ਟਰਾਂਸਪੋਰਟ ਮੰਤਰੀ ਵਲੋਂ ਆਰ.ਟੀ.ਏ. ਦਫ਼ਤਰ ਦਾ ਅਚਨਚੇਤ ਦੌਰਾ


ਤਿੰਨ ਥਾਵਾਂ ’ਤੇ 63 ਬੱਸਾਂ ਦੇ ਕਾਗਜ਼ਾਂ ਦੀ ਕੀਤੀ ਜਾਂਚ, ਮੌਕੇ ’ਤੇ ਪੰਜ ਬੱਸਾਂ ਬੰਦ ਤੇ 14 ਦੇ ਕੀਤੇ ਚਲਾਨ

ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਬੱਸ ਨੂੰ ਸੜਕ ’ਤੇ ਚੱਲਣ ਦੀ ਇਜਾਜ਼ਤ ਨਹੀਂ : ਲਾਲਜੀਤ ਸਿੰਘ ਭੁੱਲਰ

ਅਧਿਕਾਰੀਆਂ ਨੂੰ ਅਚਨਚੇਤ ਜਾਂਚ ਤੇਜ਼ ਕਰਨ ਦੀਆਂ ਹਦਾਇਤਾਂ

ਜਲੰਧਰ 22 ਮਈ (ਸੂਰਮਾ ਪੰਜਾਬ ਬਿਊਰੌ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਅੱਜ ਸੋਮਵਾਰ ਦੀ ਸਵੇਰੇ ਆਰ.ਟੀ.ਏ ਦਫ਼ਤਰ ਦਾ ਅਚਨਚੇਤ ਦੌਰਾ ਕਰਨ ਤੋਂ ਇਲਾਵਾ ਸਥਾਨਕ ਰਾਮਾ ਮੰਡੀ ਚੌਕ, ਕਰਤਾਰਪੁਰ ਅਤੇ ਢਿਲਵਾਂ ਟੌਲ ਪਲਾਜ਼ਾ ਵਿਖੇ ਬੱਸਾਂ ਦੀ ਚੈਕਿੰਗ ਕਰਦਿਆਂ ਪੰਜ ਬੱਸਾਂ ਨੂੰ ਬੰਦ ਕਰਵਾਇਆ ਗਿਆ।  

           ਟਰਾਂਸਪੋਰਟ ਮੰਤਰੀ ਵਲੋਂ ਤਿੰਨ ਥਾਵਾਂ ’ਤੇ 63 ਬੱਸਾਂ ਦੇ ਕਾਗਜਾਂ ਦੀ ਜਾਂਚ ਦੌਰਾਨ 14 ਬੱਸਾਂ ਨੂੰ ਵੱਖ-ਵੱਖ ਉਲੰਘਣਾਵਾਂ ’ਤੇ ਚਲਾਨ ਵੀ ਜਾਰੀ ਕਰਵਾਏ ਗਏ।  

                       


ਟਰਾਂਸਪੋਰਟ ਵਿਭਾਗ ਅਤੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀਆਂ ਸਮੇਤ ਟਰਾਂਸਪੋਰਟ ਮੰਤਰੀ ਵਲੋਂ ਸਵੇਰੇ 7:30 ਵਜੇ ਆਰ.ਟੀ.ਏ. ਦਫ਼ਤਰ ਵਿਖੇ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਅੰਦਰ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਤਸੱਲੀ ਪ੍ਰਗਟਾਈ ਕਿ ਸਮੁੱਚਾ ਸਟਾਫ਼ ਸਵੇਰ ਸਮੇਂ ਸਿਰ ਆਪਣੀਆਂ ਸੀਟਾਂ ’ਤੇ ਮੌਜੂਦ ਰਹਿ ਕੇ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਵਲੋਂ ਆਰ.ਟੀ.ਏ. ਦਫ਼ਤਰ ਦਾ ਦੌਰਾ ਕਰਕੇ ਸਟਾਫ਼ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਹਾਜ਼ਰੀ ਰਜਿਸਟਰ ਵੀ ਚੈਕ ਕੀਤੇ ਗਏ।

                        ਆਰ.ਟੀ.ਏ. ਦਫ਼ਤਰ ਤੋਂ ਬਾਅਦ ਟਰਾਂਸਪੋਰਟ ਮੰਤਰੀ ਅਧਿਕਾਰੀਆਂ ਸਮੇਤ ਸਥਾਨਕ ਰਾਮਾ ਮੰਡੀ ਚੌਕ, ਕਰਤਾਰਪੁਰ ਅਤੇ ਟੌਲ ਪਲਾਜ਼ਾ ਢਿਲਵਾਂ ਜ਼ਿਲ੍ਹਾ ਕਪੂਰਥਲਾ ਪਹੁੰਚੇ ਜਿਥੇ ਉਨ੍ਹਾਂ ਖੁਦ ਸੜਕ ’ਤੇ ਚੱਲਣ ਵਾਲੀਆਂ ਬੱਸਾਂ ਦੇ ਪਰਮਿਟ, ਟੈਕਸ ਦੇ ਕਾਗਜ਼ਾਂ ਆਦਿ ਦੀ ਜਾਂਚ ਕੀਤੀ। ਟਰਾਂਸਪੋਰਟ ਮੰਤਰੀ ਵਲੋਂ 63 ਬੱਸਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ ਪੰਜ ਬੱਸਾਂ ਨੂੰ ਮੌਕੇ ’ਤੇ ਬੰਦ ਕੀਤਾ ਗਿਆ ਅਤੇ 14 ਦੇ ਬਣਦੇ ਚਲਾਨ ਕਰਵਾਏ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਵੈਲਿਡ ਦਸਤਾਵੇਜਾਂ ਜਿਸ ਵਿੱਚ ਟੈਕਸ, ਟੂਰ ਦਾ ਵੇਰਵਾ ਅਤੇ ਪਰਮਿਟ ਆਦਿ ਸ਼ਾਮਿਲ ਹਨ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕ ’ਤੇ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਚਨਚੇਤ ਜਾਂਚ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਣ ਕੱਟੇ ਜਾਣ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਜਾਵੇ।

Post a Comment

0 Comments