-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641"/>
chandighar

ਬੁਲੰਦ ਹੌਸਲੇ ਤੇ ਸੱਚੀ-ਸੁੱਚੀ ਸੁਰ- ਸਾਧਨਾਂ ਵਾਲੀ ਜੋੜੀ, ‘‘ਖਾਨ ਬ੍ਰਦਰਜ਼’’ (ਸਾਲਮ ਖਾਨ ਤੇ ਮਾਸਟਰ ਖਾਨ)

ਅਜੋਕੇ ਸਮੇਂ ਦੀ ਸੰਗੀਤਕ ਇੰਡਸਟਰੀ ਵੱਲ ਝਾਤ ਮਾਰੀਏ ਤਾਂ ਇਸ ਵਿਚ ਆਪਣਾ ਨਾਮ ਬਣਾਉਣਾ ਤੇ ਇਕ ਨਿਵੇਕਲੀ ਸ਼ਵੀ ਲੈ ਉੱਭਰ ਕੇ ਸਾਹਮਣੇ ਆਉਣਾ ਐਰੇ-ਗੈਰੇ ਨੱਥੂ ਖੈਰੇ ਦੇ ਵਸ ਦੀ ਗੱਲ ਨਹੀ। ਚੱਲ ਰਹੇ ਦੌਰ ਵਿਚ ਅਟੁੱਟ ਆਤਮ ਵਿਸ਼ਵਾਸ਼, ਬੁਲੰਦ ਹੌਸਲੇ ਤੇ ਸੱਚੀ-ਸੁੱਚੀ ਸੁਰ-ਸਾਧਨਾਂ ਦੀ ਸਖਤ ਜ਼ਰੂਰਤ ਹੈ। ਜਿਹੜੇ ਇਨ੍ਹਾਂ ਅਸੂਲਾਂ ਉਤੇ ਚੱਲਦਿਆਂ ਆਪਣੀ ਲਾ-ਜੁਵਾਬ ਕਲਾ ਨਾਲ ਨਿੱਤ ਨਵੀਆਂ ਸੰਦਲੀ ਪੈੜਾਂ ਪਾ ਕੇ ਮੰਜ਼ਲਾਂ ਸਰ ਕਰ ਰਹੇ ਹਨ, ਉਨ੍ਹਾਂ ਵਿਚੋਂ ਇਕ ਹਨ, ਖਾਨ ਭਰਾਵਾਂ ਦੀ ਜੋੜੀ। ਇਹ ਕਹਿੰਦਿਆਂ ਫ਼ਖ਼ਰ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਸੰਗੀਤਕ ਇੰਡਸਟਰੀ ਵਿਚ ਮਾਂ-ਬੋਲੀ ਪੰਜਾਬੀ ਨੂੰ ਆਪਣੀ ਗਾਇਕੀ ਨਾਲ ਹੋਰ ਵੀ ਮਜ਼ਬੂਤ ਕਰਨ ਦੀ ਕੋਸ਼ਿਸ਼, ‘‘ਖਾਨ ਬ੍ਰਦਰਜ਼’’ ਨੂੰ ਅਜੋਕੇ ਗਾਇਕਾਂ ਦੀ ਕਤਾਰ ’ਚੋਂ ਵੱਖ ਕਰਦੀ ਹੈ। ਉਹਨਾਂ ਵੱਲੋਂ ਸਾਫ਼-ਸੁਥਰੀ ਤੇ ਸੱਭਿਅਕ ਗਾਇਕੀ ਉਹਨਾਂ ਦੀ ਵਿਲੱਖਣਤਾ ਦੀ ਤਸਦੀਕ ਕਰਦੀ ਹੈ। ਉਹਨਾਂ ਦੇ ਸਾਰੇ ਗੀਤ ਵਿਖਾਵੇ ਤੇ ਲੱਚਰਪੁਣੇ ਤੋਂ ਕੋਹਾਂ ਦੂਰ ਹਨ ਤੇ ਆਉਂਣ ਵਾਲੇ ਸਮੇਂ ਵਿੱਚ ਵੀ ਉਹਨਾਂ ਵੱਲੋਂ ਦਰਸ਼ਕਾਂ ਲਈ ਏਦਾਂ ਦੇ ਗੀਤ ਹੀ ਪਰੋਸੇ ਜਾਣ ਲਈ ਇਹ ਜੋੜੀ ਬਚਨ-ਬੱਧ ਹੈ।
ਇਸ ਜੋੜੀ ਵਿਚੋਂ ਸਾਲਮ ਖਾਨ ਦਾ ਅਸਲ ਨਾਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਤੇ ਮਾਸਟਰ ਖਾਨ ਦਾ ਨਾਮ ਪਰਮਿੰਦਰ ਸਿੰਘ ਉਰਫ਼ ਸੋਨੀ ਹੈ। ਦੋਵੇਂ ਭਰਾ ਜਿਲ੍ਹਾ ਫਿਰੋਜਪੁਰ ਦੇ ਪਿੰਡ ਰੱਤਾਖੇੜਾ (ਪੰਜਾਬ ਸਿੰਘ ਵਾਲਾ) ਦੇ ਜੰਮਪਲ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਰਵਿੰਦਰ ਸਿੰਘ ਦੀਵਾਨਾ (ਜੋ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਤੇ ਐਕਟਰ ਰਹਿ ਚੁੱਕੇ ਹਨ) ਤੇ ਮਾਤਾ ਜੀ ਦਾ ਨਾਮ ਸ਼ੀਲਾ ਰਾਣੀ ਹੈ । ਹੁਣ ਤੱਕ ‘‘ਖਾਨ ਭਰਾ’’ ਬਹੁਤ ਸਾਰੇ ਗੀਤ ਸੱਭਿਆਚਾਰ ਦੀ ਝੋਲੀ ਪਾ ਚੁੱਕੇ ਹਨ ਜਿਨ੍ਹਾਂ ਵਿਚੋਂ, ‘‘ਪਿੱਠ ਕਦੇ ਨਾ ਲੱਗਦੀ’’, ‘‘ਤੇਰੀ ਝਾਂਜਰ’’, ਤੇ ਦੋ ਹਫ਼ਤੇ ਪਹਿਲਾਂ ਯੂ-ਟਿਊਬ ਤੇ ਰਿਲੀਜ਼ ਹੋਇਆ ਗੀਤ,‘‘ਟਿੱਕ-ਟੌਕ ਬੈਨ ਹੋ ਗਿਆ’’ ਅਜਿਹੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ। ਆਪਣੇ ਹੋਰ ਆਉਣ ਵਾਲੇ ਗੀਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਉੁਹਨਾਂ ਦੱਸਿਆ ਕਿ ਵੈਸੇ ਤਾਂ ਉਹਨਾਂ ਵੱਲੋਂ ਇਕੋ ਹੀ ਸਮੇਂ ਬਹੁਤ ਸਾਰੇ ਗੀਤਾਂ ਦੀ ਤਿਆਰੀ ਚੱਲ ਰਹੀ ਹੈ, ਪਰ ਸ਼ਾਇਰ ਭੱਟੀ ਦੀ ਕਲਮ ਦੁਆਰਾ ਕਲਮਬੱਧ ਕੀਤੇ ਗੀਤ,‘‘ਗੱਲ ਸੁਪਨੇ ਵਾਲੀ’’ ਦੀ ਲੱਗਭਗ ਤਿਆਰੀ ਮੁਕੰਮਲ ਹੋ ਚੁੱਕੀ ਹੈ। ਜਲਦੀ ਹੀ ਇਸ ਖੂਬਸੂਰਤ ਗੀਤ ਨੂੰ ਵੀ ਜਗਰਾਜ ਖਾਨ, ਕੇਵਲ ਕ੍ਰਿਸ਼ਨ ਸਿੰਗਲਾ, ਕੀਰਤ ਪੰਨੂੰ, ਜਗਦੀਪ ਹਸਰਤ, ਕੁਲਦੀਪ ਦੁੱਗਲ, ਤੇ ਮਖਨਪ੍ਰੀਤ ਦੇ ਵਿਸ਼ੇਸ਼ ਸਹਿਯੋਗ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਐਸ. ਸੀ., ਬੀ. ਸੀ. ਫਰੰਟ ਪੰਜਾਬ ਦੇ ਪ੍ਰਧਾਨ ਮਨੋਹਰ ਧਾਰੀਵਾਲ ਦੇ ਵਿਸ਼ੇਸ਼ ਸਹਿਯੋਗ ਲਈ ਵੀ ਉਹ ਬੇਹੱਦ ਧੰਨਵਾਦੀ ਹਨ।
ਇਕ ਸਵਾਲ ਦੇ ਜੁਵਾਬ ਵਿਚ, ‘‘ਖਾਨ ਭਰਾਵਾਂ’’ ਨੇ ਦੱਸਿਆ ਕਿ ਪ੍ਰਸਿੱਧ ਪ੍ਰਮੋਟਰ, ਪ੍ਰੋਡਿਊਸਰ ਕੁਲਵਿੰਦਰ ਸਿੰਘ ਉੱਪਲ ਦੀ ਸਰਪ੍ਰਸਤੀ ਹੇਠ, ਖਾਨ ਭਰਾਵਾਂ ਦੀ ‘‘ਫੋਕ ਟਾਈਮ ਆਡੀਉ- ਵੀਡੀਓ ਕੰਪਨੀ’’ ਦੁਆਰਾ ਪ੍ਰੋਡਿਊਸ ਕਰਕੇ ਇਸ ਗੀਤ ਨੂੰ ਵੀ ਪਹਿਲੇ ਗੀਤਾਂ ਵਾਂਗ ਜਲਦੀ ਹੀ ਜਨਤਕ ਕੀਤਾ ਜਾਏਗਾ। ਉਹਨਾਂ ਨੂੰ ਪਹਿਲੇ ਪੇਸ਼ ਕੀਤੇ ਗੀਤਾਂ ਵਾਂਗ ਇਸ ਗੀਤ ਤੋਂ ਵੀ ਪੂਰਨ ਉਮੀਦ ਹੈ ਕਿ ਇਹ ਗੀਤ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗਾ ਤੇ ਇਸ ਗੀਤ ਨੂੰ ਵੀ ਦਰਸ਼ਕ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ। ‘‘ਖਾਨ ਭਰਾਵਾਂ’’ ਵੱਲੋਂ ਇਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਸਮਰਪਿਤ ਅਵਤਾਰ ਸਿੰਘ ਸੋਹੀਆ ਦਾ ਲਿਖਿਆ ਗੀਤ ਵੀ, ਜੋ ਸੇਵਾ ਸਿੰਘ ਨੌਰਥ ਦੀ ਪੇਸ਼ਕਸ਼ ਹੈ, ਜਲਦੀ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ। ‘‘ਖਾਨ ਭਰਾਵਾਂ’’ ਨੂੰ ਆਉਣ ਵਾਲੇ ਸਾਰੇ ਗੀਤਾਂ ਲਈ ਢੇਰ ਮੁਬਾਰਕਾਂ ਤੇ ਦਿਲੀ ਸ਼ੁਭ ਕਾਮਨਾਵਾਂ।
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641

Tags