Hoshiarpur

ਆਪਣੇ ਆਪ ਨੂੰ ਡੀ ਸੀ ਦੱਸ ਕੇ ਕੰਸਟਰੱਕਸ਼ਨ ਕੰਪਨੀ ਦੇ ਫੋਰਮੈਨ ਨੂੰ ਕੀਤਾ ਅਗਵਾ

ਥਾਣਾ ਸਦਰ ਦੀ ਪੁਲਿਸ ਵਲੋ 4 ਵਿਅਕਤੀਆਂ ਤੇ ਮਾਮਲਾ ਦਰਜ਼
ਹੁਸ਼ਿਆਰਪੁਰ 02 ਜੁਲਾਈ (ਤਰਸੇਮ ਦੀਵਾਨਾ)- ਆਪਣੇ ਆਪ ਨੂੰ ਮੌਕੇ ਦਾ ਡੀ.ਸੀ ਦੱਸ ਕੇ ਇੱਕ ਕੰਸਟਰੱਕਸ਼ਨ ਕੰਪਨੀ ਦੇ ਫੋਰਮੈਨ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਨ ਅਤੇ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਦੇ ਦੋਸ਼ ’ਚ ਥਾਣਾ ਸਦਰ ਪੁਲਿਸ ਨੇ 1 ਨੂੰ ਨਾਮਜ਼ਦ ਕਰਕੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੰਸਟਰੱਕਸ਼ਨ ਕੰਪਨੀ ਦੇ ਮਾਲਕ ਕੁਲਜੀਤ ਸਿੰਘ ਵਾਸੀ ਬਜਵਾੜਾ ਅਤੇ ਪੀੜਤ ਅਵਨਿੰਦਰ ਸਿੰਘ ਵਾਸੀ ਬਰਿਆਣਾ ਨੇ ਦੋਸ਼ ਲਗਾਇਆ ਕਿ ਉਕਤ ਵਾਰਦਾਤ ਨੂੰ ਆਰ.ਟੀ.ਆਈ ਐਕਟਵਿਸ਼ਟ ਰਾਜੀਵ ਵਸ਼ਿਸ਼ਟ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਕਥਿਤ ਦੋਸ਼ੀਆਂ ਨੇ ਪੀੜਤ ਅਵਨਿੰਦਰ ਸਿੰਘ ਦੀ ਜ਼ਬਰਦਸਤੀ ਪੱਗ ਉਤਾਰ ਕੇ ਉਸ ਦੀ ਬੇਅਦਬੀ ਵੀ ਕੀਤੀ/ ਇਸ ਸਬੰਧੀ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਹਾਲ ਦੀ ਘੜੀ ਧਾਰਾ 379ਬੀ, CCF, CBC ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਅਵਨਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਬਰਿਆਣਾ ਨੇ ਦੱਸਿਆ ਕਿ ਉਹ ਕੁਲਜੀਤ ਸਿੰਘ ਦੀ ਕੰਸਟਰੱਕਸ਼ਨ ਕੰਪਨੀ ’ਚ ਬਤੌਰ ਫੋਰਮੈਨ ਕੰਮ ਕਰਦਾ ਹੈ। 1 ਜੁਲਾਈ ਨੂੰ ਜਦੋਂ ਉਹ ਆਦਮਵਾਲ ਰੋਡ ’ਤੇ ਜਿੱਥੇ ਕੰਸਟਰੱਕਸ਼ਨ ਦਾ ਕੰਮ ਚੱਲ ਰਿਹਾ ਸੀ, ਉੱਥੇ ਬੂਟਿਆਂ ਨੂੰ ਪਾਣੀ ਲਗਾ ਰਿਹਾ ਸੀ। ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਉਸ ਕੋਲ ਆ ਕੇ ਰੁਕੀ, ਜਿਸ ’ਚੋਂ4 ਵਿਅਕਤੀ ਬਾਹਰ ਨਿਕਲੇ ਅਤੇ ਉੱਤਰਦੇ ਸਾਰ ਹੀ, ਉੱਥੇ ਲੱਗੇ ਦਰੱਖਤਾਂ ਦੀਆਂ ਫ਼ੋਟੋਆਂ ਖਿੱਚਣ ਲੱਗ ਪਏ। ਇਨਾਂ ’ਚੋਂ ਇੱਕ ਵਿਅਕਤੀ ਨੇ ਮੈਨੂੰ ਆਪਣਾ ਨਾਂਅ ਵਸ਼ਿਸ਼ਟ ਦੱਸਿਆ ਤੇ ਕਿਹਾ ਕਿ ਮੈਂ ਮੌਕੇ ਦਾ ਡੀ.ਸੀ ਹਾਂ ਅਤੇ ਤੂੰ ਮਾਸਕ ਕਿਉਂ ਨਹੀਂ ਪਾਇਆ। ਅਵਨਿੰਦਰ ਸਿੰਘ ਨੇ ਕਿਹਾ ਕਿ ਉਹ ਇਕਾਂਤ ’ਚ ਇਕੱਲਾ ਹੀ ਖੜਾ ਹੈ। ਇੰਨੇ ਚਿਰ ਨੂੰ ਚਾਰੇ ਵਿਅਕਤੀ ਮੇਰੇ ਗਲ ਪੈ ਗਏ। ਮੇਰਾ ਮਾਲਕ ਕੁਲਜੀਤ ਸਿੰਘ, ਜੋ 100 ਗਜ਼ ਦੀ ਦੂਰੀ ’ਤੇ ਖੜਾ ਸੀ, ਮੇਰਾ ਰੌਲਾ ਸੁਣ ਕੇ ਮੇਰੇ ਵੱਲ ਨੂੰ ਆਉਣ ਲੱਗਾ ਤਾਂ ਵਸ਼ਿਸ਼ਟ ਨਾਮੀ ਵਿਅਕਤੀ ਨੇ ਆਪਣੇ ਸਾਥੀ ਤੋਂ ਪਿਸਤੌਲ ਫੜ ਕੇ ਕੁਲਜੀਤ ਸਿੰਘ ਨੂੰ ਦੇਖ ਕੇ ਹਵਾਈ ਫਾਇਰ ਕਰ ਦਿੱਤਾ ਤੇ ਉਸੇ ਸਮੇਂ ਵਸ਼ਿਸ਼ਟ ਨੇ ਮੈਨੂੰ ਪਿਸਤੌਲ ਦੀ ਨੋਕ ’ਤੇ ਕਾਰ ’ਚ ਬਿਠਾ ਲਿਆ ਤੇ ਆਦਮਵਾਲ ਵੱਲ ਲੈ ਗਏ। ਕਾਰ ’ਚ ਬੈਠਦਿਆਂ ਹੀ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਵਸ਼ਿਸ਼ਟ ਜੋ ਕਾਰ ਦੇ ਅਗਲੇ ਪਾਸੇ ਡਰਾਈਵਰ ਨਾਲ ਸੀਟ ’ਤੇ ਬੈਠਾ ਸੀ, ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਸ ਦੀ ਪੱਗ ਉਤਾਰੋ ਅਤੇ ਉਸ ਨੇ ਮੇਰੀ ਪੱਗ ਨੂੰ ਹੱਥ ਮਾਰਿਆ ਅਤੇ ਕਿਹਾ ਕਿ ਤੂੰ ਵੱਡਾ ਸਰਦਾਰ ਬਣਿਆ ਫਿਰਦਾ ਹੈਂ ਉਸ ਨੇ ਦੋਸ਼ ਲਗਾਇਆ ਕਿ ਮੇਰਾ ਪਰਸ ਜਿਸ ’ਚ ਮੇਰੀ ਤਨਖ਼ਾਹ 7 ਹਜ਼ਾਰ ਰੁਪਏ, ਮੇਰਾ ਫ਼ੋਨ ਸੈਮਸੰਗ ਐਸ.ਪਲੱਸ ਵੀ ਪਿੱਛੇ ਬੈਠੇ ਵਿਅਕਤੀਆਂ ਨੇ ਖੋਹ ਲਿਆ ਅਤੇ ਕੋਟਲਾ ਗੌਂਸਪੁਰ ਦੀ ਨਹਿਰ ਕੋਲ ਮੈਨੂੰ ਉਤਾਰ ਦਿੱਤਾ ਅਤੇ ਕਿਹਾ ਕਿ ਮੈਂ ਇੱਕ ਨਾਮੀ ਅਖ਼ਬਾਰ ਦਾ ਪੱਤਰਕਾਰ ਹਾਂ ਅਤੇ ਜੇਕਰ ਕਿਸੇ ਨੂੰ ਦੱਸਿਆ ਤਾਂ ਆਪਣਾ ਪੜਿਆ ਵਿਚਾਰ ਲਵੀ। ਇਸੇ ਦੌਰਾਨ ਮੈਂ ਕਿਸੇ ਰਾਹਗੀਰ ਤੋਂ ਫ਼ੋਨ ਲੈ ਕੇ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨੂੰ ਉਕਤ ਵਾਰਦਾਤ ਬਾਰੇ ਦੱਸਿਆ। ਜਿਸ ’ਤੇ ਰਾਤ ਕਰੀਬ9:30 ਵਜੇ ਗੁਰਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਮੈਨੂੰ ਨਹਿਰ ਤੋਂ ਲੈ ਕੇ ਆਏ ਤੇ ਮੈਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੀੜਤ ਅਵਨਿੰਦਰ ਸਿੰਘ ਨੇ ਕਿਹਾ ਕਿ ਪੱਗ ਦੀ ਹੋਈ ਬੇਅਦਬੀ ਨੂੰ ਲੈ ਕੇ ਉਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ’ਚ ਵੀ ਲਿਆਉਣਗੇ। ਉਨਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੱਕੀ ਠਾਕੁਰ ਜ਼ਿਲਾ ਪ੍ਰਧਾਨ ਕਰਣੀ ਸੈਨਾ, ਰਾਜਨ ਬਸੀ ਗ਼ੁਲਾਮ ਹੁਸੈਨ, ਗੁਰਪ੍ਰੀਤ ਸਿੰਘ ਬਜਵਾੜਾ, ਬਿੰਦਾ ਬਸੀ ਗੁਲਾਮ ਹੁਸੈਨ, ਅਤਿੰਦਰ ਸਾਬਕਾ ਤਹਿਸੀਲਦਾਰ (ਚੋਣਾਂ), ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।
ਪੱਖ :- ਇਸ ਸਬੰਧੀ ਜਦੋ ਰਾਜੀਵ ਵਸਿਸਟ ਦਾ ਪੱਖ ਜਾਨਣ ਲਈ ਉਹਨਾ ਦੇ ਨੰਬਰਾ ਤੇ ਸੰਪਰਕ ਕੀਤਾ ਤਾ ਰਾਜੀਵ ਵਸਿਸਟ ਦੇ ਦੋਵੇ ਫੋਨ ਨੰਬਰ ਬੰਦ ਆ ਰਹੇ ਸੀ/

Tags