jalandhar

ਕੋਰੋਨਾ ਵਾਇਰਸ ਨਾਲ ਲੋਕਾਂ ਦਾ ਬਚਾਅ ਕਰਨ ਦੇ ਲਈ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ

ਭੋਗਪੁਰ, 26 ਮਾਰਚ (ਪੀ ਸੀ ਰਾਊਤ)- ਮਹਾਮਾਰੀ ਦਾ ਰੂਪ ਧਾਰਨ ਕਰਦੇ ਜਾ ਰਹੇ ਕੋਰੋਨਾ ਵਾਇਰਸ ਨਾਲ ਲੋਕਾਂ ਦਾ ਬਚਾਅ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲਾ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਵਿਚ ਬੀ.ਡੀ.ਪੀ.ਓ. ਭੋਗਪੁਰ ਰਾਮ ਲੁਭਾਇਆ ਰਾਹੀਂ ਬਲਾਕ ਭੋਗਪੁਰ ਦੇ ਸਾਰੇ ਪਿੰਡਾਂ ਵਿਚ ਸੈਨੇਟਾਈਜ਼ਰ ਦਾ ਛਿੜਕਾਅ ਕਰਵਾਉਣ ਲਈ ਦਵਾਈ ਸਰਪੰਚਾਂ ਨੂੰ ਭੇਜੀ ਗਈ ਹੈ, ਜਿਸ ਨਾਲ ਸਮੇਂ-ਸਮੇਂ ‘ਤੇ ਪਿੰਡਾਂ ਵਿਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਵੇਗਾ, ਜਿਸ ਕਾਰਨ ਆਲੇ-ਦੁਆਲੇ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕੀਤਾ ਜਾ ਸਕੇ। ਇਸ ਸਬੰਧੀ ਨਜ਼ਦੀਕੀ ਪਿੰਡ ਮੋਗਾ ਵਿਚ ਪਿੰਡ ਦੇ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਪਹਿਲਕਦਮੀ ਕਰਦਿਆਂ ਪਿੰਡ ਦੇ ਦੋਆਬਾ ਯੂਥ ਕਲੱਬ ਦੇ ਨੌਜਵਾਨ ਮੈਂਬਰਾਂ ਪਰਵੀਨ ਸਿੰਘ ਕਾਕਾ, ਮਲਕੀਤ ਸਿੰਘ ਬੱਬਾ, ਸਰਬਜੀਤ ਸਿੰਘ ਰੱਤੂ ਅਤੇ ਸੰਦੀਪ ਸਿੰਘ ਭੁੱਲਰ ਦੇ ਸਹਿਯੋਗ ਨਾਲ ਪੂਰੇ ਪਿੰਡ ਦੀਆਂ ਗਲੀਆਂ ਵਿਚ ਕੀਟਨਾਸ਼ਕ ਸਪਰੇਅ ਕਰ ਕੇ ਪਿੰਡ ਨੂੰ ਸੈਨੇਟਾਈਜ਼ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ। ਸਰਪੰਚ ਸਾਬੀ ਮੋਗਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਸ ਸਮੇਂ ‘ਤੇ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਨੌਜਵਾਨਾਂ ਨੂੰ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਇਸ ਸੰਕਟ ਦੀ ਘੜੀ ਨੂੰ ਜਲਦੀ ਸੁਖਾਲੀ ਬਣਾਇਆ ਜਾ ਸਕੇ।

Tags