-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ) 9876428641"/>
chandighar

ਨਿਰਮਲ ਤੇ ਉਚੀ-ਸੁੱਚੀ ਸੋਚ ਦੀ ਮਾਲਕਣ : ਮੁਟਿਆਰ ਮਨਦੀਪ ਕੌਰ ਫੱਗੂ

ਕੁਝ ਲੋਕ ਬਚਪਨ ਤੋਂ ਹੀ ਬਹੁਤ ਜਗਿਆਸੂ ਕਿਸਮ ਦੇ ਹੁੰਦੇ ਹਨ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਨ ਅਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਹਊ ਪਰੇ ਕਹਿ ਕੇ ਅਣਗੌਲਿਆ ਨਹੀ ਕਰਦੇ, ਬਲਕਿ ਉਨ੍ਹਾਂ ਦੇ ਵਲੂੰਧਰੇ ਹਿਰਦੇ ਸੋਚਦੇ, ਖ਼ੋਜ਼ ਕਰਦੇ ਉਸ ਘਟਨਾ ਦੀ ਤਹਿ ਦੇ ਅੰਦਰ ਤੱਕ ਗਏ ਬਗੈਰ ਨਹੀ ਰਹਿੰਦੇ। ਇਸ ਸ਼ਾਨਾ-ਮੱਤੀ ਕਤਾਰ ਵਿਚ ਆਂਉਦਾ ਹਸੂ-ਹਸੂ ਕਰਦੇ ਚਿਹਰੇ ਵਾਲਾ, ਪਰ ਸਮਾਜ ਪ੍ਰਤੀ ਪੂਰਨ ਗੰਭੀਰਤਾ ਰੱਖਣ ਵਾਲਾ ਨਾਂਓ ਹੈ- ਮਨਦੀਪ ਕੌਰ ਫੱਗੂ। ਉਹ ਮਨਦੀਪ, ਜਿਸ ਦਾ ਕਹਿਣ ਹੈ, ‘‘ਮੈਨੂੰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਤੇ ਬਹੁਤ ਦੁੱਖ ਹੁੰਦਾ।ਮੈਂ ਕਈ-ਕਈ ਦਿਨ ਓਹਨਾ ਘਟਨਾਵਾਂ ਵਾਰੇ ਸੋਚਦੇ ਰਹਿਣਾ ਤੇ ਓਹਨਾ ਪਿਛੇ ਛੁਪੇ ਕਾਰਨ ਜਾਨਣ ਦੀ ਕੋਸ਼ਿਸ਼ ਕਰਨਾ। ਬਹੁਤ ਜਿਆਦਾ ਭਾਵੁਕ ਤੇ ਜਜ਼ਬਾਤੀ ਹੋਣ ਕਰਕੇ ਮੈਨੂੰ ਲਿਖਣ ਦੀ ਪ੍ਰੇਰਨਾ ਮਿਲੀ ਕਿਉਂਕਿ ਕੁਝ ਗੱਲਾਂ ਆਪਾਂ ਲੋਕਾਂ ਨੂੰ ਬੋਲਕੇ ਨਹੀਂ ਕਹਿ ਸਕਦੇ, ਕਲਮ ਦੇ ਜ਼ਰੀਏ ਬੜੇ ਸਹਿਜੇ ਢੰਗ ਨਾਲ ਦੂਰ-ਦੁਰਾਡੇ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ।’’
ਜਿਲ੍ਹਾ ਫਤਿਹਾਬਾਦ ਹਰਿਆਣਾ ਦੇ ਇਕ ਨਿੱਕੇ ਜਿਹੇ ਪਿੰਡ ਚੰਨ ਕੋਠੀ ’ਚ ਪਿਤਾ ਸ. ਲਾਭ ਸਿੰਘ ਤੇ ਮਾਤਾ ਸ੍ਰੀਮਤੀ ਬਲਵੰਤ ਕੌਰ ਜੀ ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੀ, ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ, ਹੁਣ ਜਸਵੀਰ ਸਿੰਘ ਨਿਵਾਸੀ ਪਿੰਡ ਫੱਗੂ (ਸਿਰਸਾ) ਦੀ ਜੀਵਨ-ਸਾਥਣ ਮਨਦੀਪ ਨੇ ਦੱਸਿਆ ਕਿ ਵਿੱਦਿਅਕ ਪੱਖੋਂ ਉਹ ਐਮ. ਏ (ਪੁਲਿਟੀਕਲ) ਤੇ ਬੀ-ਐਡ ਪਾਸ ਹੈ। ਉਸ ਦੇ ਅਧਿਆਪਕ ਯੋਗਤਾ ਵਾਲੇ ਸਾਰੇ ਟੈਸਟ ਪਾਸ ਹਨ। ਉਸ ਦੀ ਸਾਰੀ ਪੜ੍ਹਾਈ ਬੇਸ਼ੱਕ ਹਿੰਦੀ ਮਾਧਿਅਮ ਤੋਂ ਹੋਈ ਹੈ, ਪਰ ਉਹ ਪੰਜਾਬੀ ਭਾਸ਼ਾ ਵਿਚ ਵੀ ਬਰਾਬਰ ਦੀ ਹੀ ਲਿਖਣ ਦੀ ਮੁਹਾਰਤ ਰੱਖਦੀ ਹੈ। ਉਸਦਾ ਸੁਪਨਾ ਸਰਕਾਰੀ ਅਧਿਆਪਕ ਬਣ ਕੇ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਤੇ ਕਲਮ ਰਾਹੀਂ ਇਕ ਸੋਹਣਾ ਸਮਾਜ ਸਿਰਜਨ ਦਾ ਸੁਪਨਾ ਹੈ। ਉਸ ਨੂੰ ਬਚਪਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਸ ਚ ਇਹ ਲਿਖਣ ਵਾਲਾ ਗੁਣ ਹੈ ਕਿਉਂਕਿ ਉਹ ਹਾਲੇ ਪੰਜਵੀਂ ਕਲਾਸ ’ਚ ਹੀ ਪੜ੍ਹਦੀ ਸੀ ਜਦੋਂ ਦੋ ਕਵਿਤਾਵਾਂ ਲਿਖਛ ਨਾਲ ਉਸਦੀ ਕਲਮੀ-ਸ਼ੁਰੂਆਤ ਹੋ ਗਈ ਸੀ ਹੁਣ ਉਸ ਨੂੰ ਕਵਿਤਾ, ਕਹਾਣੀ, ਵਾਰਤਕ ਤੇ ਨਜ਼ਮ ਹਰ ਵਿਧਾ ਵਿਚ ਲਿਖਣ ਦੀ ਪ੍ਰਵੀਨਤਾ ਹਾਸਲ ਹੈ।
ਮਨਦੀਪ ਦੱਸਦੀ ਹੈ ਕਿ 2018 ਵਿਚ ਉਸਨੇ ਫੇਸਬੁੱਕ ਜੁਆਇੰਨ ਕੀਤੀ ਤਾਂ ‘‘ਡਾ. ਸੁਰਜੀਤ ਪਾਤਰ ਗਰੁੱਪ’’ ਵਿਚ ਉਸ ਦੀਆਂ ਲਿਖਤਾਂ ਨੂੰ ਭਰਵਾਂ ਹੁੰਗਾਰਾ ਮਿਲਿਆ।ਜਿਸ ਨਾਲ ਉਸਨੂੰ ਹੋਰ ਵੀ ਜਿਆਦਾ ਚੰਗਾ ਲਿਖਣ ਦੀ ਪ੍ਰੇਰਨਾ ਮਿਲੀ।ਉਹ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਹਨਾਂ ਨੇ ਉਸਦੀਆਂ ਲਿਖਤਾਂ ਨੂੰ ਪਿਆਰ ਤੇ ਸਤਿਕਾਰ ਨਾਲ ਨਵਾਜਿਆ।ਮਨਦੀਪ ਦੀ ਆ ਰਹੀ ਪੁਸਤਕ ’ਚੋਂ ਇਕ ਨਮੂਨਾ ਦੇਖੋ-
‘‘ਅਕਸਰ ਲੋਕ ਮੈਨੂੰ ਪੁੱਛਦੇ ਆ,
ਤੂੰ ਜੋ ਏਨਾ ਸੋਹਣਾ ਲਿਖਦੀ ਆਂ,
ਦੱਸ ਕਿਹੜੀਆਂ ਪੜ੍ਹੇ ਕਿਤਾਬਾਂ ਤੂੰ,
ਕਿੱਥੋਂ ਸ਼ਬਦ ਸਜਾਉਣੇ ਸਿੱਖਦੀ ਆਂ।
ਹੁਣ ਕੀ ਦੱਸਾ ਇਹ ਤਾਂ ਖੇਡ੍ਹ ਆ ਸਾਰੀ,
ਕੁੱਛ ਕੋਮਲ ਜਿਹੇ ਜਜ਼ਬਾਤਾਂ ਦੀ,
ਕੁੱਛ ਜ਼ਿੰਦਗੀ ਤੋਂ ਭੈੜੇ ਸਬਕ ਮਿਲੇ,
ਕੁੱਛ ਪੀੜ ਆ ਮਾੜੇ ਹਾਲਾਤਾਂ ਦੀ।’’
ਆਪਣੀ ਨਿਰਮਲ ਰਹਿਣੀ-ਬਹਿਣੀ, ਉਚੀ-ਸੁੱਚੀ ਹਮਦਰਦਰਾਨਾ ਸੋਚ ਦੇ ਬੱਲਬੂਤੇ ਸਮਾਜ ਦਾ ਸ਼ੀਸ਼ਾ ਬਦਲਣ ਦਾ ਦਮ ਰੱਖਦੀ ਮਨਦੀਪ ਕੌਰ ਫੱਗੂ ਦੀ ਸੋਚ ਨੂੰ ਸਲਾਮ! ਰੱਬ ਕਰੇ ਇਸ ਮੁਟਿਆਰ ਦੇ ਸਭੇ ਸੁਪਨੇ ਸਾਕਾਰ ਹੋਣ!
-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ) 9876428641

Tags