-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641 ਸੰਪਰਕ : ਜਸਵਿੰਦਰ ਬਲਾਚੌਰੀਆ, 8847326076, 9855593979"/>
chandighar

ਬਹੁ-ਕਲਾਵਾਂ ਦਾ ਸ਼ਾਨਦਾਰ ਸੁਮੇਲ : ਨੌਜਵਾਨ ਜਸਵਿੰਦਰ ਬਲਾਚੌਰੀਆ

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਸ਼ਹਿਰ ਦਾ ਜੰਮਪਲ ਨੌਜਵਾਨ ਜਸਵਿੰਦਰ ਬਲਾਚੌਰੀਆ Îਇੱਕੋ ਸਮੇਂ ਗੁੰਦਵੀਂ ਸ਼ਬਦਾਵਲੀ ਵਾਲਾ ਵਧੀਆ ਗੀਤਕਾਰ, ਸਰੋਤਿਆਂ-ਦਰਸ਼ਕਾਂ ਨੂੰ ਆਪਣੇ ਵੰਨ-ਸਵੰਨੇ ਚੁਟਕਲਿਆਂ ਅਤੇ ਸ਼ਾਇਰੋ-ਸ਼ਾਇਰੀ ਨਾਲ ਕੀਲਕੇ ਬਿਠਾ ਲੈÎਣ ਵਾਲਾ ਸਟੇਜ-ਸੰਚਾਲਕ, ਮਿੱਠੀ- ਸੁਰੀਲੀ ਅਤੇ ਦਮਦਾਰ ਅਵਾਜ਼ ਦਾ ਮਾਲਕ ਲੋਕ-ਗਾਇਕ ਅਤੇ ਮਨਮੋਹਕ ਧੁਨਾਂ ਨਾਲ ਨਚਾ ਦੇਣ ਵਾਲਾ ਅੱਵਲ ਦਰਜ਼ੇ ਦਾ ਪੈਡ-ਪਲੇਅਰ ਹੈ। ਮੁਲਾਕਾਤ ਦੌਰਾਨ ਜਸਵਿੰਦਰ ਨੇ ਦੱਸਿਆ ਕਿ ਉਸ ਨੂੰ ਲਿਖਣ ਅਤੇ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਜਾਗ ਪਿਆ ਸੀ। ਉਸਨੂੰ ਆਪਣੇ ਲਿਖੇ ਸ਼ੇਅਰ ਬੋਲਣ ਦਾ ਬਹੁਤ ਸ਼ੌਂਕ ਸੀ। ਉਹ ਸਟੇਜ ’ਤੇ ਸ਼ੇਅਰ ਬੋਲਦਾ ਤਾਂ ਲੋਕ ਅਸ਼-ਅਸ਼ ਕਰ ਉੱਠਦੇ। ਬਸ ਇਸੇ ਤਰ੍ਹਾਂ ਤਾਲੀਆਂ ਦੀਆਂ ਪੈਂਦੀਆਂ ਗੂੰਜ਼ਾਂ ਸਦਕਾ ਉਹ ਪ੍ਰੋਫੈਸ਼ਨਲ ਐਂਕਰ ਵੀ ਬਣ ਗਿਆ।
ਜਸਵਿੰਦਰ ਨੇ ਲੋਕ-ਗਾਇਕੀ ਵਿਚ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਰਮੇਸ਼ ਰੰਗੀਲਾ ਜੀ ਤੋਂ ਅਤੇ ਪੈਡ ਪਲੇਅ ਕਰਨ ਦੀਆਂ ਬਾਰੀਕੀਆਂ ਸੁੱਖਾ ਭਾਨ ਮਜਾਰੇ ਵਾਲਾ ਤੋਂ ਸਿੱਖੀਆਂ : ਜਦਕਿ ਉਸਤਾਦ ਲੋਕਾਂ ਦੀ ਸੰਗਤ ਕਰਦਿਆਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ-ਪੜ੍ਹ ਕੇ ਉਸ ਦੀ ਕਲਮ ਵਿੱਚ ਨਿਖਾਰ ਆਉਂਦਾ ਗਿਆ। ਉਸ ਦੇ ਲਿਖੇ ਗੀਤਾਂ ਵਿਚੋਂ ਹੁਣ ਤੱਕ, ‘‘ਜਾਗੇ ਵਿਚ ਮਾਂ ਤੈਨੂੰ ਆਣਾ ਪੈਣਾ ਆਂ’’, (ਘੋਲਾ ਕਿਸ਼ਨਪੁਰੀਆ), ‘‘ਪੁੱਤ ਹਾਂ ਪੰਜਾਬੀ, ਨਾ ਕਿਸੇ ਤੋਂ ਡਰੀਏ’’(ਗੋਪੀ ਜੈਕਸ), ‘‘ਤੇਰੇ ਨਾਂ ਤੇ ਨਿੱਤ ਜੋ ਬੁਲਾਂਉਂਦੇ ਬੱਕਰੇ’’ (ਗੋਪੀ ਜੈਕਸ) ਅਤੇ ‘‘ਗੁਰੂ ਰਵੀਦਾਸ ਦੀ ਉਲਾਦ’’ (ਜਸਵਿੰਦਰ ਬਲਾਚੌਰੀਆ), ਆਦਿ ਵੱਖ-ਵੱਖ ਅਵਾਜ਼ਾਂ ਵਿਚ ਉਸ ਦੇ ਲਿਖੇ ਸੱਤ ਗਾਣੇ ਰਿਕਾਰਡ ਹੋ ਚੁੱਕੇ ਹਨ। ਅਗਲੇ ਪ੍ਰੋਜੈਕਟ ਵਿਚ ਉਸ ਦਾ ਡਿਯੂਟ-ਗੀਤ ਜਲਦੀ ਹੀ ਮਾਰਕੀਟ ਵਿਚ ਆ ਰਿਹਾ ਹੈ।
ਉਸਦੀ ਕਲਮ ਦਾ ਰੰਗ ਦੇਖੋ :
‘‘ਉਦੋਂ ਸਮੇਂ ਚੰਗੇ ਸੀ,
ਜਦੋਂ ਸਿਰ ਸੀ ਸਭਦੇ ਢਕਿਉ,
ਪੈਰ ਭਾਵੇਂ ਨੰਗੇ ਸੀ,
ਉਦੋਂ ਸਮੇਂ ਚੰਗੇ ਸੀ।
ਵਿਹੜਾ ਜਦੋਂ ਖੁੱਲ੍ਹਾ ਸੀ,
ਸਾਂਝਾ ਸਭ ਲਈ ਚੁੱਲ੍ਹਾ ਸੀ।
ਕੱਪੜੇ ਭਾਵੇਂ ਮੈਲੇ ਸੀ,
ਦਿਲ ਦੇ ਸਾਫ ਸਭ ਬੰਦੇ ਸੀ,
ਉਦੋਂ ਸਮੇਂ ਚੰਗੇ ਸੀ।’’
ਜਸਵਿੰਦਰ ਦੇ ਪਿਤਾ ਦੀ ਮੌਤ ਕਾਫੀ ਚਿਰ ਪਹਿਲਾਂ ਹੋ ਚੁੱਕੀ ਹੋਣ ਕਰਕੇ ਹੁਣ ਉਸ ਦੇ ਪਰਿਵਾਰ ਵਿਚ ਮਾਤਾ ਜੀਤੋ, ਉਸ ਦੀ ਧਰਮ-ਪਤਨੀ ਅਤੇ ਇੱਕ ਉਸ ਦੀ ਪਿਆਰੀ ਧੀ ਹਰਲੀਨ ਹੈ, ਜਿਹੜੇ ਕਿ ਉਸ ਦੀਆਂ ਗੀਤ-ਸੰਗੀਤ ਗਤੀ-ਵਿਧੀਆਂ ਵਿਚ ਉਸ ਨੂੰ ਸਹਿਯੋਗ ਕਰਦੇ ਹਨ। ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਜਿੱਥੇ ਉਹ ਆਪਣੇ ਇਸ ਪਰਿਵਾਰ ਅਤੇ ਦੋਵਾਂ ਉਸਤਾਦਾਂ ਨੂੰ ਦਿੰਦਾ ਹੈ, ਉਥੇ ਸੋਹਣ ਆਦੋਆਣਾ ਅਤੇ ਮਲਕੀਤ ਕੌਰ ਜੰਡੀ ਵੱਲੋਂ ਮਿਲੇ ਸਹਿਯੋਗ ਨੂੰ ਵੀ ਉਹ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ। ਗੀਤਕਾਰ, ਐਂਕਰ, ਲੋਕ-ਗਾਇਕ ਅਤੇ ਪੈਡ-ਪਲੇਅਰ ਰੂਪੀ ਇਸ ਚੌਮੁੱਖੀਏ ਦੀਵੇ ਨੂੰ ਕਲਾਵਾਂ ਦੀਆਂ ਮਨਮੋਹਕ ਰੁਸ਼ਨਾਈਆਂ ਵੰਡਣ ਲਈ ਪ੍ਰਮਾਤਮਾ ਉਸਦੀ ਨੇੜੇ ਹੋ ਕੇ ਸੁਣੇ ਅਤੇ ਜਗਮਗਾਉਣ ਦਾ ਹੋਰ ਵੀ ਬਲ ਬਖਸ਼ੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਜਸਵਿੰਦਰ ਬਲਾਚੌਰੀਆ, 8847326076, 9855593979

Tags