ਪਿੰਡ ਭੁੱਲਾਰਾਈ ਦੀ ਪੰਚਾਇਤ ਨੇ ਐਸ.ਡੀ.ਐਮ. ਨੂੰ ਦਿੱਤਾ ਰਿਹਾਇਸ਼ੀ ਕਲੋਨੀ ਲਈ ਜਮੀਨ ਇਕੁਵਾਇਰ ਨਾ ਕਰਨ ਸਬੰਧੀ ਮੰਗ ਪੱਤਰ


ਫਗਵਾੜਾ 27 ਜੂਨ (ਸ਼ਿਵ ਕੌੜਾ)
ਪਿੰਡ ਭੁੱਲਾਰਾਈ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਕ ਵਫਦ ਸਰਪੰਚ ਰਜਤ ਭਨੋਟ ਰਾਜੂ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਵਫਦ ਵਲੋਂ ਐਸ.ਡੀ.ਐਮ. ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਜਲੰਧਰ ਵਿਕਾਸ ਅਥਾਰਟੀ ਵੱਲੋਂ ਫਗਵਾੜਾ ਦੇ ਭੁੱਲਾਰਾਈ ਇਲਾਕੇ ਵਿੱਚ ਨਿਊ ਅਰਬਨ ਅਸਟੇਟ ਪ੍ਰੋਜੈਕਟ ਤਹਿਤ ਦੋ ਸੌ ਏਕੜ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਨੂੰ ਰੱਦ ਕੀਤਾ ਜਾਵੇ। ਕਿਉਂਕਿ ਇਸ ਨਾਲ ਸਾਰੇ ਪਿੰਡ ਦੀ ਜਮੀਨ ਇਕੁਆਇਰ ਹੋ ਜਾਵੇਗੀ ਅਤੇ ਕਿਸਾਨੀ ‘ਤੇ ਨਿਰਭਰ ਪਿੰਡ ਵਾਸੀ ਬੇਰੁਜਗਾਰ ਹੋ ਜਾਣਗੇ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਪਾਸ ਕੋਈ ਦੂਸਰਾ ਕੰਮਕਾਰ ਕਰਨ ਦਾ ਕੋਈ ਤਜ਼ੁਰਬਾ ਨਹੀਂ ਹੈ। ਨਿਊ ਅਰਬਨ ਅਸਟੇਟ ਪ੍ਰੋਜੈਕਟ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਡੂੰਘਾ ਰੋਸ ਹੈ। ਕਿਉਂਕਿ ਉਹਨਾਂ ਦੀ ਮਰਜੀ ਦੇ ਖਿਲਾਫ ਉਹਨਾਂ ਦੀਆਂ ਜਮੀਨਾਂ ਨੂੰ ਇਕੁਆਇਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸਰਪੰਚ ਰਜਤ ਭਨੋਟ ਅਤੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਰਿਵਾਰ ਜੱਦੀ ਤੌਰ ਤੇ ਖੇਤੀਬਾੜੀ ਦਾ ਕਿੱਤਾ ਕਰਦੇ ਆ ਰਹੇ ਹਨ। ਇਹਨਾਂ ਜਮੀਨਾਂ ਤੋਂ ਹੀ ਉਹਨਾਂ ਦੇ ਘਰ ਦੇ ਗੁਜਾਰੇ ਚੱਲਦੇ ਹਨ। ਉਹਨਾਂ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ ਦਾ ਇਸ ਤਰ੍ਹਾਂ ਸ਼ਹਿਰੀਕਰਨ ਨਾ ਸਿਰਫ਼ ਪੰਜਾਬ ਦੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗਾ ਬਲਕਿ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਵੀ ਢੁਕਵਾਂ ਨਹੀਂ ਹੈ। ਸਰਪੰਚ ਰਜਤ ਭਨੋਟ ਨੇ ਕਿਹਾ ਕਿ ਭੁੱਲਾਰਾਈ ਦੀ ਪੰਚਾਇਤ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਨਿਊ ਅਰਬਨ ਅਸਟੇਟ ਯੋਜਨਾ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ। ਇਸ ਯੋਜਨਾ ਤਹਿਤ ਹਜਾਰਾਂ ਦਰਖ਼ਤ ਵੀ ਸ਼ਹਿਰੀਕਰਨ ਦੀ ਭੇਂਟ ਚੜ੍ਹ ਜਾਣਗੇ ਅਤੇ ਪਿੰਡ ਦੀ ਸ਼ੁੱਧ ਹਵਾ ਅਤੇ ਸਾਫ਼ ਸੁਥਰਾ ਵਾਤਾਵਰਣ ਗੰਧਲਾ ਤੇ ਦੂਸ਼ਿਤ ਹੋ ਜਾਵੇਗਾ। ਇਸ ਮੌਕੇ ਪੰਚਾਇਤ ਮੈਂਬਰ ਓਮਨਦੀਪ, ਪਰਮਜੀਤ ਸਿੰਘ, ਰਾਜਵਿੰਦਰ ਕੌਰ, ਸੀਮਾ ਸ਼ਰਮਾ, ਵੰਦਨਾ ਸ਼ਰਮਾ, ਗੁਰਜੀਤ ਕੁਮਾਰ, ਹਰਜਿੰਦਰ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਇੰਦਰਪ੍ਰੀਤ ਸਿੰਘ ਪੰਚ, ਗੋਲਡੀ ਭਨੋਟ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਦੀਪ ਸਿੰਘ ਸਾਬਕਾ ਪੰਚ, ਜਸਵੰਤ ਸਿੰਘ, ਜਿੰਦਰ ਸਿੰਘ, ਹਰਮਿੰਦਰ ਸਿੰਘ, ਮੋਹਨ ਸਿੰਘ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ, ਚਰਨ ਸਿੰਘ ਆਦਿ ਹਾਜਰ ਸਨ।

Post a Comment

0 Comments