ਲਾਈਟ ਫਾਰ ਲਾਈਵਜ਼ ਸੰਸਥਾ ਨੇ ਓਲਡ ਏਜ ਹੋਮ ਦੇ ਬਜ਼ੁਰਗਾਂ ‘ਚ ਭਰਿਆ ਜੀਊਣ ਦਾ ਉਤਸ਼ਾਹ


ਫਗਵਾੜਾ 22 ਜੁਲਾਈ (ਸ਼ਿਵ ਕੋੜਾ)
 - ਬਜੁਰਗਾਂ ਦੀ ਸੇਵਾ ਅਤੇ ਸਤਿਕਾਰ ਨੂੰ ਸਮਰਪਿਤ ਫਗਵਾੜਾ ਦੀ ਸੰਸਥਾ ਲਾਈਟ ਫਾਰ ਲਾਈਵਜ਼ ਨੇ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਓਲਡ ਏਜ ਹੋਮ ਵਿਖੇ ਰਹਿ ਰਹੇ ਬਜ਼ੁਰਗਾਂ ਦੇ ਸਨਮਾਨ ‘ਚ ਇੱਕ ਸਮਾਗਮ ਦਾ ਆਯੋਜਨ ਕੀਤਾ। ਸੰਸਥਾ ਵਲੋਂ ਬਜ਼ੁਰਗਾਂ ਦੇ ਸਨਮਾਨ ਵਿੱਚ ਕੇਕ ਕੱਟਿਆ ਗਿਆ, ਉਨ੍ਹਾਂ ਨੂੰ ਭੋਜਨ ਛਕਾਇਆ ਗਿਆ ਅਤੇ ਗੱਲਬਾਤ ਕਰਕੇ ਤੇ ਨੱਚ-ਗਾ ਕੇ ਉਨ੍ਹਾਂ ‘ਚ ਜੀਊਣ ਪ੍ਰਤੀ ਨਵਾਂ ਉਤਸ਼ਾਹ ਪੈਦਾ ਕੀਤਾ ਗਿਆ। ਸੰਸਥਾ ਵਲੋਂ ਔਰਤਾਂ ਨੂੰ ਸੂਟ ਅਤੇ ਮਰਦਾਂ ਨੂੰ ਕੁੜਤੇ ਪਜਾਮੇ ਤੋਹਫੇ ਵਜੋਂ ਭੇਟ ਕੀਤੇ ਗਏ। ਐਡਵੋਕੇਟ ਅਨੂ ਸ਼ਰਮਾ ਨੇ ਕਿਹਾ ਕਿ ਓਲਡ ਏਜ ਹੋਮ ਦੇ ਬਜ਼ੁਰਗ ਆਪਣੇ ਆਪ ਨੂੰ ਬਿਲਕੁਲ ਵੀ ਇਕੱਲਾ ਮਹਿਸੂਸ ਨਾ ਕਰਨ। ਲਾਈਟ ਫਾਰ ਲਾਈਵਜ਼ ਸੰਸਥਾ ਉਨ੍ਹਾਂ ਦਾ ਪਰਿਵਾਰ ਹੈ। ਅਨੂ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਉਦੇਸ਼ ਕਿਸੇ ਵੀ ਕਾਰਨ ਕਰਕੇ ਆਪਣੇ ਪਰਿਵਾਰ ਤੋਂ ਦੂਰ ਓਲਡ ਏਜ ਹੋਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਮਨ ਵਿੱਚ ਆਖਰੀ ਸਾਹ ਤੱਕ ਜੀਉਣ ਦਾ ਉਤਸ਼ਾਹ ਬਣਾਈ ਰੱਖਣਾ ਹੈ। ਕਿਉਂਕਿ ਬਜ਼ੁਰਗ ਆਪਣੇ ਜੀਵਨ ਦੇ ਤਜ਼ਰਬਿਆਂ ਨਾਲ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ। ਇਸ ਦੌਰਾਨ ਹੁਸ਼ਿਆਰਪੁਰ ਦੇ ਸੀ.ਜੇ.ਐਮ. ਨਵੀਨ ਗੋਇਲ, ਏ.ਡੀ.ਜੇ. ਰਾਕੇਸ਼ ਮਿੱਤਲ, ਅਰਵਿੰਦ ਵਰਮਾ ਡੀ.ਆਰ.ਓ. ਚੰਡੀਗੜ੍ਹ ਤੋਂ ਇਲਾਵਾ ਮਨੁੱਖੀ ਅਧਿਕਾਰ ਕੌਂਸਲ (ਇੰਡੀਆ) ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ, ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਅਤੇ ਐਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗਾਇਕ ਜਸਵੀਰ ਸਿੰਘ ਮਾਹੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਐਡਵੋਕੇਟ ਅਨੂ ਸ਼ਰਮਾ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਨੂੰ ਸਿਰਫ਼ ਆਪਣੇ ਪਰਿਵਾਰ ਦੇ ਹੀ ਨਹੀਂ ਸਗੋਂ ਸਮਾਜ ਦੇ ਹਰ ਬਜ਼ੁਰਗ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਕਿਹਾ ਕਿ ਐਡਵੋਕੇਟ ਅਨੂ ਸ਼ਰਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਤਿਕਾਰਯੋਗ ਵਕੀਲ ਹੋਣ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਸਰਗਰਮੀ ਨਾਲ ਰੁੱਝੇ ਹੋਏ ਹਨ। ਉਹ ਲੋੜਵੰਦਾਂ ਨੂੰ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਗਾਇਕ ਜਸਵੀਰ ਮਾਹੀ ਨੇ ਲੋਕ ਗੀਤਾਂ ਰਾਹੀਂ ਬਜ਼ੁਰਗਾਂ ਦੀਆਂ ਅੱਖਾਂ ‘ਚ ਚਮਕ ਅਤੇ ਚਿਹਰਿਆਂ ’ਤੇ ਖੁਸ਼ੀ ਲਿਆਂਦੀ। ਓਲਡ ਏਜ ਹੋਮ ਦੇ ਸੰਚਾਲਕਾਂ ਵਲੋਂ ਲਾਈਟ ਫਾਰ ਲਾਈਵਜ਼ ਸੰਸਥਾ ਅਤੇ ਸਮੂਹ ਪਤਵੰਤਿਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

Post a Comment

0 Comments