Hoshiarpur

ਸੁਖਵਿੰਦਰ ਪੰਛੀ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਰਧਾਂਜਲੀ ਗੀਤ ਦੀ ਸ਼ੂਟਿੰਗ

ਹੁਸ਼ਿਆਰਪੁਰ (ਦਲਜੀਤ ਅਜਨੋਹਾ)- ਪੰਜਾਬੀ ਗਾਇਕੀ ਵਿਚ ਨਵੇਂ ਨਵੇਂ ਤਜਰਬੇ ਕਰਨ ਵਾਲੇ ਗਾਇਕ ਸੁਖਵਿੰਦਰ ਪੰਛੀ ਦਾ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਵਜ਼ੋਂ ਗਾਏ ਗੀਤ ਦੀ ਸ਼ੂਟਿੰਗ ਪਿਛਲੇ ਦਿਨੀਂ ਇੱਥੇ ਮੁਕੰਮਲ ਕਰ ਲਈ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਇਸ ਸਿੰਗਲ ਟਰੈਕ ਦੇ ਨਿਰਦੇਸ਼ਕ ਤਸਵੀਰ ਬੋਪਾਰਾਏ ਅਤੇ ਨਿਰਮਾਤਾ ਕੁਲਵਿੰਦਰ ਗਿੱਲ ਨੇ ਦੱਸਿਆ ਕਿ ਇਹ ਗੀਤ ਪੰਛੀ ਨੇ ਬੜੇ ਜੋਸ਼ ਨਾਲ ਗਾਇਆ ਹੈ ਭਾਵ ਇਹ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਭਰਦਾ ਹੈ।ਇਹ ਗੀਤ ਅਜੋਕੀ ਪਨੀਰੀ ਲਈ ਬਹੁਤ ਲੋੜੀਂਦਾ ਹੈ।ਇਸ ਬਾਰੇ ਵਿਚਾਰ ਪੇਸ਼ ਕਰਦਿਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਹਰ ਕਲਾਕਾਰ ਨੂੰ ਦੇਸ਼ ਪ੍ਰੇਮ ਅਤੇ ਸਮਾਜ ਨੂੰ ਨਰੋਈਆਂ ਲੀਹਾਂ ਤੇ ਪਾਉਣ ਵਾਲੀ ਗਾਇਕੀ ਗਾਉਣੀ ਚਾਹੀਦੀ ਹੈ।ਇਸ ਨਾਲ ਮਨੋਰੰਜਨ ਅਤੇ ਸਮਾਜ ਭਲਾਈ ਦੇ ਦੋਨੋਂ ਕਾਰਜ ਹੁੰਦੇ ਹਨ।ਇਸ ਉਦੇਸ਼ ਦੀ ਪੂਰਤੀ ਵਿਚ ਜੁਟਿਆ ਸੁਖਵਿੰਦਰ ਪੰਛੀ ਵਧਾਈ ਦਾ ਪਾਤਰ ਹੈ।
ਇਸ ਸਿੰਗਲ ਟਰੈਕ ਦੀ ਸ਼ੂਟਿੰਗ ਵਿਚ ਜਿੱਥੇ ਇਲਾਕੇ ਦਾ ਕਲਾਕਾਰਾਂ ਨੇ ਭਾਗ ਲਿਆ ੳਤੇ ਕਈ ਕਲਾ ਪ੍ਰੇਮੀਆਂ ਨੇ ਇਸ ਮੌਕੇ ਭਰਪੂਰ ਮਨੋਰੰਜਨ ਵੀ ਕੀਤਾ।ਇਸ ਗੀਤ ਨੂੰ ਜਿੰਨੀ ਸੁਰੀਲੀ ਅਵਾਜ਼ ਵਿਚ ਗਾਇਕ ਨੇ ਗਾਇਆ ਹੈ ਉਸੇ ਤਰ੍ਹਾਂ ਅਮਰੀਕਾ ਵਸਦੇ ਗੀਤਕਾਰ ਗੁਰਦਿਆਲ ਸੰਧੂ ਨੇ ਰੂਹ ਨਾਲ ਸਿਰਜਿਆ ਵੀ ਹੈ।ਦੇਸ਼ ਭਗਤੀ ਨਾਲ ਭਰਪੁਰ ਇਹ ਗੀਤ ਹਰ ਇਕ ਨੂੰ ਹਲੂਣਦਾ ਹੋਇਆ ਦੇਸ਼ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੰਦਾ ਹੈ।ਪੰਛੀ ਨੇ ਦੱਸਿਆ ਕਿ ਇਹ ਗੀਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਅਤੇ ਇਸੇ ਹਫਤੇ ਬੜੀ ਸਜ ਧਜ ਨਾਲ ਜਾਰੀ ਕੀਤਾ ਜਾਵੇਗਾ।

Tags