jalandhar

ਦੁਕਾਨਦਾਰ ਲਾਕ ਡਾਊਨ ਦੌਰਾਨ ਲੋਕਾਂ ਲਈ ਨਿਰਵਿਘਨ ਜਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ- ਡੀ.ਸੀ, ਸੀ.ਪੀ ਅਤੇ ਐਸ.ਐਸ.ਪੀ

ਔਖੀ ਘੜੀ ’ਚ ਮੁਨਾਫ਼ਾਖੋਰੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਜਲੰਧਰ 22 ਮਾਰਚ (ਦਲਬੀਰ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਸ੍ਰੀ ਨਵਜੋਤ ਸਿੰਘ ਮਾਹਲ ਨੇ ਸਟਾਕਿਸਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਕਿਹਾ ਕਿ ਲਾਕ ਡਾਊਨ ਦੌਰਾਨ ਲੋਕਾਂ ਲਈ ਜਰੂਰੀ ਚੀਜਾਂ ਨੂੰ ਨਿਰਵਿਘਨ ਯਕੀਨੀ ਬਣਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਜਰੂਰੀ ਵਸਤਾਂ ਕਾਨੂੰਨ 1955 ਤਹਿਤ ਖਾਧ ਪਦਾਰਥਾਂ ਦੇ ਪੰਜ ਗਰੁੱਪ ਜਿਨ੍ਹਾਂ ਵਿੱਚ ਅਨਾਜ ( ਚਾਵਲ, ਕਣਕ ਅਤੇ ਆਟਾ), ਦਾਲਾਂ (ਵਿਚ ਗਰਾਮ, ਤੂਅਰ, ਓੜਦ, ਮੂੰਗ ਅਤੇ ਮਸਰ), ਖਾਣ ਵਾਲੇ ਤੇਲ ( ਮੂੰਗਫ਼ਲੀ, ਸਰੋਂ, ਵਨਸਪਤੀ, ਸੋਆ, ਸੂਰਜਮੁਖੀ ਅਤੇ ਪਾਮ ਤੇਲ), ਸਬਜ਼ੀਆਂ (ਆਲੂ, ਪਿਆਜ਼, ਟਮਾਟਰ) ਤੋਂ ਇਲਾਵਾ ਹੋਰ ਚੀਜਾਂ ਜਿਵੇਂ ਖੰਡ, ਗੁੜ ,ਦੁੱਧ, ਚਾਹ, ਨਮਕ ਅਤੇ ਹੋਰ ਖਾਧ ਪਦਾਰਥਾਂ ਨੂੰ ਜਰੂਰੀ ਵਸਤਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਇਹ ਜਰੂਰੀ ਚੀਜਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਸਟਾਕਿਸਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਕਿਹਾ ਕਿ ਲੋਕਾਂ ਪਾਸੋਂ ਇਨਾਂ ਜਰੂਰੀ ਚੀਜ਼ਾਂ ਲਈ ਵੱਧ ਪੈਸੇ ਨਾ ਵਸੂਲੇ ਜਾਣ। ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਜਰੂਰੀ ਚੀਜਾਂ ਦੇ ਵੱਧ ਪੈਸੇ ਵਸੂਲ ਕੇ ਮੁਨਾਫ਼ਾਖੋਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਪਹਿਲਾਂ ਹੀ ਦੁਕਾਨਦਾਰਾਂ ਦੇ ਸਟਾਕ ਅਤੇ ਵਿਕਰੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਤੋਂ ਵੱਧ ਪੈਸੇ ਵਸੂਲਣ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਲਿਪਤ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਦੁਕਾਨਦਾਰਾਂ ਨੂੰ ਭਰੋਸਾ ਦੁਆਇਆ ਕਿ ਜਰੂਰੀ ਵਸਤਾਂ ਦੀ ਸਪਲਾਈ ਲਈ ਉਨ੍ਹਾਂ ਦੇ ਵਾਹਨਾਂ ਨੂੰ ਕਿਸੇ ਵਲੋਂ ਨਹੀਂ ਰੋਕਿਆ ਜਾਵੇਗਾ।ਉਨ੍ਹਾਂ ਇਸ ਨੇਕ ਕਾਜ ਵਿੱਚ ਦੁਕਾਨਦਾਰਾਂ ਨੂੰ ਪੂਰਾ ਸਹਿਯੋਗ ਤੇ ਸਹਾਇਤਾ ਦੇਣ ਦਾ ਵੀ ਭਰੋਸਾ ਦੁਆਇਆ।ਇਸ ਮੌਕੇ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Tags