ਸਲੋਵਾਕੀਆ ਸਿੱਖ ਸੁਸਾਇਟੀ ਵੱਲੋਂ ਰਾਜਧਾਨੀ ਬ੍ਰਾਤੀਸਲਾਵਾ 'ਚ ਜਲਦ ਬਣੇਗਾ ਗੁਰੂ ਘਰ : ਪਰਮਿੰਦਰ ਸਿੰਘ ਗੋਹਲ


ਸਲੋਵਾਕੀਆ ਸਿੱਖ ਸੁਸਾਇਟੀ ਵੱਲੋਂ ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਨੂੰ ਸਹਿਯੋਗ ਦੇਣ ਦੀ ਅਪੀਲ

ਗੁਰਦੁਆਰਾ ਗੁਰੂ ਰਾਮਦਾਸ ਜੀ ਸਥਾਪਿਤ ਕਰਨ ਲਈ ਲੰਮੇ ਸੰਘਰਸ਼ ਤੋਂ ਬਾਅਦ ਮੌਜੂਦਾ ਸਰਕਾਰ ਤੋਂ ਮਿਲੀ ਇਜਾਜ਼ਤ

ਸਲੋਵਾਕੀਆ, (ਬਿਊਰੌ) ਸਲੋਵਾਕੀਆ ਸਿੱਖ ਸੁਸਾਇਟੀ ਦੀ ਇੱਕ ਵਿਸ਼ੇਸ਼ ਬੈਠਕ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿਖੇ ਕੀਤੀ ਗਈ। ਜਿਸ ਵਿਚ ਸਲੋਵਾਕੀਆ ਵਿਖੇ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਆਪੋ-ਆਪਣੇ ਵਿਚਾਰ ਰੱਖੇ। ਇਸ ਮੌਕੇ ਇਹ ਵਿਸ਼ੇਸ਼ ਚਰਚਾ ਕੀਤੀ ਗਈ ਕਿ ਸਲੋਵਾਕੀਆ ਵਿਖੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਜਿਸ ਨਾਲ ਸਿੱਖ ਸੰਗਤਾਂ ਨੂੰ ਗੁਰਪੁਰਬ, ਸ਼ਹੀਦੀ ਦਿਹਾੜੇ ਮਨਾਉਣ ਲਈ ਇਕੱਤਰ ਹੋਣ ਲਈ ਕੋਈ ਸਥਾਨ ਨਹੀਂ ਮਿਲਦਾ, ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਜਿਸ ਦਾ ਹੱਲ ਕਰਨ ਲਈ ਸਮੂਹ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਰੱਖੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਗੋਹਲ ਨੇ ਕਿਹਾ ਕਿ ਇਹ ਤੁਹਾਡੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ ਕਿ ਸਲੋਵਾਕੀਆ ਗਣਰਾਜ ਦੀ ਸਿੱਖ ਸੰਗਤ ਰਾਜਧਾਨੀ ਬ੍ਰਾਤੀਸਲਾਵਾ ਵਿਚ ਗੁਰਦੁਆਰਾ ਸਾਹਿਬ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਲੋਵਾਕੀਆ ਮੱਧ ਯੂਰਪ ਦਾ ਹਿੱਸਾ ਹੈ ਜਿੱਥੇ ਕੋਈ ਗੁਰੂਘਰ ਨਹੀਂ ਹੈ ਜਦੋਂ ਕਿ ਹੋਰ ਯੂਰਪੀਅਨ ਦੇਸ਼ਾਂ ਨੂੰ ਗੁਰੂਘਰ ਦੀ ਬਖਸ਼ਿਸ਼ ਪ੍ਰਾਪਤ ਹੈ। ਇੱਕ ਲੰਬੇ ਸੰਘਰਸ਼ ਤੋਂ ਬਾਅਦ ਮੌਜੂਦਾ ਸਰਕਾਰ ਤੋਂ ਇਜਾਜ਼ਤ ਪ੍ਰਾਪਤ ਹੋਈ ਹੈ। ਸਿੱਖ ਸੰਗਤ ਦੀ ਘੱਟ ਗਿਣਤੀ ਦੇ ਕਾਰਨ ਅਸੀਂ ਸਮੁੱਚੇ ਸਿੱਖ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਾਡਾ ਸਹਿਯੋਗ ਕਰਨ ਦੀ ਬੇਨਤੀ ਕਰ ਰਹੇ ਹਾਂ। ਇਸ ਲਈ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਪਰਮਿੰਦਰ ਸਿੰਘ ਡਾਈਰੈਕਟਰ, ਰੁਪਿੰਦਰ ਸਿੰਘ ਦਿਓਲ ਐਗਜ਼ੈਕਟਿਵ ਮੈਨੇਜਰ, ਹਰਸਿਮਰਨਜੀਤ ਸਿੰਘ ਮੁੱਖ ਸੇਵਾਦਾਰ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਗੁਰਵਿੰਦਰ ਸਿੰਘ ਸਕੱਤਰ,  ਕੇਵਲ ਸਿੰਘ, ਪਵਿੱਤਰ ਸਿੰਘ, ਹਰਦੀਪ ਸਿੰਘ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ। 

Post a Comment

0 Comments