Hoshiarpur

ਬਿਜਲੀ ਬੋਰਡ ਦੇ ਜੇ ਈ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ

ਕੌਂਸਲ ਆਫ਼ ਇੰਜੀਨੀਅਰ ਜੂਨੀਅਰ ਯੂਨੀਅਨ ‘ਚ ਰੋਸ
ਹੁਸ਼ਿਆਰਪੁਰ 30 ਜੂਨ (ਦਲਜੀਤ ਅਜਨੋਹਾ)- ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਸ਼ਹਿਰ ਦੀ ਘਣੀ ਆਬਾਦੀ ‘ਚ ਸਥਿਤ ਪੰਜਾਬ ਰਾਜ ਪਾਵਰਕਾਮ ਦੇ ਇੰਜੀਨੀਅਰਾਂ ਦੇ ਦਫ਼ਤਰ ਵਿਚ ਉਸ ਸਮੇਂ ਖ਼ਲਬਲੀ ਮਚ ਗਈ ਜਦੋਂ ਮੁਹੱਲਾ ਵਾਸੀਆਂ ਨੇ ਦਫ਼ਤਰ ਦੇ ਅੰਦਰ ਬਰਾਂਡੇ ਵਿਚ ਬਿਜਲੀ ਬੋਰਡ ਦੇ ਇੱਕ ਜੇ ਈ ਦੀ ਛੱਤ ਨਾਲ ਲੱਗੇ ਪੱਖ਼ੇ ਨਾਲ ਲਟਕਦੀ ਲਾਸ਼ ਦੇਖ਼ੀ। ਲੋਕਾਂ ਨੇ ਤੁਰੰਤ ਮਾਹਿਲਪੁਰ ਪੁਲਿਸ ਨੂੰ ਸੂਚਿਤ ਕੀਤਾ ਜਿਨ੍ਹਾਂ ਲਾਸ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਮੌਜੂਦ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਇਸ ਖ਼ੁਦਕੁਸ਼ੀ ਕਾਰਨ ਆਪਣੀ ਮੈਨੇਜਮੈਂਟ ਖ਼ਿਲਾਫ਼ ਭੜਾਸ ਕੱਢਦੇ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਭਾਮ ਜੋ ਕਿ ਮਾਹਿਲਪੁਰ ਵਿਖ਼ੇ ਬਿਜਲੀ ਬੋਰਡ ਵਿਚ ਬਤੌਰ ਜੇ ਈ ਕੰਮ ਕਰਦਾ ਸੀ ਅਤੇ ਇੱਕ ਨੇਕ ਕਰਮਚਾਰੀ ਵਜੋਂ ਜਾਣਿਆਂ ਜਾਂਦਾ ਸੀ ਨੇ ਦਫ਼ਤਰ ਆ ਕੇ ਛੱਤ ਵਾਲੇ ਪੱਖ਼ੇ ਨਾਲ ਫ਼ਾਹਾ ਲੈ ਲਿਆ। ਪਤਨੀ ਇੰਦਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦਾ ਪਤੀ ਅੱਜ ਸਵੇਰੇ ਸਾਢੇ ਸੱਤ ਵਜੇ ਘਰੋਂ ਆਪਣੀ ਸਕੂਟਰੀ ਨੰਬਰ ਪੀ ਬੀ 07 ਏ ਟੀ 3483 ‘ਤੇ ਸਵਾਰ ਹੋ ਕੇ ਆਪਣੇ ਕੰਮ ‘ਤੇ ਗਿਆ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਆਪਣੀ ਨੌਕਰੀ ਵਿਚ ਆ ਰਹੀਆਂ ਔਕੜਾਂ ਕਾਰਨ ਕਾਫ਼ੀ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਵਿਭਾਗੀ ਕਰਮਚਾਰੀਆਂ ਦੇ ਆਏ ਫ਼ੋਨ ਤੋਂ ਪਤਾ ਲੱਗਾ। ਦੂਜੇ ਪਾਸੇ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਯੂਨੀਅਨ ਦੇ ਆਗੂਆਂ ਪ੍ਰਦਿਉਮਣ ਗੌਤਮ, ਸ਼ਾਮ ਸੁੰਦਰ ਨੇ ਕਿਹਾ ਕਿ ਬੋਰਡ ਦੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਇੰਜੀਨੀਅਰ ਸਟਾਫ਼ ਨੂੰ ਦਫ਼ਤਰਾਂ ਵਿਚ ਬਿਠਾਇਆ ਹੋਇਆ ਹੈ ਅਤੇ ਅਤੇ ਠੇਕੇ ‘ਤੇ ਲੱਗੇ ਗੈਰ ਤਜ਼ਰਬੇਕਾਰ ਕਰਮਚਾਰੀਆਂ ਨੂੰ ਫ਼ੀਲਡ ਵਿਚ ਭੇਜਿਆ ਗਿਆ ਹੈ ਜਿਸ ਕਾਰਨ ਕੰਮ ਦਾ ਬੋਝ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਰਾਜਸੀ ਦਖ਼ਲ ਅੰਦਾਜੀ ਕਾਰਨ ਉਨ੍ਹਾਂ ‘ਤੇ ਕੰਮ ਦਾ ਬੋਝ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੇ ਈ ਕੋਲ ਮਾਹਿਲਪੁਰ ਤੋਂ ਲੈ ਕੇ ਭਾਮ ਤੱਕ 15 ਕਿੱਲੋਮਂਟਰ ਦਾ ਏਰੀਆ ਸੀ ਅਤੇ ਬਿਜਲੀ ਚੋਰੀ ਦੇ ਕੇਸਾਂ ਵਿਚ ਉਸ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਕਾਰਨ ਉਹ ਬੋਝ ਸਹਾਰ ਨਾ ਸਕਿਆ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਭਵਿੱਖ਼ ਵਿਚ ਕੋਈ ਹੋਰ ਅਜਿਹੀ ਘਟਨਾ ਨਾ ਵਾਪਰੇ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਦੇ ਬਿਆਨਾ ‘ਤੇ ਫ਼ਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰੰਤੂ ਇਸ ਦੀ ਪੜਤਾਲ ਡੂੰਘਾਈ ਤੱਕ ਕੀਤੀ ਜਾਵੇਗੀ/

Tags