jalandhar

ਤਾਣਾ ਉਲਝ ਗਿਆ

ਵੇਖੋ ਤਾਣਾ ਉਲਝ ਗਿਆ ਗ਼ਰਕ ਗਿਆ ਸੰਸਾਰ ।
ਨਫ਼ਰਤ ਜਾਂਦੀ ਫੈਲਦੀ ਹਰ ਦਿਲ ਵਿੱਚ ਰੋਸਾ ਯਾਰ ।।
ਨਜ਼ਰੀਂ ਆਉਂਦੇ ਠੀਕ ਸਭ ਪਰ ਦਿਲ ਤੇ ਜਾਪੇ ਭਾਰ ।
ਵੇਖੋ ਤਾਣਾ ਉਲਝ ਗਿਆ ਗ਼ਰਕ ਗਿਆ ਸੰਸਾਰ ।।

ਜ਼ਰ, ਜੋਰੂ ਤੇ ਜ਼ਮੀਨ ਦੀ ਖਾਤਿਰ ਉੱਡ ਪੁੱਡ ਗਿਆ ਸਤਿਕਾਰ ।
ਭਾਈ ਭਾਈ ਦਾ ਦੁਸ਼ਮਣ ਹੋਇਆ ਕਰਦਾ ਪਿੱਠ ਤੇ ਵਾਰ ।।
ਪਾਣੀਓਂ ਪਤਲੇ ਖੂਨ ਹੋ ਗਏ ਰਿਸ਼ਤੇ ਹੋ ਗਏ ਤਾਰੋ ਤਾਰ ।
ਵੇਖੋ ਤਾਣਾ ਉਲਝ ਗਿਆਲ ਗ਼ਰਕ ਗਿਆ ਸੰਸਾਰ ।।

ਹਰ ਥਾਂ ਖੋਹ ਲੁੱਟ, ਲੱਤ ਘਸੀਟੀ ਫ਼ਰਜ਼ ਦੀ ਨਾ ਕੋਈ ਸਾਰ ।
ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹਰ ਦੇਸ਼, ਕੌਮ, ਸਰਕਾਰ ।।
ਹਰ ਇੱਕ ਨੂੰ ਬੱਸ ਥੱਲੇ ਲਾਉਣਾ ਇਹੀ ਮਾਰੋ ਮਾਰ ।
ਵੇਖੋ ਤਾਣਾ ਉਲਝ ਗਿਆ, ਗ਼ਰਕ ਗਿਆ ਸੰਸਾਰ ।।

ਧੀ ਜੰਮਦੀ ਸਾਰ ਹੀ ਬਣ ਜਾਂਦਾ ਮਾਪਿਆਂ ਦੇ ਦਿਲ ਤੇ ਭਾਰ ।
ਕਈ ਦਾਜ ਦੀ ਬਲੀ ਚੜ੍ਹਦੀਆਂ ਜਦ ਲੈਂਦਾ ਨਾ ਕੋਈ ਸਾਰ ।।
ਵੱਸ ਨਾ ਕੋਈ ਚੱਲਦਾ ਇੱਥੇ ਕਤਲ ਰੇਪ ਭਰਮਾਰ ।
ਵੇਖੋ ਤਾਣਾ ਉਲਝ ਗਿਆ, ਗ਼ਰਕ ਗਿਆ ਸੰਸਾਰ ।।

ਪੈਸਾ ਸਭ ਕੁਝ ਹੋ ਗਿਆ ਪੈਸਾ ਹੀ ਕਰਤਾਰ ।
ਪੈਸਾ ਸ਼ੋਹਰਤ ਕਰ ਦਿੰਦੀ ਵੇਖੋ ਸਮੁੰਦਰੋਂ ਪਾਰ ।।
ਪੈਸਾ ਦੀਨ ਈਮਾਨ ਸਭ ਮਾਂ ਬਾਪ ਵੀ ਦਏ ਵਿਸਾਰ।
ਵੇਖੋ ਤਾਣਾ ਉਲਝ ਗਿਆ ਗ਼ਰਕ ਗਿਆ ਸੰਸਾਰ ।।

ਇੱਥੇ ਰਾਜਨੀਤੀ ਵੀ ਚੱਲਦੀ ਨਫ਼ਰਤ ਦਾ ਬੀਜ ਖਿਲਾਰ ।
ਜਵਾਨੀ ਜਾਂਦੀ ਗ਼ਰਕਦੀ ਇੱਥੇ ਨਸ਼ਿਆਂ ਦੀ ਭਰਮਾਰ।।
ਆਪਣੇ ਬੇਲੀ ਹੀ ਡੰਗਦੇ ਮਤਲਬ ਦੇ ਸਭ ਯਾਰ।
ਵੇਖੋ ਤਾਣਾ ਉਲਝ ਗਿਆ, ਗ਼ਰਕ ਗਿਆ ਸੰਸਾਰ ।।

ਬੰਦਾ ਬੰਦੇ ਨੂੰ ਮਾਰਦਾ ਭੁੱਲ ਬੈਠਾ ਸਤਿਕਾਰ ।
ਗੱਲ ਨਾ ਕੋਈ ਮੰਨਦਾ ਇੱਥੇ ਹਰ ਬੰਦਾ ਸਰਦਾਰ ।।
ਬੇਸ਼ੱਕ ਜ਼ੋਰ ਨਾ ਕਿਸੇ ਦਾ ਚੱਲਦਾ ਸਭ ਕਰਮ ਕਰਾਵਣਹਾਰ ।
ਵੇਖੋ ਤਾਣਾ ਉਲਝ ਗਿਆ, ਗ਼ਰਕ ਗਿਆ ਸੰਸਾਰ ।।

‘ਸੰਜੀਵ‘ ਸੋਚ ਸਮਝ ਕੇ ਵਿੱਚਰੀਂ ਸਿਰ ਤੇ ਪਿਓ ਦੀ ਹੈ ਦਸਤਾਰ ।
ਜੇ ਭਾਣਾ ਉਸ ਦਾ ਮੰਨ ਲਏਂ ਤੇ ਗੁਰਮਤਿ ਲਏਂ ਵਿਚਾਰ।।
ਫਿਰ ਉਹ ਵੀ ਤੈਨੂੰ ਬਖ਼ਸ਼ ਲਊ ਕਰ ਦੇਊ ਬੇੜਾ ਪਾਰ ।
ਵੇਖੋ ਤਾਣਾ ਉਲਝ ਗਿਆ, ਗ਼ਰਕ ਗਿਆ ਸੰਸਾਰ ।।

ਸੰਜੀਵ ਅਰੋੜਾ (ਲੈਕਚਰਾਰ)
ਸ.ਕੰ.ਸ.ਸ.ਸ ਰੇਲਵੇ ਮੰਡੀ ਹੁਸ਼ਿਆਰਪੁਰ
ਫੋਨ ਨੰਬਰ 9417877033

Tags