-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641) ਸੰਪਰਕ : ਜਤਿੰਦਰ ਸ਼ਰਮਾ, 9501475400"/>
chandighar

ਕੰਡਿਆਲੇ ਰਾਹਵਾਂ ਦਾ ਪਾਂਧੀ : ਜਤਿੰਦਰ ਸ਼ਰਮਾ

ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਖੁਰਦ ਵਿਖੇ ਪਿਤਾ ਸੁਰਿੰਦਰ ਸ਼ਰਮਾ ਅਤੇ ਮਾਤਾ ਲਕਸ਼ਮੀ ਦੇਵੀ ਦੇ ਘਰ ਪੈਦਾ ਹੋਏ ਜਤਿੰਦਰ ਸ਼ਰਮਾ ਦੇ 2009 ਵਿੱਚ ਸਿੱਖਿਆ ਵਿਭਾਗ ਵਿੱਚ ਈ. ਟੀ. ਟੀ ਅਧਿਆਪਕ ਵੱਜੋਂ ਕੰਟਰੈਕਟ ਤੇ ਭਰਤੀ ਹੋਏ ‘ਠੇਕਾ-ਭਰਤੀ’ ਕਾਰਨ ਲਗਾਤਾਰ ਉਸ ਨੂੰ ਸੰਘਰਸ਼ ਦੇ ਕੰਡਿਆਲੇ ਰਾਹਵਾਂ ਉਤੇ ਤੁਰਨਾ ਪਿਆ। ਦੁੱਖ ਤਕਲੀਫਾਂ ਝੱਲਦਿਆਂ ਉਸ ਦੇ ਅੰਦਰਲਾ ਸੁੱਤਾ ਛੁਪਿਆ ਪਿਆ ਲੇਖਕ ਆਖ਼ਰ ਜਾਗ ਪਿਆ, ਜਿਸ ਦੇ ਨਤੀਜਨ ਇਸ ਸੰਘਰਸ਼ ਰਾਹੇ ਤੁਰਦਿਆਂ 2017 ਵਿੱਚ ਉਹ ਜ਼ਬਰਦਸਤ ਕਲਮ ਹੱਥ ’ਚ ਲੈ ਕੇ ਨਿਕਲ ਤੁਰਿਆ। ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਜਤਿੰਦਰ ਨੇ ਦੱਸਿਆ ਕਿ ਉਸ ਅੰਦਰਲਾ ਲੇਖਕ ਇਕ ਬਾਰ ਤਾਂ ਇੰਨਕਲਾਬੀ ਕਰਾਂਤੀ ਲਿਆਉਣ ਲਈ ਡਟ ਗਿਆ, ਪਰ ਫਿਰ ਦੂਜੇ ਪਾਸੇ ਸਰਕਾਰੀ ਨੌਕਰੀ ਦੇ ਰੂਲਾਂ-ਅਸੂਲਾਂ ਦੇ ਦਾਇਰੇ ਵਿਚ ਵੀ ‘‘ਉਹ ਲੇਖਕ’’ ਜ਼ਕੜਿਆ ਹੋਇਆ ਸੀ। ਮੁਲਾਜ਼ਮ ਹੋਣ ਦੇ ਨਾਤੇ ਗੱਲ ਖੁੱਲ੍ਹ ਕੇ ਕਹਿਣ ਉਤੇ ਪਾਬੰਦੀ ਸੀ, ਕਿਉਂਕਿ ਸਰਕਾਰ ਦੀ ਵਿਰੋਧਤਾ ਕਰਨਾ ਮੁਲਾਜ਼ਮ ਲਈ ਬਹੁਤ ਵੱਡੀ ਮਨਾਹੀ ਹੈ, ਪਰ, ਕਲਮ ਮੈਦਾਨ ਵਿਚ ਨਿਕਲ ਚੁੱਕੀ ਹੋਣ ਕਰ ਕੇ ਆਪਣੀ ਗੱਲ ਕਹਿਣੋਂ ਵੀ ਉਹ ਨਹੀ ਸੀ ਰੁਕ ਸਕਦਾ।
ਜਤਿੰਦਰ ਨੇ ਕਲਮ ਦੇ ਇਸ ਚੱਲਦੇ ਸਫਰ ਵਿਚ ‘‘ਨਿੱਜ’’ ਤੋਂ ‘‘ਪਰ’’ ਵੱਲ ਨੂੰ ਉਸ ਝਾਤ ਮਾਰੀ ਤਾਂ ਬੇਰੁਜ਼ਗਾਰੀ, ਭਰੂਣ ਹੱਤਿਆ, ਔਰਤਾਂ ਤੇ ਹੋ ਰਹੇ ਅੱਤਿਆਚਾਰ, ਗਰੀਬੀ, ਖੁੱਸਦਾ ਜਾ ਰਿਹਾ ਸੱਭਿਆਚਾਰ, ਜਾਤ-ਪਾਤ, ਅਜੋਕੇ ਰਿਸ਼ਤਿਆਂ ਦੀਆਂ ਨਿਘਾਰ ਵੱਲ ਜਾਜ ਰਹੀਆਂ ਕਦਰਾਂ-ਕੀਮਤਾਂ, ਕਰਮਕਾਂਡ, ਨਸ਼ੇ ਆਦਿ ਸਮਾਜਿਕ ਬੁਰਾਈਆਂ ਦੇ ਨਾਲ ਨਾਲ ਕਿਰਤੀਆਂ-ਮਜ਼ਦੂਰਾਂ ਤੇ ਕਿਸਾਨਾਂ ਦੇ ਦਰਦ ਅਨਗਿਣਤ ਵਿਸ਼ੇ ਉਸ ਅੱਗੇ ਮੂੰਹ ਅੱਡੀ ਖਲੋਏ ਨਜ਼ਰੀ ਆਏ। ਇਨ੍ਹਾਂ ਸਭ ਕੁਝ ਨੂੰ ਦੇਖ ਉਹ ਤੇ ਉਸਦੀ ਕਲਮ ਨਾ-ਸਿਰਫ ਬੁਰੀ ਤਰਾਂ ਵਲੂੰਧਰੀ ਤੇ ਝੰਜੋੜੀ ਹੀ ਗਈ, ਬਲਕਿ ਕਲਮ ਪੂਰੀ ਜੋਸ਼-ਖ਼ਰੋਸ਼ ਵਿਚ ਵੀ ਆ ਗਈ। ਉਸ ਦਾ ਕਹਿਣ ਹੈ ਕਿ ਲਿਖਣਾ ਹੁਣ ਉਸ ਦੀ ਰੂਹ ਦੀ ਖੁਰਾਕ ਬਣ ਗਿਆ ਹੈ। ਉਸ ਨੇ ਦਿਲੋ-ਦਿਲ ਪ੍ਰਣ ਕਰ ਲਿਆ ਹੈ ਕਿ ਜਿੰਨਾ ਵੀ ਲਿਖੇਗਾ ਅਸ਼ਲੀਲਤਾ ਤੋਂ ਦੂਰ ਸਾਫ਼-ਸੁਥਰਾ ਤੇ ਪਰਿਵਾਰ ਵਿਚ ਬੈਠ ਕੇ ਪੜ੍ਹਨ-ਸੁਣਨ ਵਾਲਾ ਹੀ ਲਿਖੇਗਾ।
ਦੇਸ਼-ਵਿਦੇਸ਼ ਦੇ ਪੇਪਰਾਂ ਵਿਚ ਪੜ੍ਹਨ ਨੂੰ ਮਿਲ ਰਹੀਆਂ ਇਸ ਨੌਜਵਾਨ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਜਿੱਥੇ ਰਿਸ਼ਤਿਆਂ ਦੀ ਗੰਢ ਤੁੱਪ ਬਾਰੇ ਵੇਦਨਾ ਹੈ, ਉਥੇ ਉਹ ਆਪਣੀਆਂ ਕਵਿਤਾਵਾਂ ਰਾਹੀਂ ਸਮੁੱਚੀ ਮਾਨਵਤਾ ਨੂੰ ਜਾਤ-ਪਾਤ, ਧਰਮ-ਨਸਲ ਆਦਿ ਦੇ ਭੇਦ-ਭਾਵ ਤੋਂ ਉਪਰ ਉਠਕੇ ਆਪਸੀ ਭਰਾਤਰੀ-ਤੰਦਾਂ ਜੋੜ ਕੇ ‘‘ਜੀਓ ਤੇ ਜੀਣ ਦਿਓ’’ ਦੇ ਮਾਰਗ ਉਤੇ ਚੱਲਣ ਦਾ ਹੋਕਾ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਕਿਰਤੀ-ਮਜ਼ਦੂਰਾਂ, ਕਾਮਿਆਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਸਰੀਰ ਨੂੰ ਆਇਆ ਮੁੜ੍ਹਕਾ ਸੁੱਕਣ ਤੋਂ ਪਹਿਲੇ ਹੀ ਉਸ ਦਾ ਮੁੱਲ ਮੁੜੇ। ਇਕ ਸੋਹਣੇ ਸਮਾਜ ਦੀ ਸਿਰਜਣਾ ਉਸ ਦੀ ਕਲਪਨਾ ਹੀ ਨਹੀਂ, ਉਸ ਦਾ ਸਾਰਥਕ ਸੁਫ਼ਨਾ ਹੈ । ਜਿਸ ਨੂੰ ਸਾਕਾਰ ਕਰਨ ਲਈ ਉਹ ਹਰ ਕੁਰਬਾਨੀ ਦੇਣ ਦਾ ਦਿਲ ’ਚ ਜੋ ਜ਼ਜਬਾ ਤੇ ਵਲਵਲੇ ਸਮੋਈ ਬੈਠਾ ਹੈ, ਉਹ ਸਾਰਾ ਕੁਝ ਨਿੱਤ ਕਿਸੇ-ਨਾ-ਕਿਸੇ ਪੇਪਰ ਵਿਚ ਪੜ੍ਹਨ ਨੂੰ ਮਿਲ ਰਿਹਾ ਹੈ।
ਕਿੱਤੇ ਵਜੋਂ ਅਧਿਆਪਕ ਦੀ ਸੇਵਾ ਨਿਭਾਉਂਦਿਆਂ , ਕਹਾਣੀਆਂ-ਕਵਿਤਾਵਾਂ ਵਿੱਚ ਬਰਾਬਰ ਦੀ ਮੁਹਾਰਤ ਰੱਖਣ ਵਾਲੇ ਅਤੇ ਜਲਦੀ ਹੀ ਪਾਠਕਾਂ ਦੇ ਹੱਥਾਂ ਤੱਕ ਪਲੇਠੀ ਪੁਸਤਕ ਦੇਣ ਜਾ ਰਹੇ ਜਤਿੰਦਰ ਸ਼ਰਮਾ ਨੇ ਕਿਹਾ,‘‘ ਮੇਰੀ ਕਲਮ ਨੂੰ ਉਤਸ਼ਾਹਿਤ ਕਰਨ ਲਈ ਵੱਡਮੁੱਲਾ ਯੋਗਦਾਨ ਮੇਰੀ ਧਰਮ ਪਤਨੀ ਦੀਪਿਕਾ ਸ਼ਰਮਾ ਦਾ ਹੈ, ਜੋ ਹਰ ਸਮੇਂ ਮੇਰੀ ਤਾਕਤ ਬਣ ਕੇ ਮੇਰੇ ਨਾਲ ਆ ਖੜ੍ਹਦੀ ਹੈ। ਮੈਂ ਆਪਣੇ ਮਰਹੂਮ ਮਿੱਤਰ ਲੇਖਕ ਹਰਜਿੰਦਰ ਸਿੰਘ ਭੁੱਲਰ ਅਤੇ ਸੁਪ੍ਰਸਿੱਧ ਗੀਤਕਾਰ ਮੂਲ ਚੰਦ ਸ਼ਰਮਾ ਜੀ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹਾਂ।’’
ਕੰਡਿਆਲੇ ਰਾਹਵਾਂ ਦੇ ਇਸ ਪਾਂਧੀ ਦੀ ਕਲਮ ਵਿਚ ਸਾਹਿਤ-ਜਗਤ ਅਤੇ ਸਮਾਜ ਲਈ ਬਹੁਤ ਆਸਾਂ-ਉਮੀਦਾਂ ਅਤੇ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਪਰਮਾਤਮਾ ਇਸ ਕਲਮ ਨੂੰ ਹੋਰ ਵੀ ਬੁਲੰਦੀਆਂ ਅਤੇ ਤਾਕਤ ਬਖ਼ਸ਼ੇ ਤਾਂ ਜੋ ਇਹ ਕਲਮ ਇਸੇ ਤਰ੍ਹਾਂ ਲੋਕ ਹੱਕਾਂ ਦੀ ਅਵਾਜ਼ ਬੁਲੰਦ ਕਰਦੀ ਇਨਕਲਾਬੀ ਕਲਮ ਹੋ ਗੁਜਰੇ ।
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਜਤਿੰਦਰ ਸ਼ਰਮਾ, 9501475400

Tags