ ਨਿਅਰਜੀਤ ਇੰਦਗੜ੍ਹ, ‘‘ਪਿਆਰ ’’ ਗੀਤ ਗੁਰਜੀਤ ਤਲਵੰਡੀ, ‘‘ਜ਼ੋਰ ਜਵਾਨੀ ਦਾ’’, ਹਰਬੰਸ ਬੱਬੂ ਤੇ ਰਵਿੰਦਰ ਰਵੀ ਨੇ ਡਿਊਟ-ਗੀਤ ਕੀਤਾ। ਫਿਰ, ‘‘ਜੱਟੀ’’ ਗੀਤ ਅਮਨ ਅੰਜੂ ਤੇ ‘‘ਵਿਰਲਾਪ ਮਾਵਾਂ ਦੇ ’’ ਗੀਤ ਕੇ. ਦੀਪ ਦੀ ਅਵਾਜ਼ ’ਚ ਰਿਕਾਰਡ ਹੋਏ। ਹੁਣ ਤੱਕ ਪਰਮਜੀਤ ਦੇ ਦਰਜਨ ਤੋਂ ਵੱਧ ਗੀਤ ਮਾਰਕੀਟ ਵਿਚ ਆ ਚੁੱਕੇ ਹਨ। ਉਸਨੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਦੱਸਿਆ ਕਿ ਇੱਕ ਗੀਤ ਸਰਵੀ ਰਤਨ ਤੇ ਰਾਜਨ ਬਾਲੀ ਦੀ ਅਵਾਜ਼ ’ਚ ਡਿਊਟ ਤੋਂ ਇਲਾਵਾ ਇਕ ਸੋਲੋ ਗੀਤ ਸਰਵੀ ਰਤਨ, ਇੱਕ ਗੀਤ ਗੁਰਜੀਤ ਤਲਵੰਡੀ ਤੇ ਇੱਕ ਡਿਊਟ-ਗੀਤ ਰਾਜੂ ਮਾਹਲਾ ਤੇ ਪ੍ਰੀਤ ਕਮਲ ਦੀ ਅਵਾਜ਼ ’ਚ ਜਲਦੀ ਹੀ ਆ ਰਹੇ ਹਨ। ਇਕ ਸਵਾਲ ਦਾ ਜੁਵਾਬ ਦਿੰਦਿਆਂ ਪੰਮੀ ਨੇ ਦੱਸਿਆ ਕਿ ਉਹ ਅੱਜ-ਕੱਲ ਆਰਮੀ ’ਚ ਸੂਬੇਦਾਰੀ ਦੀ ਪੋਸਟ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ।
ਸਰਹੱਦਾਂ ਉਤੇ ਬੈਠੇ ਦੇਸ਼ ਦੀ ਸੇਵਾ ਕਰ ਰਹੇ ਅਤੇ ਕਲਮ ਦੁਆਰਾ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਸੂਬੇਦਾਰ ਪਰਮਜੀਤ ਪੰਮੀ ਦਾ ਨਾਂਓਂ ਭਾਰਤ ਵਾਸੀਆਂ ਅਤੇ ਖਾਸ ਕਰ ਕੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗੁਜ਼ਰੇ, ਦਿਲੀ ਕਾਮਨਾਵਾਂ ਹਨ, ਇਸ ਨੌਜਵਾਨ ਲਈ ਮੇਰੀਆਂ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਪਰਮਜੀਤ ਪੰਮੀ, 8894271052 9484136375

Tags