-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ , 9876428641 ਸੰਪਰਕ : ਕੁਲਦੀਪ ਨਿਆਜ਼, 99143-63437"/>
chandighar

ਉਮਰ ਤੋਂ ਵਡੇਰੀਆਂ ਗੱਲਾਂ ਕਰਨ ਵਾਲਾ ਸ਼ਾਇਰ: ਨੌਜਵਾਨ ਕੁਲਦੀਪ ਨਿਆਜ਼

‘‘ਹੁਣ ਸ਼ੀਸ਼ੇ ’ਚ ਨਹੀਂ, ਕਿਤਾਬ ’ਚ ਚਿਹਰਾ ਦੇਖ ਕੇ, ਪੱਗ ਬੰਨ੍ਹਣ ਦੀ ਲੋੜ ਹੈ’’ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਾ, ਅਜੋਕੇ ਪੰਜਾਬੀ ਸਾਹਿਤ ਦੇ ਨੌਜਵਾਨ ਲਿਖਾਰੀਆਂ ਵਿੱਚੋਂ ਕਵੀ ਅਤੇ ਆਲੋਚਕ ‘ਕੁਲਦੀਪ ਨਿਆਜ਼’ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਆਪਣੀ ਉਮਰ ਤੋਂ ਵਡੇਰੀਆਂ ਗੱਲਾਂ ਕਰਨ ਵਾਲੇ ਕੁਲਦੀਪ ਦਾ ਜਨਮ ਜਿਲ੍ਹਾ ਸੰਗਰੂਰ ਦੇ ਪਿੰਡ ਨੰਗਲਾ ਵਿਖੇ ਜਿਮੀਂਦਾਰ ਪਰਿਵਾਰ ਵਿਚ ਮਾਤਾ ਸਰਬਜੀਤ ਕੌਰ ਤੇ ਪਿਤਾ ਸ੍ਰ. ਭੋਲਾ ਸਿੰਘ ਦੇ ਗ੍ਰਹਿ ਵਿਖੇ 02 ਅਕਤੂਬਰ 1999 ਨੂੰ ਹੋਇਆ। ਦਸਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਨੇੜਲੇ ਪਿੰਡ ਛਾਜਲੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ’ਚ ਗਿਆਰਵੀਂ ਕਲਾਸ ਦੌਰਾਨ ਕਵਿਤਾ ਲਿਖਣ ਦੇ ਮੁਕਾਬਲੇ ’ਚ ਉਸਨੇ ਤੀਜਾ ਸਥਾਨ ਹਾਸਿਲ ਕਰਕੇ ਡਾ. ਦਰਸ਼ਨ ਸਿੰਘ ਆਸ਼ਟ (ਬਾਲ-ਸਾਹਿਤਕਾਰ) ਪਾਸੋਂ ਇਨਾਮ ਪ੍ਰਾਪਤ ਕੀਤਾ। ਰਣਬੀਰ ਕਾਲਜ ਸੰਗਰੂਰ ’ਚ ਬੀ. ਏ. ਭਾਗ-ਪਹਿਲਾ ਦੌਰਾਨ ਪੰਜਾਬ ਸਿਰਲੇਖ ਆਲੋਚਨਾ (ਤੀਰ ਤੱਕਲਿਆਂ ਦੀ ਗੌਰਵ ਗਾਥਾ) ਨਾਂ ਦੀ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਪਾਈ। ਜਿਸ ’ਚ ਪੰਜਾਬੀ ਭਾਸ਼ਾ ਦੇ ਹਜ਼ਾਰਾਂ ਅਲੋਪ ਹੋ ਚੁੱਕੇ ਸ਼ਬਦਾਂ ਦਾ ਪੁਨਰ-ਆਗਾਜ਼ ਹੋਇਆ। ਵਿਦੇਸ਼ੀ ਭਾਸ਼ਾਵਾਂ ਸਿੱਖਣ ਦੀ ਅਜੋਕੀ ਦੌੜ-ਭੱਜ ਅੰਦਰ ਇਹ ਪੁਸਤਕ ਪੰਜਾਬੀ ਭਾਸ਼ਾ ਲਈ ਅਹਿਮ ਸਥਾਨ ਰੱਖਦੀ ਹੈ। ਇਸ ਦੇ ਨਾਲ ਹੀ ਉਹ ਕਾਲਜ ਮੈਗਜ਼ੀਨ ਦੀ ਸੰਪਾਦਨਾ ਦਾ ਕਾਰਜ਼ ਵੀ ਲਗਾਤਾਰ ਦੋ ਸਾਲ ਤੋਂ ਨਿਭਾ ਰਿਹਾ ਹੈ। ਯੂਥ-ਫੈਸਟੀਬਲ, ਇਲਾਕੇ ਭਰ ਦੀਆਂ ਸਾਹਿਤ ਸਭਾਵਾਂ, ਲੇਖਕਾਂ ਨਾਲ ਮੁਲਾਕਾਤਾਂ ਅਤੇ ਪਿੰਡ ਵਿੱਚ ਭਲਾਈ ਦੇ ਕੰਮਾਂ ਲਈ ਹਮੇਸ਼ਾ ਤਤਪਰ ਰਹਿਣ ਵਾਲਾ ਕੁਲਦੀਪ ਨਿਆਜ਼ ਆਪਣੇ ਪਿੰਡ ਨੰਗਲਾ ਵਿੱਚ ਨੌਜਵਾਨਾਂ ਅਤੇ ਮੁਹਤਬਰ ਬੰਦਿਆਂ ਵੱਲੋਂ ਬਣਾਈ ‘ਸਹਿਤ ਅਤੇ ਸ਼ਰੀਂਹ ਸੁਸਾਇਟੀ’ ਦੇ ਪ੍ਰਧਾਨ ਵਜੋਂ ਵੀ ਰੋਲ ਅਦਾ ਕਰ ਰਿਹਾ ਹੈ। ਇਲਾਕੇ ਵਿਚਲੇ ਵਿੱਦਿਆ ਰਤਨ ਕਾਲਜ ਫਾੱਰ ਵੂਮੈਨ ਖੋਖਰ ਵਿਖੇ ਉਹ ‘ਗੁਰਬਾਣੀ ਅੰਤਰ ਸੰਵਾਦ’ ਨਵੀਂ ਆਲੋਚਨਾ ਵਿਧੀ ਨੂੰ ਹਰੀ ਝੰਡੀ ਦੇਣ ਲਈ ਬਤੌਰ ਮੁੱਖ ਮਹਿਮਾਨ ਸੈਮੀਨਾਰ ਵੀ ਲਗਾ ਚੁੱਕਾ ਹੈ। ਸੂਫ਼ੀ ਗਾਇਕ ‘ਕੰਵਰ ਗਰੇਵਾਲ’ ਜੀ ਉਸ ਦਾ ਲਿਖਿਆ ਗੀਤ, ‘ਧੀਆਂ’ ਖੁੱਲ੍ਹੇ ਅਖਾੜਿਆਂ ਵਿੱਚ ਗਾ ਕੇ ਮਾਣ ਮਹਿਸੂਸ ਕਰਦੇ ਹਨ:-
‘‘ਧੀਆਂ ਨੂੰ ਰੱਬ ਛੇਤੀ ਮਿਲਦਾ,
ਦਿਲ ਮੰਦਿਰ, ਮਨ ਮੱਕੇ।
ਕੰਤ, ਕਲਾ, ਕਿਰਤ ਤੇ ਕਿਸਮਤ,
ਧੀਆਂ ਦੇ ਚਾਰ ਕੱਕੇ।’’
ਇਸ ਦੌਰਾਨ ਉਹ ਦੂਜੀ ਪੁਸਤਕ ‘ਕਾਵਿ ਸੌਂਦਰਯ’ (ਕਾਵਿ ਸ਼ਾਸਤਰ ਤੇ ਮੇਰਾ ਕਾਵਿ) ਵੀ ਪਾਠਕਾਂ ਦੇ ਰੂ-ਬ-ਰੂ ਕਰ ਚੁੱਕਾ ਹੈ, ਜਿਸ ’ਚ ਕਾਵਿ ਸ਼ਾਸਤਰ ਉੱਪਰ ਨਵੇਂ ਨਜ਼ਰੀਏ ਤੋਂ ਕੰਮ ਹੋਇਆ ਹੈ, ਜੋ ਬੀ. ਏ., ਐੱਮ. ਏ., ਐੱਮ. ਫਿਲ. ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਕਿਤਾਬ ’ਚੋਂ ਚਾਰ ਤੁਕਾਂ:-
‘‘ਜੇ ਸਾਹਿਤ ਲਿਖਣ ਵਾਲਿਆਂ ਨੂੰ
ਅਵਾਰਡ ਮਿਲਣੇ ਹੁੰਦੇ
“‘‘ਕਾਬਲੋਂ ਜੰਝ ਲੈ ਧਾਇਆ’’” ਲਿਖਣ ’ਤੇ
ਨਾਨਕ ਨੂੰ ਜੇਲ੍ਹ ਨਾ ਮਿਲਦੀ।
ਸਾਹਿਤ ਸਭਾ ਸਟੇਜ ’ਤੇ ਨਹੀਂ
ਤੱਤੀ ਤਵੀ ਜਾਂ ਜੇਲ੍ਹ ’ਚ ਲੱਗਦੀ ਹੈ
ਜਿੱਥੇ ਕਿਤਾਬਾਂ ਦੀ ਨਹੀਂ,
ਕਿਰਦਾਰਾਂ ਦੀ ਘੁੰਢ ਚੁਕਾਈ ਹੁੰਦੀ ਹੈ।’’
ਕੁਲਦੀਪ ਨਿਆਜ਼ ਨੇ ਆਪਣੀ ਪੁਸਤਕ ਵਿੱਚ ਜਿੱਥੇ ਪੇਂਡੂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਓਥੇ ਕਾਵਿ-ਸ਼ਾਸਤਰੀ ਨਿਯਮਾਂ ਦੀ ਵੀ ਨਿੱਠ ਕੇ ਪਾਲਣਾ ਕੀਤੀ ਹੈ। ਫਜ਼ਲ ਸ਼ਾਹ ਤੋਂ ਪਿੱਛੋਂ ਅਨੁਪ੍ਰਾਸ ਅਲੰਕਾਰ ਉਸਦੀ ਕਵਿਤਾ ਵਿੱਚ ਇੱਕ ਖਾਸ ਰੰਗ ਵਿੱਚ ਦੇਖਣ ਨੂੰ ਮਿਲਿਆ ਹੈ। ਇਸ਼ਕ ਉਸ ਲਈ ਇੱਕ ਸਾਦਗੀ ਭਰਿਆ ਸੁਹੱਪਣ ਹੈ। ਜਿਸ ਵਿੱਚ ਹਊਮੇ ਭਰੀ ਮੱਤ ਦਾ ਕੋਈ ਦਖਲ ਨਹੀਂ। ਉਸਦੀ ਪੁਸਤਕ ਆਪਣੇ-ਆਪ ਵਿੱਚ ਵਰਤਮਾਨ ਨਾਲ ਇੱਕ ਸੰਵਾਦ ਹੈ। ਉਹ ਸ਼ਬਦਾਂ ਨੂੰ ਖੂਬਸੂਰਤੀ ਨਾਲ ਚੁਣਦਾ ਹੈ ਅਤੇ ਬੜੇ ਸੁਹਜ ਨਾਲ ਜੜਦਾ ਹੈ। ਉਸਨੂੰ ਇੱਕ ਵਾਰ ਪੜ੍ਹਿਆਂ ਤ੍ਰਿਪਤੀ ਨਹੀਂ ਹੁੰਦੀ। ਉਸ ਵਿੱਚ ਨੌਜਵਾਨੀ ਦਾ ਸਰੂਰ ਵੀ ਹੈ ਅਤੇ ਬਿਰਧ ਮੱਤ ਦਾ ਵਿਗਾਸ ਵੀ। ਇਸ ਸਾਰੀ ਮਿਹਨਤ ਦਾ ਕਰੈਡਿਟ ਕੁਲਦੀਪ ਨਿਆਜ਼ ਆਪਣੇ ਪਰਿਵਾਰ ਸਮੇਤ ਡਾ. ਸੁਖਵਿੰਦਰ ਸਿੰਘ ਪਰਮਾਰ ਤੇ ਪ੍ਰੋ. ਸਤਗੁਰ ਸਿੰਘ ਨੂੰ ਦਿੰਦਾ ਹੈ। ਆਪਣੇ ਵੱਡਮੁੱਲੇ ਵਿਸਰ ਰਹੇ ਵਿਰਸੇ ਨੂੰ ਸੰਭਾਲਣ ’ਚ ਜੁਟੇ ਹੋਏ ਇਸ ਨੌਜਵਾਨ ਤੋਂ ਪੰਜਾਬੀ ਸਾਹਿਤ ਨੂੰ ਢੇਰ ਸਾਰੀਆਂ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ। ਮਾਲਕ ਇਸ ਕਲਮ ਨੂੰ ਨਿਰੰਤਰ ਚੱਲਦੇ ਰੱਖਣ ਦਾ ਬਲ ਬਖ਼ਸ਼ੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ , 9876428641
ਸੰਪਰਕ : ਕੁਲਦੀਪ ਨਿਆਜ਼, 99143-63437

Tags