National

ਰੇਸਿੰਗ ਟਰੈਕ ‘ਤੇ ਉਡਾਣਾਂ ਭਰ ਰਹੀ ਹੈ, ਸਨੇਹਾ ਸ਼ਰਮਾ

ਇਕ ਦੌਰ ਸੀ ਜਦੋਂ ਮਹਿਲਾਵਾਂ ਨੂੰ ਰਾਜਨੀਤੀ, ਵਿਗਿਆਨ, ਪੜ੍ਹਾਈ ਤੇ ਖ਼ਾਸ ਕਰਕੇ ਖੇਡਾਂ ਤੋਂ ਦੂਰ ਰੱਖਿਆ ਜਾਂਦਾ ਸੀ। ਮਹਿਲਾਵਾਂ ਨੂੰ ਜਦੋਂ ਵੀ ਮੌਕਾ ਮਿਲਿਆ ਉਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਖੇਡਾਂ ਨੂੰ ਸੰਘਰਸ਼ਪੂਰਨ ਮੰਨਿਆ ਜਾਂਦਾ ਹੈ ਪਰ ਮਹਿਲਾਵਾਂ ਨੇ ਇਸ ਖੇਤਰ ‘ਚ ਵੀ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਆਪਣਾ ਨਾਂ ਦੁਨੀਆ ‘ਚ ਰੋਸ਼ਨ ਕੀਤਾ। ਅਜਿਹੀਆਂ ਚੁਣੌਤੀਆਂ ਦੇ ਬਾਵਜੂਦਂ ਭਾਰਤ ਦੀ ਸਨੇਹਾ ਸ਼ਰਮਾ ਰੇਸਿੰਗ ਟਰੈਕ ‘ਤੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ।
ਪਾਇਲਟ ਬਣਨ ਦਾ ਸੁਪਨਾ- ਸਨੇਹਾ ਸ਼ਰਮਾ ਦਾ ਜਨਮ 1 ਅਗਸਤ 1990 ਨੂੰ ਕੋਲਕਾਤਾ ਵਿਖੇ ਹੋਇਆ ਪਰ ਪੜ੍ਹਾਈ ਉਸ ਨੇ ਮੁੰਬਈ ਦੇ ਕੋਸੇਨਾ ਕਾਨਵੈਂਟ ਸਕੂਲ ਤੋਂ ਕੀਤੀ। ਸੈਨਫਰਾਂਸਿਸਕੋ, ਅਮਰੀਕਾ ਦੇ ਮਿਆਮੀ ਅਤੇ ਮਲੇਸ਼ੀਆ ‘ਚ ਕੁਆਲਾਲੰਪੁਰ ਤੋਂ ਉਡਾਣ ਦੀ ਸਿਖਲਾਈ ਲਈ। ਉਸ ਨੇ 16 ਸਾਲ ਦੀ ਉਮਰ ‘ਚ ਹੀ ਰੇਸਿੰਗ ਟ੍ਰੈਕ ‘ਤੇ ਜਾਣਾ ਸ਼ੁਰੂ ਕਰ ਦਿੱਤਾ। 17 ਸਾਲ ਦੀ ਉਮਰ ‘ਚ ਹਾਈ ਸਕੂਲ ਤੇ ਪਾਇਲਟ ਦੀ ਪੜ੍ਹਾਈ ਕਰਦਿਆਂ ਐੱਮਆਰਐੱਫ ਨੈਸ਼ਨਲ ਕਾਰਟਿੰਗ ਚੈਂਪੀਅਨਸ਼ਿਪ ‘ਚ ਭਾਗ ਲਿਆ। 2010 ‘ਚ ਉਸ ਨੇ ਜੇਕੇ ਟਾਇਰ ਨੈਸ਼ਨਲ ਚੈਂਪੀਅਨਿਸ਼ਪ ‘ਚ ਹਿੱਸਾ ਲਿਆ। ਸਨੇਹਾ 2011 ਵਿਚ ਪਾਇਲਟ ਦਾ ਲਾਈਸੈਂਸ ਹਾਸਲ ਕਰਨ ਤੋਂ ਬਾਅਦ ਸੈਨਫਰਾਂਸਿਸਕੋ ਤੋਂ ਭਾਰਤ ਪਰਤੀ। ਪਾਇਲਟ ਬਣਨ ਤੋਂ ਬਾਅਦ ਵੀ ਉਸ ਦੀ ਰੇਸਿੰਗ ‘ਚ ਰੁਚੀ ਬਰਕਰਾਰ ਰਹੀ।
ਸੂਮਾਂਕਰ ਨੇ ਗਿਫਟ ਕੀਤੀ ਕਾਰ- ਆਰਥਿਕ ਕਾਰਨਾਂ ਦੇ ਚੱਲਦਿਆਂ ਸੁਨੇਹਾ ਨੇ ਰੇਸਿੰਗ ਦੀ ਮੁਢਲੀ ਸਿਖਲਾਈ ਇਕ ਸਧਾਰਣ ਮਕੈਨਿਕ ਤੋਂ ਲਈ। ਸਨੇਹਾ ਨੇ 20 ਸਾਲ ਦੀ ਉਮਰ ‘ਚ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਸੀ। ਪਾਇਲਟ ਲਾਈਸੈਂਸ ਲੈਣ ਤੋਂ ਬਾਅਦ ਉਸ ਦੀ ਚੋਣ ਬਤੌਰ ਪਾਇਲਟ ਇੰਡੀਗੋ ਏਅਰਲਾਈਨਜ਼ ‘ਚ ਹੋਈ। ਨੌਕਰੀ ਤੋਂ ਬਾਅਦ ਸਨੇਹਾ ਨੇ ਮੁੜ ਰੇਸਿੰਗ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 2010 ਵਿਚ ਉਸ ਨੇ ਚੋਨਈ ਤੇ ਕੋਇੰਬਟੂਰ ਦੇ ਰੇਸਿੰਗ ਮੁਕਾਬਲੇ ‘ਚ ਸਨੇਹਾ ਸਮੇਤ 20 ਭਾਰਤੀ ਰੇਸਰ ਸਨ। ਉਹ ਵਾਕਸਵੈਗਨ ਸੋਲੋ ਕੱਪ ਤੇ ਟੋਯੋਟਾ ਈਐੱਮਆਰ ‘ਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਸੀ। ਇਸੇ ਸਾਲ ਉਸ ਨੇ ਮਰਸੀਡੀਜ਼ ਯੰਗ ਸਟਾਰ ਈਵੈਂਟ ਵਿਚ ਚੋਟੀ ਦੇ ਪੰਜ ਰੇਸਰਾਂ ‘ਚ ਸ਼ਮੂਲੀਅਤ ਕੀਤੀ। ਇਸ ਰੇਸ ਵਿਚ ਸਨੇਹਾ ਨੇ 279 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਸ ਪੂਰੀ ਕੀਤੀ। ਸਨੇਹਾ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹੋ ਕੇ ਵਿਸ਼ਵ ਦੇ ਫਾਰਮੂਲਾ-1 ਰੇਸਰ ਮਾਈਕਲ ਸੂਮਾਂਕਰ ਨੇ ਉਸ ਨੇ ਆਪਣੀ ਦਸਤਖ਼ਤ ਕੀਤੀ ਕਾਰ ਗਿਫਟ ਕੀਤੀ, ਸਨੇਹਾ ਦੀ ਜ਼ਿੰਦਗੀ ਦਾ ਨਾ-ਭੁੱਲਣਯੋਗ ਪਲ ਬਣ ਗਿਆ। ਮਲੇਸ਼ੀਆ ਵਿਚ ਹੋਏ ਲੇਡੀਜ਼ ਕੱਪ ਇੰਟਰਨੈਸ਼ਨਲ ਵਿਚ ਵਿਸ਼ਵ ਭਰ ਤੋਂ 600 ਮਹਿਲਾ ਰੇਸਰਾਂ ਨੇ ਹਿੱਸਾ ਲਿਆ। ਇਨ੍ਹਾਂ ਰੇਸਰਾਂ ਵਿਚ ਸਨੇਹਾ ਇਕਲੌਤੀ ਭਾਰਤੀ ਸੀ। ਇਸ ਰੇਸ ਵਿਚ ਸਨੇਹਾ ਨੇ ਦੂਜਾ ਸਥਾਨ ਹਾਸਲ ਕੀਤਾ। ਹੁਣ ਤਕ ਵੱਖ-ਵੱਖ ਸ਼੍ਰੇਣੀਆਂ ‘ਚ ਸਨੇਹਾ ਸਭ ਤੋਂ ਵੱਧ 6 ਰੇਸਾਂ ‘ਚ ਵਿਜੇਤਾ ਰਹਿ ਚੁੱਕੀ ਹੈ ਤੇ ਚਾਰ ਵਾਰ ਉਪ ਜੇਤੂ ਰਹੀ।
ਭਾਰਤ ਦੀ ਸਭ ਤੋਂ ਤੇਜ਼ ਰੇਸਰ- ਐੱਫ-4 ਰੇਸਰ ਸਨੇਹਾ ਸ਼ਰਮਾ ਨੂੰ ਆਪਣੇ ਸੁਪਨਿਆਂ ਦੀ ਉਡਾਣ ਭਰਨ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 29 ਸਾਲਾ ਸਨੇਹਾ ਨੂੰ ਰੇਸਿੰਗ ਕਰੀਅਰ ਅਪਣਾਉਣ ਲਈ ਆਪਣੇ ਪਰਿਵਾਰ ਤੇ ਸਮਜਿਕ ਰੁਝਾਨ ਨਾਲ ਲੜਨਾ ਪਿਆ, ਇਸ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਤੇ ਕਈਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਕੀਤਾ। ਸਨੇਹਾ ਸ਼ਰਮਾ ਨੇ ਸ਼ੁਰੂਆਤੀ ਦੌਰ ਵਿਚ ਰੇਸਿੰਗ ਨੂੰ ਦੇਖਣਾ ਆਪਣਾ ਸ਼ੌਕ ਬਣਾਇਆ ਪਰ ਅੱਜ ਉਹ ਭਾਰਤ ਦੀ ਸਭ ਤੋਂ ਤੇਜ਼ ਐੱਫ-4 ਰੇਸਰ ਹੈ। ਦਿਲਚਸਪ ਗੱਲ ਇਹ ਹੈ ਕਿ ਸਨੇਹਾ ਨੇ ਰੇਸਿੰਗ ਦੇ ਨਾਲ-ਨਾਲ ਆਪਣਾ ਪਾਇਲਟ ਬਣਨ ਦਾ ਸੁਪਨਾ ਵੀ ਪੂਰਾ ਕੀਤਾ।

Tags