chandighar

ਸ਼ਾਨਦਾਰ ਕਲਮ, ਅਵਾਜ਼ ਅਤੇ ਖੂਬਸੂਰਤੀ ਦਾ ਸੁਮੇਲ ਮੁਟਿਆਰ : ਬਲਜੀਤ ਕੌਰ ਤਲਵੰਡੀ

ਇਕ ਸਰਵੇਖਣ ਦੱਸਦਾ ਹੈ ਕਿ ਜਿੰਨੀਆਂ ਕਲਮਾਂ ਅਧਿਆਪਨ-ਖੇਤਰ ਨੇ ਪੈਦਾ ਕੀਤੀਆਂ ਹਨ, ਉਤਨੀਆਂ ਸ਼ਾਇਦ ਦੂਜੇ ਖੇਤਰਾਂ ਨੇ ਨਹੀ। ਉਸ ਦਾ ਸਿੱਧਾ ਤੇ ਸਪਸ਼ਟ ਕਾਰਨ ਇਹ ਵੀ ਹੈ ਕਿ ਇਸ ਵਰਗ ਦਾ ਹਰ ਵਕਤ ਸਾਹਿਤ ਨਾਲ ਵਾਹ-ਵਾਸਤਾ ਪਿਆ ਰਹਿਣਾ, ਕਿਤਾਬਾਂ ਪੜ੍ਹਦੇ-ਪੜ੍ਹਾਉਂਦੇ ਆਖਰ ਕਲਮ ਫੜਾ ਹੀ ਦਿੰਦਾ ਹੈ, ਉਸ ਦੇ ਹੱਥ ਵੀ। ਇਸੇ ਅਧਿਆਪਨ ਖੇਤਰ ਨਾਲ ਸਬੰਧਤ ਹੀ ਇਕ ਹੋਰ ਮਿਆਰੀ ਜਾਨਦਾਰ ਤੇ ਸ਼ਾਨਦਾਰ ਕਲਮ ਤੇ ਅਵਾਜ਼ ਉਭਰਕੇ ਸਾਹਮਣੇ ਆਈ ਹੈ-ਬਲਜੀਤ ਕੌਰ ਤਲਵੰਡੀ। 02 ਨਵੰਬਰ 1982 ਨੂੰ ਜਨਮੀ, ਇਸ ਵਕਤ ਸਰਕਾਰੀ ਐਲੀਮੈਂਟਰੀ ਸਕੂਲ, ਅਬਾਦੀ ਗੁਰੂ ਨਾਨਕ ਨਗਰ, ਸੋਹੀਆਂ ਖੁਰਦ ਬਲਾਕ ਅੰਮ੍ਰਿਤਸਰ-2 ਵਿਖੇ ਬਤੌਰ ਈ. ਟੀ. ਟੀ. ਅਧਿਆਪਕਾ ਸੇਵਾ ਨਿਭਾ ਰਹੀ, ਬਲਜੀਤ ਦੱਸਦੀ ਹੈ ਕਿ ਉਸ ਨੇ ਵੀ ਸਕੂਲ ਪੜ੍ਹਦਿਆਂ ਜਿਥੇ ਲਿਖਣਾ ਸ਼ੁਰੂ ਕਰ ਦਿੱਤਾ ਸੀ, ਉਥੇ ਸਟੇਜਾਂ ਉਤੇ ਗਾਉਣਾ ਅਤੇ ਗਿੱਧੇ-ਭੰਗੜੇ ਪਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਉਸ ਦਾ ਇਹ ਕਲਮੀ ਅਤੇ ਸੱਭਿਆਚਾਰਕ ਸ਼ੌਂਕ, ਐਮ. ਏ. (ਪੋਲੀਟੀਕਲ ਸਾਇੰਸ), ਐਮ. ਏ. (ਪੰਜਾਬੀ) ਅਤੇ ਬੀ. ਐਡ. ਕਰਨ ਦੌਰਾਨ ਤੱਕ ਨਾ-ਸਿਰਫ ਨਾਲ਼ ਹੀ ਰਿਹਾ, ਬਲਕਿ ਵਧੀਆ ਮਾਅਰਕੇ ਵੀ ਮਾਰਦਾ ਰਿਹਾ। ਸੋਸ਼ਲ-ਮੀਡੀਆ ਉਤੇ ਉਸਤਾਦ ਸ਼ਾਇਰਾਂ ਅਤੇ ਕਲਮ ਦੇ ਪਾਰਖੂਆਂ ਪਾਸੋਂ ਸ਼ਾਬਾਸ਼ੇ ਖੱਟਣਾ ਉਸ ਦੇ ਇਕ ਵਧੀਆ ਲੇਖਿਕਾ, ਕਵਿੱਤਰੀ ਅਤੇ ਗੀਤਕਾਰਾ ਹੋਣ ਦੇ ਨਾਲ-ਨਾਲ ਵਧੀਆ ਸਟੇਜ-ਸੰਚਾਲਕਾ ਹੋਣ ਦੀ ਗਵਾਹੀ ਵੀ ਭਰਦਾ ਹੈ। ਇਕ ਮੁਲਾਕਾਤ ਦੌਰਾਨ ਤਲਵੰਡੀ ਨੇ ਕਿਹਾ, ‘‘੍ਹਵਿਦਿਆਰਥੀਆਂ ਵਿੱਚ ਸਿੱਖਿਆ ਦਾ ਵੱਧ-ਤੋਂ-ਵੱਧ ਪ੍ਰਸਾਰ ਕਰਨਾ, ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖਣਾ, ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਕਰਨ ਲਈ ਵੱਧ-ਤੋਂ-ਵੱਧ ਯੋਗਦਾਨ ਪਾਉਣਾ, . . . ਨਸ਼ੇ, ਦਾਜ-ਦਹੇਜ, ਭਰੂਣ-ਹੱਤਿਆ, ਜਾਤੀਵਾਦ ਆਦਿ ਸਮਾਜਿਕ-ਕੁਰੀਤੀਆਂ ਨੂੰ ਦੂਰ ਕਰਨਾ, ਔਰਤ ਦਾ ਦਰਜਾ ਉੱਚਾ ਕਰਨ ਲਈ ਕਾਰਜਸ਼ੀਲ ਰਹਿਣਾ, ਵਿਦਿਆਰਥੀਆਂ ਅਤੇ ਸਮਾਜ ਵਿੱਚ ਜਾਗਰੂਕਤਾ ਲਿਆਂਉਣ ਲਈ ਵੱਖ-ਵੱਖ ਵਿਸ਼ਿਆਂ ’ਤੇ ਲੇਖ ਅਤੇ ਕਵਿਤਾਵਾਂ ਲਿਖ ਕੇ ਅਖ਼ਬਾਰਾਂ-ਮੈਗ਼ਜ਼ੀਨਾਂ ਵਿਚ ਲਗਾਤਾਰ ਛਪਣਾ ਅਤੇ ਖੁਦ ਨੂੰ ਇਸ ਲਾਈਕ ਬਣਾਉਣਾ ਕਿ ਸਮਾਜ ਦੇ ਕੰਮ ਆਇਆ ਜਾ ਸਕੇ, ਮੇਰੀ ਕਲਮ ਦਾ ਮੁੱਖ ਮੰਤਵ ਹੈ।’’
ਬਲਜੀਤ ਦੀ ਪਲੇਠੀ ਪੁਸਤਕ, ‘ਸਤਰੰਗੀ ਲਿਸ਼ਕਾਰੇ’ 5 ਅਪ੍ਰੈਲ 2017 ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਸ੍ਰ: ਸਲਵਿੰਦਰ ਸਿੰਘ ਸਮਰਾ ਜੀ ਦੇ ਕਰ-ਕਮਲਾਂ ਦੁਆਰਾ ਲੋਕ-ਅਰਪਣ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਸਾਹਿਤ ਅਤੇ ਸਮਾਜ ਲਈ ਸੇਧਆਤਮਕ ਕਵਿਤਾਵਾਂ ਹਨ। ਸਾਹਿਤਕਾਰਾਂ ਵਿਚ ਉਸ ਦੀ ਪਛਾਣ ਗੂੜ੍ਹੀ ਕਰਨ ਵਿਚ ਉਸ ਦੀ ਇਹ ਪੁਸਤਕ ਖ਼ੂਬ ਸਹਾਈ ਹੋਈ ਹੈ। ਅਗਲੀ ਪੁਸਤਕ ਦਾ ਉਹ ਖਰੜਾ ਤਿਆਰ ਕਰੀ ਬੈਠੀ ਹੈ। ਇਸ ਤੋਂ ਇਲਾਵਾ ਸਾਂਝੀਆਂ ਪ੍ਰਕਾਸ਼ਨਾਵਾਂ ਵਿਚੋਂ ਉਹ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ:) ਪੰਜਾਬ ਦੇ 267 ਕਲਮਾਂ ਦੇ ਸਾਂਝੇ ਕਾਵਿ-ਸੰਗ੍ਰਹਿ, ‘‘ਰੰਗ-ਬਰੰਗੀਆਂ ਕਲਮਾਂ ’’ ਵਿਚ ਵੀ ਛਪਣ ਦਾ ਮਾਣ ਹਾਸਲ ਕਰ ਚੁੱਕੀ ਹੈ।
ਇਸ ਮੁਕਾਮ ਤੱਕ ਦੀਆਂ ਪ੍ਰ੍ਰਾਪਤੀਆਂ ਪਿੱਛੇ ਆਪਣੇ ਜੀਵਨ-ਸਾਥੀ ਸ੍ਰ: ਦਵਿੰਦਰ ਸਿੰਘ ਗਿੱਲ ਦਾ ਸਹਿਯੋਗ ਮੰਨਣ ਵਾਲੀ, ਸਤਿਗੁਰੂ ਰਾਮ ਸਿੰਘ ਐਵੀਨਿਊ, ਮੋਹਣੀ ਪਾਰਕ, ਅੰਮ੍ਰਿਤਸਰ ਵਿਖੇ ਡੇਰੇ ਲਾਈ ਬੈਠੀ, ਮਿਆਰੀ ਕਲਮ, ਯਾਦੂਭਰੀ ਅਵਾਜ਼, ਵਿਦਵਤਾ ਅਤੇ ਖੂਬਸੂਰਤੀ ਦਾ ਸੁਮੇਲ ਇਹ ਮੁਟਿਆਰ ਬਲਜੀਤ ਕੌਰ ਤਲਵੰਡੀ ਨਾਮਨਾ ਖੱਟਦੀ ਸਾਹਿਤ ਦੇ ਅੰਬਰਾਂ ਨੂੰ ਟਾਕੀਆਂ ਲਾ ਜਾਵੇ, ਦਿਲੀ ਚਾਹਿਤ ਹੈ, ਮੇਰੀ।
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਬਲਜੀਤ ਕੌਰ ਤਲਵੰਡੀ, +91-92177-68857,

Tags