ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਸਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਦੀ ਖੁੱਲ੍ਹੀ ਗਰਾਊਂਡ ਵਿੱਚ ਸਕੂਲ ਮੈਨੇਜਮੇੰਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦਾ ਸਾਲਾਨਾ ਸਮਾਗਮ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ, ਡਾਇਰੈਕਟਰ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਸਕੂਲ ਦੇ ਨੰਨ੍ਹੇ -ਮੁੰਨੇ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਡਰੈੱਸਾਂ ਦੇ ਅੰਦਰ’ ਆਜ ਹੈ ਹੌਲੀਡੇ ’ ਤੇ ਡਾਂਸ ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਕੇ. ਜੀ. ਵਿੰਗ ਦੇ ਵਿਦਿਆਰਥੀਆਂ ਨੇ ਬਹੁਤ ਹੀ ਮਨਮੋਹਕ ਡਾਂਸ ਕਰਦੇ ਹੋਏ ਆਪਣੀ ਪ੍ਰਤਿਭਾ ਦਿਖਾਈ। ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਖੰਡਤਾ ਨੂੰ ਦਰਸਾਉਂਦੇ ਵੱਖ –ਵੱਖ ਸੱਭਿਆਚਾਰਕ ਰੰਗ ਜਿਵੇਂ -ਰਾਜਸਥਾਨੀ, ਹਿਮਾਚਲੀ ਅਤੇ ਪੰਜਾਬੀ  ਲੋਕ -ਨਾਚ ਪੇਸ਼ ਕਰਕੇ ਸਭ ਨੂੰ ਮੰਤਰ ਮੁਗ਼ਧ ਕਰ ਦਿੱਤਾ। ਕੁੜੀਆਂ ਵੱਲੋਂ ਬਹੁਤ ਵਧੀਆ ਅੰਦਾਜ਼ ਵਿੱਚ ਜੂਨੀਅਰ ਅਤੇ ਸੀਨੀਅਰ ਗਿੱਧਾ, ਭੰਗੜਾ ਅਤੇ ਮੁੰਡਿਆਂ ਦੇ ਮਲਵਈ ਗਿੱਧੇ ਨੇ ਆਏ ਹੋਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਰੂਪਨਪ੍ਰੀਤ ਕੌਰ ਨੇ ਢੋਲ ਵਜਾ ਕੇ ਇਕ ਵੱਖਰੇ ਅੰਦਾਜ਼ ਵਿੱਚ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਵਿੱਚ ਹਾਸਰਸ ਕਵਾਲੀ ਅਤੇ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ ਅਤੇ ਵਿਦੇਸ਼ ਜਾਣ ਦੇ ਵੱਧਦੇ ਪ੍ਰਭਾਵ ਨੂੰ ਦਰਸਾਇਆ ਗਿਆ। ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਦੀ ਮਹਿਮਾਨਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਇਸ ਸਮੇਂ ਸਕੂਲ ਦੀ ਡਾਇਰੈਕਟਰ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਸਕੂਲ ਦੇ ਸੈਸ਼ਨ 2022-23 ਵਿੱਚ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਜਿੰਨਾ ਦਾ ਵਿੱਦਿਅਕ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕਾਫੀ ਯੋਗਦਾਨ ਹੈ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀਆਂ ਖੂਬੀਆਂ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ ਅਤੇ ਅਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ ਨੇ ਦੱਸਿਆ ਕਿ ਇਹ  ਸਕੂਲ  ਵਿਦਿਅਕ ਸਿੱਖਿਆ ਦੇਣ ਦੇ ਨਾਲ -ਨਾਲ ਆਪਣੇ ਵਿਰਸੇ ਦੀ ਸੰਭਾਲ ਲਈ ਤਕਰੀਬਨ ਪਿਛਲੇ ਤੇਈ ਸਾਲਾਂ ਤੋਂ ਆਪਣਾ ਯੋਗਦਾਨ ਪਾ ਰਿਹਾ ਹੈ। ਸਾਡੇ ਬੱਚੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਧਾਰਮਿਕ ਖੇਤਰ ਵਿੱਚ ਵੀ ਸਾਡੇ ਬੱਚੇ ਵੱਖ-ਵੱਖ ਸਮੇਂ ਗੁਰੂ ਪਾਤਸ਼ਾਹਾਂ ਦੇ ਜੀਵਨ ਨਾਲ ਸੰਬੰਧਿਤ ਗੁਰਪੁਰਬ ਵੀ ਮਨਾਉਂਦੇ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਇਸ ਸਾਲ ਵਿਸ਼ੇਸ਼ ਤੋਰ ਤੇ ਬੱਚਿਆਂ ਦਾ ਬੈੰਡ ਅਤੇ ਐਨ.ਸੀ. ਸੀ. ਏਅਰ ਫੋਰਸ ਵਿੱਚ ਯੋਗਦਾਨ ਨਜ਼ਰ ਆਇਆ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇਂ ਵਿੱਚ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਕੂਲ ਦੀ ਸਫ਼ਲਤਾ ਲਈ ਮਿਲਵਰਤਣ ਦੀ ਅਪੀਲ ਕੀਤੀ।  



Post a Comment

0 Comments