Hoshiarpur

ਕੋਵਿਡ-19; ਜ਼ਿਲਾ ਮੈਜਿਸਟਰੇਟ ਵਲੋਂ ਜਲੰਧਰ ਤੋਂ ਹੁਸ਼ਿਆਰਪੁਰ ਆਉਣ ਵਾਲੀ ਪਬਲਿਕ ‘ਤੇ ਪੂਰਨ ਪਾਬੰਦੀ

ਜਲੰਧਰ ਤੋਂ ਆਉਣ ਵਾਲੇ ਨੈਸ਼ਨਲ ਹਾਈ ਵੇਅ/ਲਿੰਕ ਰੋਡ ਸੀਲ
ਹੁਸ਼ਿਆਰਪੁਰ 27 ਅਪ੍ਰੈਲ (ਅਮਰਜੀਤ ਸਿੰਘ, ਦਲਜੀਤ ਸਿੰਘ ਅਜਨੋਹਾ)- ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਹੁਸ਼ਿਆਰਪੁਰ ਵਿੱਚ ਕੋਵਿਡ-19 ਦੇ ਮਾੜੇ ਪ੍ਰਭਾਵ ਦੀ ਰੋਕਥਾਮ ਲਈ ਜ਼ਿਲਾ ਜਲੰਧਰ ਤੋਂ ਆਉਣ ਵਾਲੀ ਪਬਲਿਕ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮ ਵਿੱਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜਲੰਧਰ ਤੋਂ ਆਉਣ ਵਾਲੇ ਨੈਸ਼ਨਲ ਹਾਈ ਵੇਅ/ ਲਿੰਕ ਰੋਡ ਸੀਲ ਕੀਤੇ ਜਾਂਦੇ ਹਨ। ਕਿਸੇ ਵੀ ਵਿਅਕਤੀ ਨੂੰ ਜ਼ਿਲਾ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲਾ ਵਿੱਚ ਦਾਖਲ ਹੋਣ ਦੀ ਇਜ਼ਾਜ਼ਤ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਜ਼ਿਲਾ ਰਾਹੀਂ ਇਸ ਜ਼ਿਲਾ ਵਿੱਚ ਆਉਣ ਦੀ ਇਜ਼ਾਜਤ ਹੋਵੇਗੀ। ਜਾਰੀ ਕੀਤੇ ਹੁਕਮ ਵਿੱਚ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਜਲੰਧਰ ਜ਼ਿਲਾ ਦਾ ਵਸਨੀਕ ਹੈ ਅਤੇ ਉਹ ਜ਼ਿਲਾ ਹੁਸ਼ਿਆਰਪੁਰ ਵਿੱਚ ਨੌਕਰੀ ਕਰ ਰਿਹਾ ਹੈ, ਤਾਂ ਉਹ ਵਿਅਕਤੀ ਆਪਣੀ ਰਿਹਾਇਸ਼ ਜ਼ਿਲਾ ਹੁਸ਼ਿਆਰਪੁਰ ਵਿੱਚ ਹੀ ਰੱਖੇਗਾ ਜਾਂ ਉਹ ਅਧਿਕਾਰੀ/ਕਰਮਚਾਰੀ ਆਪਣੇ ਵਿਭਾਗ ਦੇ ਮੁਖੀ ਪਾਸੋਂ ਇਸ ਸ਼ਰਤ ‘ਤੇ ਛੋਟ ਪ੍ਰਾਪਤ ਕਰ ਸਕਦਾ ਹੈ, ਕਿ ਵਿਭਾਗ ਦੇ ਮੁਖੀ ਨੇ ਉਸ ਅਧਿਕਾਰੀ/ਕਰਮਚਾਰੀ ਦੀ ਸੀਟ ਦਾ ਕੋਈ ਬਦਲਵਾਂ ਪ੍ਰਬੰਧ ਕਰ ਲਿਆ ਹੈ। ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਹੁਸ਼ਿਆਰਪੁਰਜ਼ਿਲਾ ਨਾਲ ਲੱਗਦੇ ਰਾਜ, ਜ਼ਿਲਾ (ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਜ਼ਿਲਾ ਰੂਪ ਨਗਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ ਆਦਿ) ਦੇ ਬਾਰਡਰਾਂ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਲਾਜ਼ਮੀ ਹੋਵੇਗੀ ਅਤੇ ਇਹ ਚੈਕਿੰਗ ਪੁਲਿਸ ਵਿਭਾਗ ਵਲੋਂ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਨੂੰ ਬਿਨਾ ਚੈਕਿੰਗ ਜ਼ਿਲਾ ਹੁਸ਼ਿਆਰਪੁਰ ਵਿੱਚ ਦਾਖਲ ਹੋਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਜ਼ਿਲਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਜ਼ਿਲਾ ਜਲੰਧਰ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਣ ਅਤੇ ਇਸ ਵਾਇਰਸ ਦੇ ਫੈਲਾਅ ਦਾ ਖਦਸ਼ਾ ਹੋਣ ਕਰਕੇ ਇਹ ਪਾਬੰਦੀਆਂ ਲਗਾਉਣੀਆਂ ਜ਼ਰੂਰੀ ਹਨ।

Tags