Hoshiarpur

ਕਾਗਜ਼ੀ ਭਲਵਾਨ- ਕਹਾਣੀਕਾਰਾ: ਸੁਰਜੀਤ ਕੌਰ ਬਸਰਾ

ਕਾਗਜ਼ੀ ਭਲਵਾਨ
– ਰੀਵਿਊਕਾਰ: ਬਲਜਿੰਦਰ ਮਾਨ
ਕਹਾਣੀਕਾਰਾ: ਸੁਰਜੀਤ ਕੌਰ ਬਸਰਾ
ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ, ਪੰਨੇ:103, ਮੁੱਲ :200/-
ਅਜੋਕੀ ਕਹਾਣੀ ਵਿਚ ਨਵੇਂ ਨਵੇਂ ਤਜਰਬੇ ਹੋ ਰਹੇ ਹਨ। ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੋਣ ਕਰਕੇ ਕਹਾਣੀ ਕਲਾ ਵਿਚ ਕੁਝ ਨਵਾਂ ਤੇ ਨਿਵੇਕਲਾ ਸ਼ਾਮਿਲ ਹੋ ਰਿਹਾ ਹੈ। ਕਹਾਣੀ ਘੜ੍ਹਨ ਦੀਆਂ ਜੁਗਤਾਂ ਵਿਚ ਵੀ ਤਬਦੀਲੀਆਂ ਆਈਆਂ ਹਨ। ਇਹਨਾਂ ਸਭ ਤੁਜਰਬਿਆਂ ਵਿਚੋਂ ਲੰਘਦੀ ਹੋਈ ਇਸ ਪੁਸਤਕ ਦੀ ਕਹਾਣੀਕਾਰ ਸੁਰਜੀਤ ਕੌਰ ਬਸਰਾ ਆਪਣੀ ਕਹਾਣੀ ਦੀ ਸਿਰਜਣਾ ਬੜੀ ਜੁਗਤਮਈ ਢੰਗ ਨਾਲ ਕਰਦੀ ਹੈ। ਡੀਏਵੀ ਕਾਲਜ ਹੁਸ਼ਿਆਰਪੁਰ ਵਿਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੀ ਹੋਈ ਨੌਜਵਾਨ ਮੁੰਡੇ ਕੁੜੀਆਂ ਨਾਲ ਵਿਚਰਦੀ ਹੈ। ਉਹਨਾਂ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਇਸ ਸੰਵਾਦ ਵਿਚੋਂ ਉਸਨੂੰ ਜੀਵਨ ਦੀਆਂ ਆਧੂਨਿਕ ਤਬਦੀਲੀਆਂ ਦਾ ਗਿਆਨ ਵਿਗਿਆਨ ਸਮਝ ਆਉਂਦਾ ਹੈ। ਇਸ ਸੂਝ ਬੂਝ ਨੂੰ ਉਹ ਆਪਣੀਆਂ ਕਹਾਣੀਆਂ ਵਿਚ ਸ਼ਾਮਿਲ ਕਰਦੀ ਹੈ। ਇਸ ਤਰਾਂ ਇਹ ਕਹਾਣੀਆਂ ਆਨੰਦਮਈ ਅਤੇ ਸਹਜਮਈ ਬਣ ਜਾਂਦੀਆਂ ਹਨ। ਬਸਰਾ ਦਾ ਇਹ ਦੂਸਰਾ ਕਹਾਣੀ ਸੰਗ੍ਰਹਿ ਹੈ। 2017 ਵਿਚ ਛਪੇ ਕਹਾਣੀ ਸੰਗ੍ਰਹਿ ਲੋਹੇ ਦੀ ਮਿੱਟੀ ਦੇ ਲੋਕ‘ ਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ। ਹੱਥਲੀ ਪੁਸਤਕ ਕਾਗਜ਼ੀ ਭਲਵਾਨ ਵਿਚ ਉਸਨੇ ਆਪਣੀਆਂ ਨੌਂ ਕਹਾਣੀਆਂ ਦਰਜ ਕੀਤੀਆਂ ਹਨ। ਇਹ ਕਹਾਣੀਆਂ ਸਮਾਜਿਕ, ਰਾਜਸੀ, ਆਰਥਿਕ, ਧਾਰਮਿਕ ਅਤੇ ਗੱਭਰੂ ਮਨੋਬਿਰਤੀਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰਦੀਆਂ ਹਨ। ਜਿਸ ਕਰਕੇ ਹਰ ਪਾਠਕ ਦੇ ਮਨ ਤੇ ਆਪਣੀ ਗਹਿਰੀ ਛਾਪ ਲਾਉਂਦੀਆਂ ਹਨ। ਇਹਨਾਂ ਵਿਚ ਬਿਰਤਾਂਤ ਵਿਧੀ ਨੂੰ ਅਪਣਾਇਆ ਗਿਆ ਹੈ। ਕਥਾ ਰਸ ਪ੍ਰਧਾਨ ਹੋਣ ਕਰਕੇ ਸਾਰੇ ਵਿਸ਼ੇ ਕਲਾਮਈ ਢੰਗ ਨਾਲ ਨਿਖਾਰੇ ਤੇ ਵਿਚਾਰੇ ਗਏ ਹਨ।
ਬਸਰਾ ਦੀ ਸਿਰਜਣਾ ਲਈ ਉਸਦਾ ਜੀਵਨ ਸਾਥੀ ਐਡਵੋਕੇਟ ਮੁਨੀਸ਼ ਜੋਸ਼ੀ ਪ੍ਰੇਰਨਾ ਸਰੋਤ ਹੈ। ਇਸ ਪ੍ਰੇਰਨਾ ਸਦਕਾ ਉਸਨੇ ਅੱਜ ਤਕ ਦੋ ਪੁਸਤਕਾਂ ਦੀ ਸਿਰਜਣਾ ਕਰ ਦਿੱਤੀ ਹੈ। ਉਸਦੀਆਂ ਕਹਾਣੀਆਂ ਵਿਚੋਂ ਜਿਥੇ ਸਾਡੇ ਆਲੇ ਦੁਆਲੇ ਦੀਆਂ ਝਲਕਾਂ ਮਿਲਦੀਆਂ ਹਨ ਉਥੇ ਪੁਰਾਤਨ ਵਿਰਾਸਤ ਬਾਰੇ ਵੀ ਕਾਫੀ ਗਿਆਨ ਮਿਲਦਾ ਹੈ। ਦਾਦੀਆਂ ਨਾਨੀਆਂ ਅਤੇ ਬੁਢੀਆਂ ਔਰਤਾਂ ਦੀ ਮਾਨਸਿਕਤਾ ਅਤੇ ਆਪਸੀ ਪਿਆਰ ਸਤਿਕਾਰ ਕਹਾਣੀ ਵਡਾਲੇ ਵਾਲੀ ਭੂਆ ਵਿੱਚੋ ਵੇਖਿਆ ਜਾ ਸਕਦਾ ਹੈ। ਇਹ ਕਹਾਣੀ ਸਾਨੂੰ ਆਪਸੀ ਰਿਸ਼ਤਿਆਂ ਦਾ ਵਿਆਕਰਣ ਸਿਖਾਉਂਦੀ ਹੋਈ ਆਧੁਨਿਕ ਸਮੇਂ ਲਈ ਤਿਆਰ ਕਰਦੀ ਹੈ। ਰਿਸ਼ਤਿਆਂ ਚੋਂ ਮੁੱਕ ਰਹੇ ਨਿੱਘ ਪ੍ਰਤੀ ਇਸ ਕਹਾਣੀ ਰਾਹੀਂ ਸੁਚੇਤ ਕੀਤਾ ਗਿਆ ਹੈ।
ਮਨੁੱਖੀ ਮਨ ਚੋਂ ਹੈਂਕੜ ਅਜੇ ਤਕ ਵੀ ਨਹੀਂ ਗਈ। ਇਸੇ ਕਰਕੇ ਔਰਤ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੋ ਰਹੀ ਹੈ। ਧੀਆਂ ਦੇ ਦੁੱਖ ਦਰਦ ਅਤੇ ਰਿਸ਼ਤਿਆਂ ਦੀ ਗੱਲ ਬਾਤ ਨੂੰ ਕਹਾਣੀ ‘ਹਜ਼ਾਰਾਂ ਮਣਾਂ ਬੋਝ, ਅਧੂਰੀਆਂ ਸਧਰਾਂ, ਬੋਲ ਪੁਗਾਉਣੇ ਔਖੇ ਅਤੇ ਢੇਰ ਕੂੜਾ ਵਿਚ ਬਾਖੂਬੀ ਚਿਤਰਿਆ ਗਿਆ ਹੈ। ਔਰਤ ਆਦਿ ਕਾਲ ਤੋਂ ਹੀ ਇਕ ਦਰਦ ਭਰੀ ਕਹਾਣੀ ਬਣੀ ਹੋਈ ਹੈ। ਭਾਵੇਂ ਅੱਜ ਸਾਨੂੰ ਲੱਗਦਾ ਹੈ ਕਿ ਔਰਤ ਪੜ੍ਹ ਲਿ੍ਖ ਕੇ ਬਹੁਤ ਅੱਗੇ ਨਿੱਕਲ ਗਈ ਹੈ ਪਰ ਅਜੇ ਵੀ ਉਸਦੀ ਦਸ਼ਾ ਵੱਲ ਬਹੁਤ ਗੌਰ ਕਰਨ ਦੀ ਲੋੜ ਹੈ ਅਜਿਹੇ ਕਈ ਇਸ਼ਾਰੇ ਇਹਨਾਂ ਕਹਾਣੀਆਂ ਵਿਚ ਮਿਲਦੇ ਹਨ। ਲੇਖਿਕਾ ਦੀਆਂ ਕਹਾਣੀਆਂ ਵਿਚ ਜਿਥੇ ਸਾਡੇ ਆਰਥਿਕ ਨਾ ਬਰਾਬਰੀ ਕਰਕੇ ਰਿਸ਼ਤਿਆਂ ਦੀ ਕਿਰਕਿਰੀ ਦਾ ਬਿਆਨ ਕੀਤਾ ਮਿਲਦਾ ਹੈ ੳੱਥੇ ਆਮ ਲੋਕਾਂ ਦੀਆਂ ਜੀਵਨ ਦੁਸ਼ਵਾਰੀਆਂ ਨੂੰ ਵੀ ਬੇ ਬਾਕੀ ਨਾਲ ਪੇਸ਼ ਕੀਤਾ ਹੈ। ਕਹਾਣੀ ਹਜ਼ਾਰਾ ਮਣਾਂ ਬੋਝ ਵਿਚ ਪਿਆਰ ਮੁਹੱਬਤ ਦਾ ਸਿਖਰ ਸਿਰਜਦੀ ਹੋਈ ਲੇਖਿਕਾ ਇਹ ਸੰਵਾਦ ਰਚਾਉਂਦੀ ਹੈ: ਦਿਲ ਤੇ ਪਹਾੜ ਧਰ ਉਹ ਉਸ ਕੋਲੋਂ ਮੂੰਹ ਮੋੜ ਕੇ ਤੁਰ ਪਈ ਤੇ ਹਰਜੀਤ ਨੇ ਉਸਨੂੰ ਤੁਰੀ ਜਾਂਦੀ ਨੂੰ ਪਿਛਿਓਂ ਅਵਾਜ਼ ਮਾਰੀ ਸੁੱਖੀ ਆਹ ਲੈ ਫੜਆਪਣੀ ਅਮਾਨਤ। ਸੁੱਖੀ ਦੀ ਤਰ੍ਹਾਂ ਹਰਜੀਤ ਨੇ ਵੀ ਉਸਦਾ ਸਮਾਨ ਵਾਪਸ ਫੜਾ ਦਿੱਤਾ ਸੀ। ਸੁੱਖੀ ਸੋਚਣ ਲੱਗੀ, ਕੀ ਸਮਾਨ ਮੋੜਨ ਨਾਲ, ਜਜ਼ਬਾਤਾਂ ਦੀ ਸਾਂਝ ਵੀ ਮੋੜੀ ਜਾ ਸਕਦੀ ਹੈ?
ਪੁਸਤਕ ਵਿਚ ਸ਼ਾਮਿਲ ਕਹਾਣੀਆ ਮੋਹ ਦੀਆਂ ਤੰਦਾਂ, ਕਾਗਜ਼ੀ ਭਲਵਾਨ, ਸੋਹਣਾ ਤਾਰਾ, ਅਤੇ ਵਾਪਸੀ ਸਾਡੀ ਮਾਨਸਿਕਤਾ ਦਾ ਬੜੀ ਗਹਿਰਾਈ ਤਕ ਵਿਸ਼ਲੇਸ਼ਣ ਕਰਦੀਆ ਹਨ। ਇਕ ਮਨੁੱਖ ਕਿੰਨੇ ਰੂਪ ਧਾਰ ਸਕਦਾ ਹੈ। ਉਹ ਵੱਖ ਮੌਕਿਆਂ ਤੇ ਕਿਵੇਂ ਸਾਡੇ ਰੂਬਰੂ ਹੁੰਦਾ ਹੈ। ਇਹ ਸਭ ਕੁਝ ਕਹਾਣੀਆਂ ਵਿਚੋਂ ਇਕ ਝਰਨੇ ਵਾਂਗ ਫੁੱਟਦਾ ਹੈ। ਕਹਾਣੀ ਲੇਖਿਕਾ ਨੇ ਬਿਰਤਾਂਤ ਸਿਰਜਣ ਤੇ ਜ਼ਿਆਦਾ ਜੋਰ ਦਿੱਤਾ। ਜੇਕਰ ਸੰਵਾਦ ਰਚਾਇਆ ਜਾਂਦਾ ਤਾਂ ਕਹਾਣੀਆਂ ਵਿਚ ਨਾਟਕੀ ਤੱਤ ਪ੍ਰਧਾਨ ਹੋ ਜਾਣਾ ਸੀ। ਜਿਸ ਨਾਲ ਕਹਾਣੀਆਂ ਹੋਰ ਦਿਲਚਸਪੀ ਹੋ ਜਾਣੀਆਂ ਸਨ। ਫਿਰ ਵੀ ਇਹ ਕਹਾਣੀਆਂ ਸਰਲ ਅਤੇ ਰੌਚਕ ਸ਼ੈਲੀ ਵਿਚ ਸਿਰਜੀਆਂ ਹੋਣ ਕਰਕੇ ਮਾਨਣਯੋਗ ਹਨ।

Tags