ਜਸਵੀਰ ਸ਼ਰਮਾਂ ਦੱਦਾਹੂਰ ਸ੍ਰੀ ਮੁਕਤਸਰ ਸਾਹਿਬ 95691-49556"/>
National

(ਸਾਡਾ ਵਿਰਸਾ) ਵਿਹੜੇ ਚ ਮੰਜੇ ਜੋੜ ਕੇ ਡਾਹੁਣ ਦਾ ਰਿਵਾਜ ਵੀ ਸਿਖਰਾਂ ਤੇ ਰਿਹਾ ਹੈ ਪੰਜਾਬ ਵਿੱਚ

ਗੱਲ ਓਹਨਾਂ ਸਮਿਆਂ ਦੀ ਹੈ ਦੋਸਤੋ ਜਦੋਂ ਸਾਂਝੇ/ਭਾਵ ਸੰਯੁਕਤ ਪਰਿਵਾਰਾਂ ਦਾ ਰਿਵਾਜ ਸੀ ਪੰਜਾਬ ਵਿੱਚ ਚਾਚੇ ਤਾਏ ਪਿਤਾ ਤੇ ਬਾਬੇ ਹੋਰੀਂ ਇਕੱਠੇ ਹੀ ਰਹਿੰਦੇ ਸਨ। ਤੇ ਇੱਕੋ ਚੁੱਲ੍ਹੇ/ਤੰਦੂਰ ਤੇ ਰੋਟੀ ਪੱਕਦੀ ਤੇ ਸਾਰਾ ਪਰਿਵਾਰ ਹੀ ਇਕੱਠੇ ਬੈਠ ਕੇ ਖਾਇਆ ਕਰਦੇ ਸਨ। ਕੋਈ ਵੀ ਮੇਰ ਤੇਰ ਜਾਂ ਵਿਤਕਰਾ ਜਾਣਦੇ ਹੀ ਨਹੀਂ ਸਨ, ਸਗੋਂ ਤਾਏ ਦੇ ਬੱਚਿਆਂ ਨੂੰ ਚਾਚੀ ਤੇ ਚਾਚੀ ਦੇ ਬੱਚਿਆਂ ਨੂੰ ਤਾਈ ਤਿਆਰ ਕਰਕੇ ਸਕੂਲ ਭੇਜਿਆ ਕਰਦੀਆਂ ਸਨ।ਬੱਚੇ ਵੀ ਇਸੇ ਤਰ੍ਹਾਂ ਹੀ ਤਿਆਰ ਹੋਣ ਨੂੰ ਤਰਜੀਹ ਦੇਇਆ ਕਰਦੇ ਸਨ। ਇਸੇ ਕਰਕੇ ਹੀ ਓਹਨਾਂ ਸਮਿਆਂ ਦੇ ਭਰਾਵੀਂ ਪਿਆਰ ਤੇ ਅਪਣੱਤ ਭਰਿਆਂ ਸਮਿਆਂ ਕਰਕੇ ਹੀ ਕਿਹਾ ਜਾਂਦਾ ਰਿਹਾ ਹੈ ਕੀ“ਜਦੋਂ ਘਰ ਕੱਚੇ ਸਨ, ਓਦੋਂ ਓਹਨਾਂ ਘਰਾਂ ਵਿੱਚ ਰਹਿਣ ਵਾਲੇ ਇਨਸਾਨ ਸੱਚੇ ਸਨ“
ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਖੁੱਲ੍ਹੇ ਖੁਲ੍ਹੇ ਵਿਹੜਿਆਂ ਵਿੱਚ ਜੋੜ ਜੋੜ ਮੰਜੇ ਡਾਹੁਣੇ,ਅੱਧੀ ਅੱਧੀ ਰਾਤ ਤੱਕ ਦਾਦੇ/ਦਾਦੀ ਤੋਂ ਬਾਤਾਂ ਸੁਣਦਿਆਂ ਸੁਣਦਿਆਂ ਪਤਾ ਈ ਨਹੀਂ ਸੀ ਲੱਗਦਾ ਕਦੋਂ ਨੀੰਦ ਆ ਜਾਣੀ। ਇਕੱਲੇ ਇਕੱਲੇ ਕਮਰਿਆਂ ਦਾ ਜਾਂ ਅਲੱਗ ਅਲੱਗ ਸੌਣ ਪੈਣ ਦਾ ਬਿਲਕੁਲ ਵੀ ਰਿਵਾਜ ਨਹੀਂ ਸੀ। ਜੇਕਰ ਘਰ ਵਿੱਚ ਕਿਸੇ ਪ੍ਰਾਹੁਣੇ ਨੇ ਆਉਣਾ ਤਾਂ ਉਸ ਦੀ ਖਾਤਿਰ ਦਾਰੀ ਵੀ ਖੂਬ ਕੀਤੀ ਜਾਂਦੀ ਰਹੀ ਹੈ। ਓਹਨਾਂ ਸਮਿਆਂ ਵਿੱਚ ਇੱਕ ਇੱਕ ਜਾਂ ਦੋ ਦੋ ਦਿਨ ਰਹਿਣ ਦਾ ਰਿਵਾਜ ਸੀ,ਸੱਭ ਕੋਲ ਖੁੱਲ੍ਹੇ ਸਮੇਂ ਸਨ। ਬੇਸ਼ੱਕ ਪੈਸੇ ਦਾ ਪਸਾਰਾ ਭਾਵੇਂ ਘੱਟ ਸੀ ਪਰ ਸਮੇਂ ਖੁਲ੍ਹੇ ਕਰਕੇ ਭਰਾਵੀਂ ਪਿਆਰ ਤੇ ਸਤਿਕਾਰ ਸਭਨਾਂ ਦੇ ਵਿੱਚ ਸੀ ਇੱਕ ਦੂਸਰੇ ਦੇ ਕੰਮ ਧੰਦੇ ਕਰਕੇ ਸਗੋਂ ਖੁਸ਼ ਹੋਇਆ ਕਰਦੇ ਸਨ।
ਜੇਕਰ ਘਰ ਵਿੱਚ ਕਿਸੇ ਖਾਸ ਮਹਿਮਾਨ ਭਾਵ ਘਰ ਦੇ ਜਵਾਈ ਨੇ ਆਉਣਾ ਤਾਂ ਉਸ ਦੀ ਟਹਿਲ ਸੇਵਾ ਖਾਸ ਹੀ ਕੀਤੀ ਜਾਂਦੀ ਸੀ।ਦਿਨ ਦੇ ਵੇਲ਼ੇ ਵੀ ਉਸ ਨੂੰ ਘਰੋੜੇ ਮੰਜੇ ਤੇ ਨਹੀਂ ਸੀ ਬਿਠਾਇਆ ਜਾਂਦਾ ਸਗੋਂ ਬਿਸਤਰਾ ਵਿਛਾ ਕੇ ਬਿਠਾਉਣ ਦਾ ਰਿਵਾਜ ਰਿਹਾ ਹੈ,ਜਿਸ ਤੋਂ ਆਂਢ ਗੁਆਂਢ ਵਿੱਚ ਇਹ ਬਿਨਾਂ ਦੱਸੇ ਤੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਇਸ ਘਰ ਦਾ ਖਾਸ ਮਹਿਮਾਨ ਭਾਵ ਇਸ ਘਰ ਦਾ ਜਵਾਈ ਹੈ। ਬਿਜਲੀ ਵੀ ਟਾਂਵੇ ਟਾਂਵੇ ਘਰਾਂ ਵਿੱਚ ਲੱਗੀ ਕਰਕੇ ਹੱਥ ਪੱਖੀਆਂ ਦਾ ਸਮਾਂ ਸਿਖਰਾਂ ਤੇ ਸੀ।ਘਰ ਆਏ ਮਹਿਮਾਨ ਭਾਵ ਜਵਾਈ ਨੂੰ ਘਰ ਦਾ ਕੋਈ ਮੈਂਬਰ ਪੱਖੇ ਦੀ ਝੱਲ ਮਾਰਿਆ ਕਰਦਾ ਸੀ।ਘਰ ਆਏ ਮਹਿਮਾਨ ਨੇ ਬੱਚਿਆਂ ਵਾਸਤੇ ਜ਼ਰੂਰ ਕੁੱਝ ਲੈ ਕੇ ਆਉਣਾ ਤੇ ਸਾਰਿਆਂ ਨੂੰ ਵੰਡ ਕੇ ਓਹ ਚੀਜ਼ ਦੇਣ ਦੀ ਜਿੰਮੇਵਾਰੀ ਦਾਦੀ ਜਾਂ ਵੱਡੀ ਬੇਬੇ ਦੀ ਹੋਇਆ ਕਰਦੀ ਸੀ।ਮਜਾਲ ਕੀਹਦੀ ਸੀ ਕਿ ਕੋਈ ਚੁੰ ਵੀ ਕਰਦਾ ਹਿਸੇ ਆਉਂਦੀ ਚੀਜ਼ ਸੱਭਨੂ ਮਿਲਦੀ ਸੀ।
ਜੇਕਰ ਆਇਆ ਮਹਿਮਾਨ ਸੋਫੀ ਹੁੰਦਾ ਭਾਵ ਸ਼ਰਾਬ ਵਗੈਰਾ ਦਾ ਸੇਵਨ ਨਾ ਕਰਨ ਵਾਲਾ ਹੋਣਾ ਤਾਂ ਉਸ ਲਈ ਖੀਰ/ਸੇਵੀਆਂ ਅਤੇ ਜਾ ਫਿਰ ਕੜ੍ਹਾਹ ਵਗੈਰਾ ਜ਼ਰੂਰ ਬਨਣਾ। ਤੇ ਜੇਕਰ ਆਉਣ ਵਾਲਾ ਮਹਿਮਾਨ ਕੋਈ ਸ਼ਰਾਬ ਵਗੈਰਾ ਦਾ ਸੇਵਨ ਕਰਨ ਵਾਲਾ ਹੋਣਾ ਤਾਂ ਉਸ ਲਈ ਘਰ ਦਾ ਕੁੱਕੜ ਖੁੱਡੇ ਚੋਂ ਕੱਢਕੇ ਬਣਾਉਣਾ ਤੇ ਟਾਈਮ ਨਾਲ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਸੀ।
ਫਿਰ ਰਾਤ ਨੂੰ ਦਸ ਦਸ ਜਾਂ ਅੱਠ ਅੱਠ ਮੰਜੇ ਜੋੜ ਕੇ ਵਿਹੜੇ ਵਿਚ ਡਾਹ ਲੈਣੇ ਜਾਂ ਫਿਰ ਕੋਠਿਆਂ ਉੱਤੇ ਵੀ ਮੰਜੇ ਚੜ੍ਹਾ ਲੲੇ ਜਾਂਦੇ ਸਨ।ਰਾਤ ਨੂੰ ਹਰ ਮੰਜੇ ਦੇ ਸਰਾਹਣੇ ਇੱਕ ਇੱਕ ਹੱਥ ਪੱਖੀ ਜ਼ਰੁਰ ਰੱਖੀ ਜਾਂਦੀ ਸੀ ਕਿ ਮਤੇ ਰਾਤ ਨੂੰ ਜੇਕਰ ਬਿਜਲੀ ਵੀ ਚਲੀ ਜਾਵੇ ਤਾਂ ਪੱਖੀ ਦੀ ਝੱਲ ਮਾਰਨ ਭਾਵ ਲੋੜ ਪੈਣ ਤੇ ਓਹਨੂੰ ਝੱਲਿਆ ਜਾ ਸਕੇ।

ਇਹ ਸਾਡੇ ਪੁਰਾਤਨ ਪੰਜਾਬ ਦੀ ਇੱਕ ਨਿਵੇਕਲੀ ਪਰੰਮਪਰਾ ਰਹੀ ਹੈ। ਅਜੋਕੇ ਸਮੇਂ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ ਪਹਿਲੀ ਗੱਲ ਤਾਂ ਸੰਯੁਕਤ ਪਰਿਵਾਰਾਂ ਦਾ ਰਿਵਾਜ ਬਿਲਕੁਲ ਖਤਮ ਹੋ ਚੁੱਕਾ ਹੈ। ਅਲੱਗ ਅਲੱਗ ਰਹਿਣਾ ਤੇ ਆਪਣੇ ਹੀ ਇੱਕ ਕਮਰੇ ਵਿੱਚ ਤੜਕੇ ਰਹਿਣ ਦਾ ਰਿਵਾਜ ਹੈ। ਨਾਂ ਹੀ ਖੁੱਲ੍ਹੇ ਵਿਹੜੇ ਰਹਿ ਗੲੇ ਤੇ ਨਾ ਹੀ ਭਰਾਵੀਂ ਪਿਆਰ ਅਪਣੱਤ ਅਤੇ ਆਪਣਾਪਨ ਤੇ ਸਤਿਕਾਰ ਸੱਭ ਖੰਭ ਲਾਕੇ ਉੱਡ ਗਏ ਹਨ।
ਮੰਜਿਆਂ ਤੇ ਪਿਆਂ ਨੂੰ ਹੀ ਚਾਹ ਆ ਜਾਣੀ,ਉਸ ਤੋਂ ਬਾਅਦ ਫਿਰ ਕਿਤੇ ਉਠਕੇ ਰਫਾ ਹਾਜਤ ਲਈ ਬਾਹਰ ਜਾਣਾ ਤੇ ਕਿਕਰ ਤੋਂ ਤੋੜਕੇ ਦਾਤਣ ਕਰਨੀ।ਆਕੇ ਨਹਾਉਣਾ ਧੋਣਾ ਤੇ ਜਾਂ ਫਿਰ ਕਿਤੇ ਨੇੜੇ-ਤੇੜੇ ਕੋਈ ਖੂਹ ਜੁੜਿਆ ਹੋਇਆ ਹੋਣਾ ਓਥੇ, ਕੋਈ ਨੇੜੇ ਤੇੜੇ ਮੋਟਰ ਚੱਲਦੀ ਹੋਣੀ ਓਥੇ ਤੇ ਜਾਂ ਫਿਰ ਨਹਿਰ ਜਾਂ ਖਾਲ ਵਗਦਾ ਹੋਣਾਂ ਓਥੇ ਹੀ ਨਹਾ ਧੋ ਲੈਣਾ।ਸਿਰ ਤੇ ਬੰਨੇ ਸਾਫੇ ਨਾਲ ਪਿੰਡਾਂ ਸਾਫ ਕਰਨਾ ਤੇ ਆ ਕੇ ਰੋਟੀਆਂ ਭਾਵ ਛਾਹ ਵੇਲੇ ਦਾ ਲੰਗਰ ਖਾ ਲੈਣਾ।
ਫਿਰ ਰਾਤ ਨੂੰ ਹੀ ਰੋਟੀਆਂ ਖਾਣੀਆਂ ਤੇ ਓਸੇ ਤਰ੍ਹਾਂ ਫਿਰ ਰਾਤ ਨੂੰ ਮੰਜੇ ਜੋੜ ਕੇ ਵਿਹੜੇ ਵਿੱਚ ਹੀ ਡਾਹ ਲੈਣੇ(ਬਰੇਕ ਫਾਸਟ,ਲੰਚ ਤੇ ਡਿਨਰ ਤਾਂ ਕੋਈ ਕਹਿਣ ਹੀ ਨਹੀਂ ਸੀ ਜਾਣਦਾ) ਜੇਕਰ ਕਿਤੇ ਅੰਦਰ ਸਵਾਤ ਵਿਚ ਪੈਣ ਤੱਕ ਦੀ ਨੌਬਤ ਵੀ ਆਉਣੀ ਤਾਂ ਵੀ ਕੋਈ ਜ਼ਿਆਦਾ ਗਰਮੀ ਮਹਿਸੂਸ ਨਹੀਂ ਸੀ ਹੁੰਦੀ ਕਿਉਂਕਿ ਕੱਚੀਆਂ ਕੰਧਾਂ ਤਿੰਨ ਤਿੰਨ ਫੁੱਟ ਚੌੜੀਆਂ ਕੱਢਕੇ ਮਕਾਨ ਬਣਾਉਣੇ ਲਟੈਣ ਬਾਲੀਆਂ,ਸਰ ਕਾਨਿਆਂ ਦੀਆਂ ਛੱਤਾਂ ਤੇ ਲੱਕੜ ਦੇ ਬਾਲੇ ਪਾ ਕੇ ਬਣਾਏ ਮਕਾਨ ਗਰਮੀਆਂ ਵਿੱਚ ਠੰਡੇ ਤੇ ਸਿਆਲਾਂ ਵਿੱਚ ਗਰਮ ਹੋਇਆ ਕਰਦੇ ਸਨ।
ਅਜੋਕੇ ਸਮੇਂ ਵਿੱਚ ਸਾਡਾ ਇਹ ਪੁਰਾਤਨ ਵਿਰਸੇ ਦੀਆਂ ਸਿਰਫ਼ ਯਾਦਾਂ ਹੀ ਬਾਕੀ ਰਹਿ ਗੲੀਆਂ ਹਨ। ਜੇਕਰ ਓਸ ਪੁਰਾਤਨ ਸਮਿਆਂ ਦੀ ਅਜੋਕੀ ਪੀੜ੍ਹੀ ਕੋਲ ਗੱਲ ਵੀ ਕਰੀਦੀ ਹੈ ਤਾਂ ਓਹ ਇਸ ਨੂੰ ਸਚਾਈ ਹੀ ਨਹੀਂ ਮੰਨਦੇ।ਪਰ ਅਸੀਂ ਓਹ ਸਾਰੇ ਸਮੇਂ ਆਪਣੇ ਹੱਡੀਂ ਹੰਢਾਏ ਹਨ ਇਸ ਲਈ ਕਦੇ ਕਦੇ ਓਹ ਸਮਿਆਂ ਦੀਆਂ ਗੱਲਾਂ ਪਾਠਕਾਂ/ਸਰੋਤਿਆਂ ਨਾਲ ਕਰਨ ਲਈ ਦਿਲ ਕਰ ਆਉਂਦਾਂ ਹੈ। ਕਾਸ਼! ਕਿਤੇ ਓਹ ਪੁਰਾਤਨ ਸਮੇਂ ਵਾਪਿਸ ਆ ਜਾਣ ਓਹੀ ਭਰਾਵੀਂ ਪਿਆਰ ਗੂੜ੍ਹੀਆਂ ਰਿਸ਼ਤੇ ਦਾਰੀਆਂ ਸੰਯੁਕਤ ਪਰਿਵਾਰ, ਤੇ ਪਰਿਵਾਰਾਂ ਦਾ ਇਤਫ਼ਾਕ।ਪਰ ਹੁਣ ਇਹ ਇੱਕ ਸੁਪਨਾ ਹੀ ਜਾਪਦਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Tags