-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641) ਸੰਪਰਕ: ਨਿੰਦਰ ਮੁਹਾਲੀ, 9041753840, 7986102826"/>
chandighar

ਸਾਫ਼-ਸੁਥਰੀ ਕਲਮ ਤੇ ਦਮਦਾਰ ਸੁਰੀਲੀ ਅਵਾਜ਼ : ਨਿੰਦਰ ਮੁਹਾਲੀ

ਜਿਲ੍ਹਾ ਮੋਹਾਲੀ ਦੇ ਪਿੰਡ ਮਾਣਕ ਮਾਜਰਾ ਵਿਖੇ ਪਿਤਾ ਅਜਮੇਰ ਸਿੰਘ ਅਤੇ ਮਾਤਾ ਸਵ: ਗੁਰਮੀਤ ਕੌਰ ਦੇ ਵਿਹੜੇ ਨੂੰ ਜਗਮਗਾਉਣ ਵਾਲੇ ਨਰਿੰਦਰ ਸਿੰਘ ਨੂੰ ਲਿਖਣ ਤੇ ਗਾਉਣ ਦਾ ਸ਼ੌਕ ਬਚਪਨ ਵਿਚ ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਜਾਗ ਪਿਆ ਸੀ। ਗੀਤਕਾਰੀ ਦੀਆਂ ਬਾਰੀਕੀਆਂ ਉਸ ਨੇ ਫ਼ਕੀਰ ਮੌਲੀ ਵਾਲਾ ਤੇ ਸੇਵਾ ਸਿੰਘ ਨੌਰਥ ਤੋਂ ਸਿੱਖੀਆਂ, ਜਦਕਿ ਗਾਇਕੀ ਦੀਆਂ ਬਰੀਕੀਆਂ ਉਸਨੇ ਗਗਨਦੀਪ ਸਿੰਘ, ਮਦਨ ਸ਼ੌਕੀ ਅਤੇ ਸੁਰਿੰਦਰ ਬਚਨ ਤੋਂ ਸਿੱਖੀਆਂ। ਜਿਉਂ ਹੀ ਉਹ ਗੀਤਕਾਰੀ ਤੇ ਗਾਇਕੀ ਵਿਚ ਉਡਾਰੂ ਹੋਇਆ ਤਾਂ ਨਰਿੰਦਰ ਸਿੰਘ ਤੋਂ ‘‘ਨਿੰਦਰ ਮੁਹਾਲੀ’’ ਬਣ ਕੇ ਉਡਾਣਾਂ ਭਰਨ ਲੱਗਾ। ਨਿੰਦਰ ਦੀ ਸੱਭ ਤੋਂ ਪਹਿਲੀ ਰਿਕਾਡਿੰਗ-ਹਾਜ਼ਰੀ ਐਫ. ਐਮ. ਚੈਨਲ ਰੇਡੀਓ ਸਟੇਸ਼ਨ ਪਟਿਆਲਾ ਵਿਖੇ ਗੀਤ, ‘‘ਚਿੱਠੀ’’, ਮਾਹੀਆ ਅਤੇ ਲੋਕ-ਤੱਥ ਤੋਂ ਹੋਈ। ਉਸ ਤੋਂ ਬਾਅਦ ਉਸ ਦੀ ਰਿਕਾਰਡਿੰਗ ਦੀ ਚੱਲ-ਸੋ-ਚੱਲ ਹੀ ਰਹੀ। ਉਸ ਨੇ ਜਾਨਦਾਰ ਤੇ ਸ਼ਾਨਦਾਰ ਤਿੰਨ ਦਰਜਨ ਦੇ ਕਰੀਬ ਗੀਤ ਰਿਕਾਰਡ ਕਰਵਾ ਕੇ ਸੱਭਿਆਚਾਰ ਦੀ ਝੋਲ਼ੀ ਪਾਏ। ਇਨ੍ਹਾਂ ਵਿਚ ਜਿੱਥੇ ਉਸ ਨੇ ਆਪਣੀ ਕਲਮ ਤੋਂ ਲਿਖੇ ਗੀਤ ਰਿਕਾਰਡ ਕਰਵਾਏ, ਉਥੇ ਉਹ ਗੁਰਸੇਵਕ ਪੱਡਾ, ਲਵਲੀ ਚੱਠਾ, ਜੇ. ਪੀ. ਬਾਠ, ਗੁਰੀ ਭੁਪਾਲ, ਗੁਰਮੇਲ ਬੈਰੋਪੁਰੀ, ਪਰਮਜੀਤ ਪੰਮੀ, ਕੁਲਦੀਪ ਡੋਡ ਬਰਾੜ, ਜਗਦੀਪ ਘੋਲ਼ੀਆ ਅਤੇ ਰਣਜੀਤ ਮੁੰਬਈ ਆਦਿ ਗੀਤਕਾਰਾਂ ਦੇ ਗੀਤ ਵੀ ਹੁਣ ਤੱਕ ਗਾ ਚੱੁਕਿਆ ਹੈ। ਇਹ ਸਾਰੇ ਗੀਤ, ‘‘ਗੁਰਮੰਤ ਫਿਲਮ ਪ੍ਰੋਡਕਸ਼ਨ ਅਤੇ ਵੈਨ ਵੀ ਟੂ ਵੀ. ਰਾਹੀਂ ਰਲੀਜ਼ ਹੋਏ ਅਤੇ ਇਨ੍ਹਾਂ ਵਿਚ ਮਿਊਜ਼ਕ ਮਨੀ ਬਚਨ ਵੀਕਾ ਸਟੂਡਿਓ ਅਤੇ ਸ਼ੈਵੀ ਸਿੰਘ ਦਾ ਰਿਹਾ। ਉਸ ਦੇ ਇਨ੍ਹਾਂ ਗੀਤਾਂ ਦਾ ਯੂ-ਟਿਊਬ ਉਤੇ, ‘‘ਨਿੰਦਰ ਮੁਹਾਲੀ’’ ਸਰਚ ਕਰ ਕੇ ਗੀਤ-ਸੰਗੀਤ ਦੇ ਪ੍ਰੇਮੀ ਅਨੰਦ ਮਾਣ ਰਹੇ ਹਨ। ਨਿੰਦਰ ਦੱਸਦਾ ਹੈ ਕਿ ਭਾਂਵੇ ਕਿ ਉਸ ਦੇ ਇਹ ਸਭੇ ਗੀਤ ਆਪੋ-ਆਪਣੀ ਜਗਾ੍ਹ ਖ਼ੂਬ ਰਹੇ ਹਨ, ਪਰ ਇਨ੍ਹਾਂ ਵਿਚੋ ‘‘ਕੰਗਣੇ’’, ‘‘ਜ਼ਿਗਰੇ ਫੌਲਾਦ’’, ‘‘ਦਲੇਰੀਆਂ’’, ‘‘ਤੇਰੀਆਂ ਮੁਲਾਜ਼ੇਦਾਰੀਆਂ’’, ‘‘ਗੱਭਰੂ ਮੋਹਾਲੀ ਸ਼ਹਿਰ ਦੇ’’, ‘‘ਜੱਟ ਦਾ ਸਟੈਂਡ’’ ਅਤੇ ‘‘ਸੈਲਫੀ ਕੁਈਨ’’ ਆਦਿ ਗੀਤ ਉਸ ਦੀ ਗਾਇਕੀ ਨੂੰ ਚਮਕਾਉਣ ਅਤੇ ਉਸ ਦੀ ਪਛਾਣ ਬਣਾਉਣ ਵਿਚ ਖੂਬ ਸਹਾਈ ਹੋਏ।
ਗਾਇਕ ਦੇ ਤੌਰ ਤੇ ਨਿੰਦਰ ਆਪਣੀ ਗਾਇਕੀ ਦੀਆਂ ਖੁਸ਼ਬੂਆਂ ਵਿਸ਼ਾਲ ਸੱਭਿਆਚਾਰ ਮੇਲਿਆਂ, ਦਰਗਾਹਾਂ, ਸੱਥਾਂ, ਕਲੱਬਾਂ ਅਤੇ ਸਾਹਿਤਕ ਸੰਸਥਾਵਾਂ ਦੀਆਂ ਸੈਂਕੜੇ ਸਟੇਜਾਂ ਉਤੇ ਵਿਖੇਰਦਿਆਂ ਖ਼ੂਬ ਮਾਨ-ਸਨਮਾਨ ਤੇ ਨਾਮਨਾ ਖੱਟ ਚੁੱਕਿਆ ਹੈ। ਜਲੰਧਰ ਦੂਰਦਰਸ਼ਨ ਤੋਂ ਵੀ ਉਹ, ‘‘ਸੰਦਲੀ ਪੈੜਾਂ’’ ਪ੍ਰੋਗਰਾਮ ਵਿਚ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ। ਹਮੇਸ਼ਾ ਹੀ ਲੱਚਰਤਾ ਤੋਂ ਪਰੇ ਹਟ ਕੇ ਲਿਖਣਾ ਅਤੇ ਗਾਉਣਾ ਉਸ ਦੀ ਕਲਮ ਅਤੇ ਅਵਾਜ਼ ਦਾ ਇਕ ਬੁਲੰਦ ਹਾਸਲ ਹੈ। ਇਸੇ ਕਰ ਕੇ ਹੀ ਪਰਿਵਾਰਕ ਮਹਿਫ਼ਲਾਂ ਵਿਚ ਉਸ ਨੂੰ ਸੁਣਨਾ ਸਰੋਤੇ ਫ਼ਖ਼ਰ ਮਹਿਸੂਸ ਕਰਦੇ ਹਨ। . . .ਪੇਸ਼ੇ ਵਜੋਂ ਨਿੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਕੰਮ ਕਰਦਾ ਹੈ। ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਪੰਜਾਬੀ ਮਾਂ-ਬੋਲੀ ਲਈ ਉਸ ਅੰਦਰ ਪੁੰਗਰੇ ਹੋਏ ਸ਼ਾਨਦਾਰ ਬੀਜ ਹਨ, ਜਿਨ੍ਹਾਂ ਨੂੰ ਉਹ ਸ਼ੌਂਕ ਵਜੋਂ ਪਾਲਦਿਆਂ ਜਿੱਥੇ ਆਪਣੇ ਮਨ ਨੂੰ ਸਕੂਨ ਦੇ ਰਿਹਾ ਹੈ, ਉਥੇ ਗੀਤ-ਸੰਗੀਤ ਦੇ ਪ੍ਰੇਮੀਆਂ ਨੂੰ ਵੀ ਭਰਵੀਂ ਖ਼ੁਰਾਕ ਦੇਣ ਦੇ ਉਪਰਾਲੇ ਕਰ ਰਿਹਾ ਹੈ।
ਪ੍ਰਕਾਸ਼ਨਾ ਖੇਤਰ ਵਿਚ ਨਿੰਦਰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬੀ (ਰਜਿ:) ਦੀ 906 ਕਲਾ-ਪ੍ਰੇਮੀਆਂ ਦੀ ਡਾਇਰੈਕਟਰੀ, ‘‘ਵਿਰਸੇ ਦੇ ਪੁਜਾਰੀ’’ ਅਤੇ 267 ਕਲਮਾਂ ਦੇ ਸਾਂਝੇ ਕਾਵਿ-ਸੰਗ੍ਰਹਿ, ‘‘ਰੰਗ-ਬਰੰਗੀਆਂ ਕਲਮਾਂ’’ ਵਿਚ ਸ਼ਰੀਕ ਹੋਣ ਉਪਰੰਤ ਹੁਣ ਜਲਦੀ ਹੀ ਨਿਰੋਲ ਆਪਣਾ ਗੀਤ-ਸੰਗ੍ਰਹਿ ਵੀ ਲੈਕੇ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋ ਰਿਹਾ ਹੈ। ਸਾਹਿਤ ਤੇ ਸੱਭਿਆਚਾਰ ਦਾ ਮੁਹਾਂਦਰਾ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਨੌਜਵਾਨ ਨਿੰਦਰ ਮੁਹਾਲੀ ਨੂੰ ਜ਼ੋਸ਼-ਖ਼ਰੋਸ਼ ਨਾਲ ਬੁਲੰਦੀਆਂ ਵੱਲ ਨੂੰ ਨਿਰਵਿਘਨ ਪੁਲਾਂਘਾ ਪੁੱਟਦੇ ਰਹਿਣ ਦਾ ਓਹ ਪ੍ਰਵਰਦਗਾਰ ਹੋਰ ਵੀ ਬਲ, ਦਲੇਰੀ, ਹਿੰਮਤ ਅਤੇ ਉਤਸ਼ਾਹ ਦੇਵੇ, ਦਿਲੀ ਇੱਛਾ ਹੈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਸ ਸੱਚੇ-ਸੁੱਚੇ ਸਪੂਤ ਲਈ ਮੇਰੀ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਨਿੰਦਰ ਮੁਹਾਲੀ, 9041753840, 7986102826

Tags