jalandhar

23 ਤੋਂ ਜ਼ਿਆਦਾ ਮਰੀਜ਼ਾਂ ’ਚ ਕੋਵਿਡ-19 ਦੇ ਲੱਛਣ ਨਾ ਪਾਏ ਜਾਣ ’ਤੇ ਸਿਵਲ ਹਪਸਤਾਲ ਤੋਂ ਦਿੱਤੀ ਛੁੱਟੀ

ਪਿਛਲੇ 24 ਘੰਟਿਆਂ ਦੌਰਾਨ 101 ਮਰੀਜ਼ਾਂ ਨੂੰ ਭਾਰਤ ਸਰਕਾਰ ਦੇ ਨਵੇਂ ਐਸ.ਓ.ਪੀ. ਤਹਿਤ ਦਿੱਤੀ ਜਾ ਚੁੱਕੀ ਛੁੱਟੀ
ਜਲੰਧਰ 16 ਮਈ (ਅਮਰਜੀਤ ਸਿੰਘ, ਦਲਬੀਰ ਸਿੰਘ)- ਭਾਰਤ ਸਰਕਾਰ ਵਲੋਂ ਕੋਵਿਡ-19 ਦੇ ਮਰੀਜ਼ਾਂ ਪ੍ਰਤੀ ਅਪਣਾਏ ਗਏ ਨਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਨੇ ਜਲੰਧਰ ਦੇ 23 ਕੋਵਿਡ-19 ਮਰੀਜ਼ਾਂ ਜਿਨਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਸਨ ਦੇ ਚਿਹਰਿਆਂ ’ਤੇ ਖੁਸ਼ੀ ਲਿਆਂਦੀ ਜਿਨਾ ਨੂੰ ਅੱਜ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਇਸ ਤਰ੍ਹਾਂ ਹੁਣ ਤੱਕ 101 ਮਰੀਜ਼ਾਂ ਨੂੰ ਕੋਵਿਡ-19 ਸਬੰਧੀ ਕੋਈ ਲੱਛਣ ਨਾ ਦਿਖਾਈ ਦੇ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ 79 ਮਰੀਜ਼ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਨਹੀ ਪਾਏ ਗਏ ਪਰ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ ਨੂੰ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਜਦਕਿ 23 ਤੋਂ ਜ਼ਿਆਦਾ ਮਰੀਜ਼ਾਂ ਨੂੰ ਅੱਜ ਸ਼ਨੀਵਾਰ ਛੁੱਟੀ ਦੇ ਦਿੱਤੀ ਗਈ। ਇਨ੍ਹਾਂ ਮਰੀਜ਼ਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਵਲੋਂ ਚੰਗੀ ਤਰ੍ਹਾਂ ਜਾਂਚ ਉਪਰੰਤ ਛੁੱਟੀ ਦਿੱਤੀ ਗਈ। ਸਿਹਤ ਅਥਾਰਟੀਆਂ ਅਨੁਸਾਰ ਇਹ ਮਰੀਜ਼ ਅਪਣੇ ਘਰਾਂ ਵਿੱਚ 14 ਦਿਨਾਂ ਤੱਕ ਹੋਮ ਕੁਆਰੰਟੀਨ ਰਹਿਣਗੇ। ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਤਹਿਤ ਜਿਨਾਂ ਮਰੀਜ਼ਾਂ ਵਿੱਚ ਹਸਪਤਾਲ ਦਾਖਲ ਕਰਨ ਸਮੇਂ ਨਾ ਮਾਤਰ ਲੱਛਣ ਦਿੱਸ ਰਹੇ ਸਨ ਅਤੇ ਹੁਣ ਬਿਲਕੁਲ ਲੱਛਣ ਮੁਕਤ ਬਣ ਗਏ ਹਨ ਨੂੰ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇਣ ਲਈ ਵਿਚਾਰਿਆ ਗਿਆ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਰੀਜ਼ ਵਿੱਚ 10 ਦਿਨਾਂ ਬਾਅਦ ਕੋਈ ਕੋਰੋਨਾ ਵਾਇਰਸ ਦੇ ਲੱਛਣ ਨਾ ਦਿਸਣ ਅਤੇ ਪਿਛਲੇ ਤਿੰਨ ਦਿਨਾਂ ਤੋਂ ਬੁਖ਼ਾਰ ਨਾ ਹੋਣ ਅਤੇ ਆਕਸੀਜਨ ਦੀ ਲੋੜ ਨਾ ਪੈਣ ’ਤੇ ’ਤੇ ਡਿਸਚਾਰਜ ਕਰਨ ਦੇ ਯੋਗ ਹੋਣਗੇ ਉਨ੍ਹਾਂ ਦੱਸਿਆ ਕਿ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ ਦਾ ਇਲਾਜ ਕਰਨ ਵਾਲੇ ਮੈਡੀਕਲ ਅਫ਼ਸਰ ਵਲੋਂ ਲੱਛਣਾਂ ਦੀ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਕਿਹਾ ਕਿ ਮਰੀਜ਼ ਦਾ ਇਲਾਜ ਕਰ ਰਹੇ ਮੈਡੀਕਲ ਅਫ਼ਸਰ ਵਲੋਂ ਤਾਪਮਾਨ ਦਾ ਰਿਕਾਰਡ, ਆਕਸੀਜਨ ਪੱਧਰ (ਪਲਸ ਔਕਸੀਮੀਟਰ) ਅਤੇ ਹੋਰ ਦੂਜੇ ਲੱਛਣਾ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਉਸ ਦੇ ਘਰ ਵਿੱਚ ਦੂਸਰੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਲਈ ਸਾਰੀਆਂ ਸਹੂਲਤਾਂ ਮੌਜੂਦ ਹੋਣ ਜਿਵੇਂ ਕਿ ਸਾਫ਼ ਸੁਥਰਾ ਹਵਾਦਾਰ ਕਮਰਾ ਜਿਸ ਦੇ ਨਾਲ ਵਾਸ਼ਰੂਮ ਹੋਵੇ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫ਼ਸਰ ਇਹ ਤਸਦੀਕ ਕਰੇਗਾ ਕਿ ਮਰੀਜ਼ ਵਿੱਚ ਹੁਣ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਉਹ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਵਿੱਚ ਇਕਾਂਤਵਾਸ ਲਈ ਯੋਗ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਵੈ ਇਕਾਂਤਵਾਸ ਲਈ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਸ ਪਾਸ ਘਰ ਵਿੱਚ ਆਈਸੋਲੇਸ਼ਨ ਦੀ ਲੋੜੀਂਦੀ ਸਹੂਲਤ ਮੌਜੂਦ ਹੈ। ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਕਿਹਾ ਕਿ ਮਰੀਜ਼ ਨੂੰ 24&7 ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਨੂੰ ਮੌਜੂਦ ਹੋਣਾ ਹੋਵੇਗਾ ਅਤੇ ਸਹੂਲਤਾਂ ਦੇਣ ਵਾਲੇ ਅਤੇ ਹਸਪਤਾਲ ਵਿੱਚ ਜਦੋਂ ਤੱਕ ਘਰ ਵਿੱਚ ਇਕਾਂਤਵਾਸ ਦੇ ਸਮੇਂ ਦੌਰਾਨ ਵਿੱਚ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਧਿਆਨ ਰੱਖਣ ਵਾਲੇ ਅਤੇ ਉਸ ਦੇ ਸਾਰੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਨੂੰ ਪ੍ਰੋਟੋਕਾਲ ਅਤੇ ਇਲਾਜ ਕਰਨ ਵਾਲੇ ਮੈਡੀਕਲ ਅਫ਼ਸਰ ਵਲੋਂ ਦਸੇ ਅਨੁਸਾਰ ਹਾਈਡਰੋਕਲੋਰੋਇਨ ਪ੍ਰੋਫਾਈਲੈਕਸਿਸ ਦਵਾਈ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਖ਼ਤੀ ਨਾਲ ਸਮਾਜਿਕ ਦੂਰੀ ਦਾ ਪਾਲਣਾ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ।

Tags