Hoshiarpur

ਗੈਸ ਸਿਲੰਡਰ ਦਾ ਰੈਗੂਲੇਟਰ ਫੱਟਣ ਨਾਲ ਵੱਡਾ ਹਾਦਸਾ ਹੋਣੋਂ ਟਲਿਆ

ਹੁਸ਼ਿਆਰਪੁਰ 08 ਅਕਤੂਬਰ (ਤਰਸੇਮ ਦੀਵਾਨਾ, ਦਲਜੀਤ ਸਿੰਘ ਅਜਨੋਹਾ)- ਜਾਣਕਾਰੀ ਦਿੰਦਿਆਂ ਅੱਤੋਵਾਲ ਵਾਸੀ ਜਤਿੰਦਰ ਸਿੰਘ ਮਾਣਾ ਪੁੱਤਰ ਕਸ਼ਮੀਰੀ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਖੁਦ ਅਤੇ ਉਸ ਦੀ ਪਤਨੀ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਬੈਠੇ ਸਨ ਕਿ ਅਚਾਨਕ ਦੁਕਾਨ ਦੇ ਉੱਪਰ ਬਣੀ ਰਿਹਾਇਸ਼ ਵਿੱਚੋਂ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਅਤੇ ਉਸ ਦੀ ਅਠਾਰਾਂ ਸਾਲਾਂ ਪੁੱਤਰੀ ਚੀਕਾਂ ਮਾਰਦੀ ਹੋਈ ਪੌੜੀਆਂ ਰਾਹੀਂ ਹੇਠਾਂ ਉੱਤਰਦੀ ਦਿਖਾਈ ਦਿੱਤੀ। ਜਤਿੰਦਰ ਸਿੰਘ ਧਮਾਕੇ ਦੀ ਆਵਾਜ਼ ਸੁਣ ਕੇ ਘਬਰਾਇਆ ਹੋਇਆ ਪੌੜੀਆਂ ਵੱਲ ਭੱਜਾ ਅਤੇ ਉੱਪਰ ਜਾ ਕੇ ਦੇਖਿਆ ਕਿ ਰਸੋਈ ਵਿੱਚ ਗੈਸ ਫੈਲੀ ਹੋਈ ਸੀ ਅਤੇ ਸਿਲੰਡਰ ਉੱਪਰ ਲੱਗਾ ਰੈਗੂਲੇਟਰ ਫਟ ਕੇ ਬਿਖਰ ਚੁੱਕਾ ਸੀ। ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਐਚ.ਪੀ.ਗੈਸ ਸਰਵਿਸ ਵੱਲੋਂ ਖਰੀਦਿਆ ਹੋਇਆ ਗੈਸ ਸਿਲੰਡਰ,ਚੁੱਲਾ,ਰੈਗੂਲੇਟਰ ਅਤੇ ਪਾਈਪ ਵਰਤਦੇ ਹਨ। ਅਤੇ ਅੱਜ ਏਜੰਸੀ ਵੱਲੋਂ ਦਿੱਤਾ ਗਿਆ ਰੈਗੂਲੇਟਰ ਫੱਟ ਜਾਣ ਨਾਲ ਉਨ੍ਹਾਂ ਦਾ ਸਾਰਾ ਪਰਿਵਾਰ ਸਹਿਮਿਆ ਹੋਇਆ ਹੈ। ਰੈਗੂਲੇਟਰ ਫੱਟ ਜਾਣ ਕਾਰਨ ਲੀਕ ਹੋਈ ਗੈਸ ਉਨ੍ਹਾਂ ਦੀ ਪੁੱਤਰੀ ਦੇ ਦਿਮਾਗ ਨੂੰ ਚੜ੍ਹ ਜਾਣ ਕਾਰਨ ਉਹ ਕੁਝ ਸਮੇਂ ਲਈ ਹੋਸ਼ ਹਵਾਸ ਗਵਾ ਬੈਠੀ ਅਤੇ ਡਾਕਟਰੀ ਇਲਾਜ ਉਪਰੰਤ ਉਸ ਦੀ ਹਾਲਤ ਸਥਿਰ ਹੋਈ। ਗੋਰਤਲਬ ਹੈ ਕਿ ਸਿਲੰਡਰ ਦਾ ਰੈਗੂਲੇਟਰ ਫੱਟਣ ਵੇਲੇ ਗੈਸ ਚੁੱਲ੍ਹਾ ਬੰਦ ਪਿਆ ਸੀ। ਜੇਕਰ ਗੈਸ ਚੁੱਲ੍ਹਾ ਬਲਦੇ ਸਮੇਂ ਅਜਿਹਾ ਹਾਦਸਾ ਹੁੰਦਾ ਤਾਂ ਰੱਬ ਹੀ ਰਾਖਾ ਹੋ ਸਕਦਾ ਸੀ। ਅਤੇ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੀ। ਜਦੋਂ ਇਸ ਸਬੰਧੀ ਹੁਸ਼ਿਆਰਪੁਰ ਵਿਖੇ ਗੈਸ ਏਜੰਸੀ ਦੇ ਮਾਲਕ ਅਵਤਾਰ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਵਾਲੇ ਘਰ ਪਹੁੰਚ ਕੇ ਫੱਟੇ ਹੋਏ ਰੈਗੂਲੇਟਰ ਦਾ ਬਚਿਆ ਹੋਇਆ ਹਿੱਸਾ ਆਪਣੇ ਕਬਜ਼ੇ ਵਿੱਚ ਇਹ ਕਹਿ ਕੇ ਲੈ ਲਿਆ ਕਿ ਉਹ ਇਸ ਦੀ ਜਾਂਚ ਕਰਵਾਉਣਗੇ। ਜਾਣਕਾਰੀ ਮੁਤਾਬਿਕ ਕਰੀਬ ਦੋ ਸਾਲ ਪਹਿਲਾਂ ਵੀ ਪਿੰਡ ਅੱਤੋਵਾਲ ਵਿਖੇ ਇੱਕ ਗੈਸ ਸਿਲੰਡਰ ਲੀਕ ਹੋ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ ਜਿਸ ਵਿੱਚ ਮਾਂ ਬੇਟੀ ਪੂਰੀ ਤਰ੍ਹਾਂ ਝੁਲਸ ਗਈਆਂ ਸਨ ਅਤੇ ਬਾਅਦ ਵਿੱਚ ਮਾਂ ਦੀ ਜਾਨ ਚਲੀ ਗਈ ਸੀ। ਗੈਸ ਸਿਲੰਡਰ ਦਾ ਰੈਗੂਲੇਟਰ ਫੱਟਣ ਨਾਲ ਵਾਪਰੀ ਅੱਜ ਦੀ ਇਹ ਘਟਨਾ ਇਲਾਕੇ ਵਿੱਚ ਅੱਗ ਵਾਂਗ ਫੈਲ ਚੁੱਕੀ ਹੈ ਅਤੇ ਪੀੜਤ ਪਰਿਵਾਰ ਦੇ ਮੈਂਬਰ ਪੂਰੀ ਤਰ੍ਹਾਂ ਸਹਿਮੇ ਹੋਏ ਹਨ।

Tags