National

ਸਿਰ ਤੇ ਦੁਪੱਟਾ ਲੈਣਾ ਭੁੱਲ ਗਈ 

ਸਿਰ ਤੇ ਦੁਪੱਟਾ ਲੈਣਾ ਭੁੱਲ ਗਈ 
ਨੀਂ ਮਾਂ ਦੀਏ ਲਾਡਲੀਏ ,ਕਾਹਤੋਂ ਸਿਰ ਤੇ ਦੁਪੱਟਾ ਲੈਣਾ ਭੁੱਲ ਗਈ
ਨੀਂ ਮਾਂ ਦੀਏ ਚੋਚਲੀਏ ,ਕਾਹਤੋਂ ਪੱਛਮ ਦੇ ਫੈਸ਼ਨਾਂ ਤੇ ਡੁੱਲ ਗਈ
ਨੀਂ ਮਾਂ ਦੀਏ ਲਾਡਲੀਏ………….
ਸਿਰ ਤੇ ਦੁਪੱਟਾ, ਆਨ ਸ਼ਾਨ ਹੈ ਪੰਜਾਬ ਦੀ
ਧੀਆਂ ਅਤੇ ਭੈਣਾਂ, ਜਿੰਦ ਜਾਨ ਨੇ ਪੰਜਾਬ ਦੀ
ਤੂੰ ਕੇਹੜੇ ਭੀੜ ਤੇ ਭੜੱਕੇ ਵਿੱਚ ਰੁਲ ਗਈ
ਨੀਂ ਮਾਂ ਦੀਏ ਲਾਡਲੀਏ, ਕਾਹਤੋਂ ਸਿਰ ਤੇ ਦੁਪੱਟਾ …….
ਤੂੰ ਤੇ ਵਿਰਸਾ ਪੰਜਾਬੀਆ ਦਾ ਮਿੱਟੀ ਵਿੱਚ ਰੋਲਤਾ
ਖੌਰੇ ਕਿਹੜੇ ਚੰਦਰੇ ਨੇ ਆ ਕੇ ਵਿਸ ਘੋਲਤਾ
ਕੇਹੜੀ ਗੱਲ ਤੋਂ ਸਹੇਲ਼ੀਆਂ ਨੂੰ ਭੁੱਲ ਗਈ
ਨੀਂ ਮਾਂ ਦੀਏ ਲਾਡਲੀਏ,ਕਾਹਤੋਂ ਸਿਰ ਤੇ ਦੁਪੱਟਾ …….
ਝਾਤੀ ਮਾਰ ਵੇਖ ਲੈ ਤੂੰ, ਨਾਨੀਆਂ ਤੇ ਦਾਦੀਆਂ
ਅੱਜ ਕਾਹਤੋਂ ਪੈ ਗਈਆਂ ਨੇ ਭੈੜੀਆਂ ਇਹ ਵਾਦੀਆਂ
ਤੂੰ ਤਾਂ ਦੁੱਧ ’ਚ ਪਤਾਸੇ ਵਾਂਗੂੰ ਘੁਲ ਗਈ
ਨੀਂ ਮਾਂ ਦੀਏ ਲਾਡਲੀਏ,ਕਾਹਤੋਂ ਸਿਰ ਤੇ ਦੁਪੱਟਾ …….
ਸੀ ਕਿੰਨਾ ਸੋਹਣਾ ਲੱਗਦਾ ,ਦੁਪੱਟਾ ਸਿਰ ਕੱਜਿਆ
ਜੋਤੀਏ ਨੀ ਕੇਹੜੀ ਗੱਲੋਂ ਭਾਂਡਾ ਮੂਧਾ ਵੱਜਿਆ
ਨੀ ਕਾਹਤੋਂ ਝੱਖੜ –ਤੂਫਾਨ ਬਣ ਝੁੱਲ ਗਈ
ਨੀਂ ਮਾਂ ਦੀਏ ਲਾਡਲੀਏ,ਕਾਹਤੋਂ ਸਿਰ ਤੇ ਦੁਪੱਟਾ …….
ਮਾਵਾਂ ਅਤੇ ਧੀਆਂ ਤੇ ਦੁਪੱਟਾ ਭਾਰੀ ਪੈ ਗਿਆ
ਜਿੰਦ –ਜਾਨ ਕੱਢ ਕੇ ਪੰਜਾਬੀਆਂ ਦੀ ਲੈ ਗਿਆ
ਤੂੰ ਕਾਹਤੋਂ ਓਪਰੀ ਹਵਾ ’ਚ ਆ ਕੇ ਫੁੱਲ ਗਈ
ਨੀਂ ਮਾਂ ਦੀਏ ਲਾਡਲੀਏ,ਕਾਹਤੋਂ ਸਿਰ ਤੇ ਦੁਪੱਟਾ …….

ਰਚਨਾ – ਸਰਬਜੀਤ ਕੌਰ ਜੋਤੀ
ਖੋਜਾਰਥਣ, ਰੀਜਨਲ ਸੈਂਟਰ ,ਬਠਿੰਡਾ।

Tags