Hoshiarpur

ਕੌੜੀ ਜਲੇਬੀ

ਸੁਰਜੀਤ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਜਿਸਦੀ ਮਾਂ ਨੂੰ ਸਵਰਗਵਾਸ ਹੋਇਆਂ ਦਸ ਸਾਲ ਹੋ
ਚੁੱਕੇ ਸਨ। ਉਸਦਾ ਪਿਤਾ ਉਜਾਗਰ ਸਿੰਘ ਜੋ ਕਿ 80 ਕੁ ਸਾਲਾਂ ਦਾ ਹੋ ਚੁੱਕਾ ਸੀ ਹੁਣ ਜਿਆਦਾ ਹੀ ਬਿਮਾਰ ਰਹਿਣ ਲੱਗ ਪਿਆ ਸੀ। ਸੁਰਜੀਤ ਦੇ ਭਰਾ ਭਰਜਾਈਆਂ ਉਸਦੇ ਪਿਤਾ ਦਾ ਬਹੁਤਾ ਖਿਆਲ ਨਹੀਂ ਸੀ ਰੱਖਦੇ। ਉਹ ਕਈ ਵਾਰ ਆਪਣੇ ਨੂੰਹਾਂ ਪੁੱਤਰਾਂ ਨੂੰ ਅਵਾਜਾਂ ਮਾਰਦਾ ਰਹਿੰਦਾ ਪਰ ਉਹ ਆਪਣੇ ਰੁਝੇਵੇ ਦੱਸਦੇ ਹੋਏ ਉਸਨੂੰ ਅਣਸੁਣਿਆ ਕਰ ਦਿੰਦੇ। ਉਜਾਗਰ ਸਿੰਘ ਮਨ ਹੀ ਮਨ ਬੜਾ ਦੁਖੀ ਹੁੰਦਾ।ਸੁਰਜੀਤ ਅਕਸਰ ਹੀ ਆਪਣੇ ਪਿਤਾ ਨੂੰ ਮਿਲਣ ਆ ਜਾਇਆ ਕਰਦੀ ਸੀ।ਉਹ ਆਪਣੇ ਭਰਾ ਤੇ ਭਰਜਾਈਆਂ ਦਾ ਆਪਣੇ ਪਿਤਾ ਪ੍ਰਤੀ ਇਹ ਰਵੱਈਆ ਦੇਖਕੇ ਬਹੁਤ ਦੁਖੀ ਹੁੰਦੀ ਪਰ ਉਹ ਕਰ ਕੁਝ ਨਹੀਂ ਸੀ ਸਕਦੀ। ਇਕ ਦਿਨ ਉਸਨੇ ਆਪਣੇ ਪਿਤਾ ਨੂੰ ਉਸਦੇ ਨਾਲ ਚਲਣ ਲਈ ਕਿਹਾ, ਪਰ ਉਜਾਗਰ ਸਿੰਘ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਧੀਏ! ਲੋਕ ਕੀ ਕਹਿਣਗੇ ਇਹ ਨੂੰਹਾਂ ਪੁੱਤਰਾਂ ਦੇ ਹੁੰਦਿਆਂ ਹੋਇਆਂ ਧੀ ਕੋਲ ਜਾ ਕੇ ਬੈਠ ਗਿਅਾ। ਆਖਿਰ ਧੀ ਦੇ ਬਹੁਤ ਮਿੰਨਤਾਂ ਪਾਉਣ ਤੇ ਵੀ ਜਦ ਉਜਾਗਰ ਸਿੰਘ ਨਾ ਮੰਨਿਆਂ ਤਾਂ ਉਹ ਆਪਣੇ ਘਰ ਚਲੀ ਗਈ। ਆਖਿਰ ਇਕ ਦਿਨ ਉਸਨੂੰ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਖਬਰ ਮਿਲੀ ਤੇ ਉਹ ਭੱਜੀ ਆਈ ਅਤੇ ਆਪਣੇ ਪਿਤਾ ਨੂੰ ਦੇਖਕੇ ਬਹੁਤ ਰੋਈ। ਉਸਦੇ ਭਰਾਵਾਂ ਨੇ ਪਿਤਾ ਦੇ ਭੋਗ ਉੱਤੇ ਜਲੇਬੀਆਂ ਪਾਉਣ ਦੀ ਸਲਾਹ ਬਣਾਈ। ਸੁਰਜੀਤ ਹੁਣ ਸੋਚ ਰਹੀ ਸੀ ਕਿ ਜਿਹਨਾਂ ਪੁੱਤਰਾਂ ਨੇ ਜਿਊਂਦੇ ਜੀ ਆਪਣੇ ਪਿਤਾ ਦੀ ਸੇਵਾ ਨਹੀਂ ਸੀ ਕੀਤੀ ਅੱਜ ਉਹ ਉਸਦੇ ਭੋਗ ਉੱਤੇ ਜਲੇਬੀਆਂ ਕਿਉਂ ਪਾ ਰਹੇ ਹਨ। ਲੰਗਰ ਦੀ ਪੰਗਤ ਵਿੱਚ ਬੈਠੀ ਹੋਈ ਦੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਲੰਗਰ ਵਿੱਚ ਪਾਈ ਹੋਈ ਜਲੇਬੀ ਉਸਦੇ ਅੰਦਰ ਨਹੀਂ ਸੀ ਲੰਘ ਰਹੀ ਕਿਉਂ ਕਿ ਉਸਨੂੰ ਉਹ ਜਲੇਬੀ ਕੌੜੀ ਪ੍ਰਤੀਤ ਹੋ ਰਹੀ ਸੀ।
ਪਰਮਜੀਤ ਕੌਰ ਭੁਲਾਣਾ- 9877262705

Tags