National

ਲੈਂਦਾ ਨਹੀਂ ਕੋਈ ਸਾਰ ਬਜੁਰਗਾਂ ਦੀ…….

ਲੈਂਦਾ ਨਹੀਂ ਕੋਈ ਸਾਰ ਬਜੁਰਗਾਂ ਦੀ…….
ਵਿੱਚ ਬੁਢਾਪੇ ਲੈਂਦਾ ਨਹੀਂ, ਕੋਈ ਸਾਰ ਬਜੁਰਗਾਂ ਦੀ
ਏਦਾਂ ਤਾਂ ਫਿਰ ਪੈਣੀ ਕਦੇ ਨਹੀਂ ,ਪਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ …
1. ਪਾਲ –ਪੋਸ਼ ਜਿੰਨਾ ਵੱਡਿਆ ਕੀਤਾ, ਕਦਰ ਨਹੀਂ ਕਰਦੇ ਬੱਚੇ
ਬੁੱਢੇ ਮਾਈ –ਬਾਪ ਨੂੰ,ਅੱਜ ਵੇਖ ਨਾ ਜਰਦੇ ਬੱਚੇ
ਏਸੇ ਕਰਕੇ ਹੁੰਦੀ ਨਹੀਂ,ਜੈ-ਜੈ ਕਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ…
2. ਬਾਪ ਨੂੰ ਵੱਡਾ ਪੁੱਤ ਸਾਂਭਦਾ, ਮਾਂ ਨੂੰ ਛੋਟਾ ਵੀਰਾ
ਤੀਜਾ ਪੁੱਤਰ ਘਰ ਆਪਣੇ,ਕਰਦਾ ਨਿਤ ਕਚੀਰਾ
ਦੁੱਖ ਤੇ ਦਰਦ ਵੰਡਾਉਂਦੀ,ਨਹੀਂ ਸਰਕਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ…
3. ਸ਼ਰਮ ਦੇ ਮਾਰੇ ਲੋਕਾਂ ਤੋਂ,ਪੁੱਤ ਸੰਗਦੇ ਸ਼ਰਮਾਉਂਦੇ ਨੇ
ਵੇਖ ਆਂਢ –ਗੁਆਂਢ ਸ਼ਰੀਕੇ ਵਾਲੇ, ਵੀ ਕੁਰਲਾਉਂਦੇ ਨੇ
ਐਂਵੇ ਤਾਂ ਨਹੀਂ ਹੁੰਦੀ ਪਈ,ਅੱਜ ਹਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ…
4. ਪੁੱਤ- ਪੋਤਰੇ ਗੱਲ ਨਹੀਂ ਸੁਣਦੇ,ਪਾਸਾ ਵੱਟ ਲੰਘ ਜਾਂਦੇ
ਪੈਲੀ ਆਪਣੇ ਨਾਮ ਕਰਾਕੇ, ਹੁਣ ਨਹੀਂ ਨੈਣ ਮਿਲਾਂਦੇ
ਭਾਗਾਂ ਵਾਲੇ ਪੁੱਤ ਜੋ ਸੁਨਣ ,ਪੁਕਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ….
5. ਖਾਣਾ –ਪੀਣਾ ਦੁੱਭਰ ਹੋਇਆ,ਪੇਸ਼ ਕੋਈ ਨਾ ਜਾਵੇ
ਰੀਝਾਂ ਨਾਲ ਬਣਾਇਆ ਬੰਗਲਾ ,ਵੱਢ ਖਾਣ ਨੂੰ ਆਵੇ
ਗੱਲ ਕੋਈ ਨਹੀਂ ਸੁਣਦਾ, ਅੱਜ ਲਾਚਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ…..
6. ਜਗਜੀਤ –ਮੁਕਤਸਰੀ ਹੱਥ ਜੋੜ ,ਅਰਜੋਈਆਂ ਕਰਦਾ ਏ
ਮੇਹਰ ਕਰੇ ! ਮੇਰਾ ਸਾਂਈ ,ਉਹ ਡਰਦਾ ਹਉਂਕੇ ਭਰਦਾ ਏ
ਵੱਡੀ ਉਮਰੇ ਸੁਣਦੀ ਨਹੀਂ , ਲਲਕਾਰ ਬਜੁਰਗਾਂ ਦੀ
ਵਿੱਚ ਬੁਢਾਪੇ ਲੈਂਦਾ ਨਹੀਂ…..
ਰਚਨਾ- ਜਗਜੀਤ ਮੁਕਤਸਰੀ
ਪ੍ਰੀਤ ਨਗਰ,ਮਲੋਟ ,ਸ਼੍ਰੀ ਮੁਕਤਸਰ ਸਾਹਿਬ
ਫੋਨ ਨੰਬਰ -94175 -62053

Tags