ਜ਼ਿੰਦਗੀ ਦੇ ਕੋੜੇ ਅਤੇ ਮਿੱਠੇ ਅਹਿਸਾਸਾਂ ਦਾ ਸੁਮੇਲ : ਰਮਜ਼ ਫ਼ਕੀਰੀ ਦੀ

     


ਮਨੁੱਖ ਜਦੋਂ ਤੋਂ ਹੀ ਇਸ ਧਰਤੀ ਤੇ ਪੈਦਾ ਹੋਇਆ
ਤਾਂ ਉਦੋਂ ਤੋਂ ਹੀ ਆਪਣੇ ਅੰਦਰਲੇ ਖਿਆਲਾਂ ਨੂੰ ਆਪਣੇ ਮਨ ਦੇ ਜਜ਼ਬਾਤਾਂ ਨੂੰ ਆਪਣੀ ਭਾਸ਼ਾ ਵਿੱਚ ਪਰੋਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਤੋਂ ਹੀ ਇਸ ਸੰਸਾਰ ਵਿੱਚ ਕਵਿਤਾ ਦਾ ਆਗਾਜ਼ ਹੋਇਆ। ਹਰ ਲੇਖਕ ਦੇ ਲਿਖਣ ਲਈ ਕਈ ਦ੍ਰਿਸ਼, ਘਟਨਾਵਾਂ, ਪਰਿਸਥਿਤੀਆਂ , ਉਸਦੀਆਂ ਕਲਾਕ੍ਰਿਤੀਆਂ ਲਈ ਵਿਸ਼ਾ ਵਸਤੂ ਬਣਦੀਆਂ ਹਨ। ਜ਼ਿੰਦਗੀ ਦੇ ਕੋੜੇ ਅਤੇ ਮਿੱਠੇ ਅਹਿਸਾਸਾਂ ਨੂੰ ਮਾਣਦੇ ਹੋਏ ਆਪਣੇ ਮਨੋਭਾਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਲਿਆਉਂਦੇ ਹਨ, ਕਿਉਂਕਿ ਉਹ ਆਪਣੇ ਅੰਦਰ ਚੱਲ ਰਹੇ ਵਿਚਾਰਾਂ ਦੀ ਗਤੀ ਨੂੰ ਨਹੀਂ ਮਾਪ ਸਕਦੇ ਅਤੇ ਇਸ ਉਥਲ ਪੁਥਲ ਨੂੰ ਸ਼ਾਂਤ ਕਰਨ ਲਈ ਕੋਈ ਗੀਤਾ ਰਾਹੀਂ, ਕੋਈ ਕਵਿਤਾਵਾਂ ਰਾਹੀ ਅਤੇ ਕੋਈ ਗਜ਼ਲਾਂ ਰਾਹੀਂ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹਨ। ਜਿਸ ਨਾਲ ਉਸਨੂੰ ਸਕੂਨ ਮਿਲਦਾ ਹੈ। ਲਿਖਣਾ ਵੀ ਕੋਈ ਆਸਾਨ ਕਾਰਜ ਨਹੀਂ ਹੁੰਦਾ ਹਰ ਕੋਈ ਆਪਣੀ ਗੱਲ ਕਵਿਤਾਵਾਂ ਵਿੱਚ ਜਾਂ ਗਜ਼ਲਾਂ ਵਿੱਚ ਕਹਿ ਦੇਵੇ ਇਹ ਸੰਭਵ ਨਹੀਂ ਹੁੰਦਾ। ਲੇਖਕ ਆਪਣੀ ਲਿਖਣੀ ਨਾਲ ਤਦ ਹੀ ਇਨਸਾਫ਼ ਕਰ ਸਕਦਾ ਹੈ ਜਦੋਂ ਉਸਨੂੰ ਜੋ ਦਰਦ, ਤਕਲੀਫ ਮਹਿਸੂਸ ਹੋਇਆ ਤੇ ਉਸ ਨੇ ਕਾਗਜ਼ ਦੀ ਹਿੱਕੜੀ ਤੇ ਦਵਾਤ ਤੇ ਕਲਮ ਨਾਲ ਲਿਖ ਦਿੱਤਾ। ਸ਼ਾਇਰੀ ਇੱਕ ਉੱਚੀ ਤੇ ਸੁੱਚੀ ਪਰਵਾਜ ਹੁੰਦੀ ਹੈ ਜਿਸ ਨੂੰ ਤੁਸੀਂ ਸੀਮਿਤ ਨਹੀਂ ਕਰ ਸਕਦੇ।ਇਹ ਆਪਣੀ ਮੈਂ ਤੋਂ ਪਰੇ ਦਾ ਸਫ਼ਰ ਹੁੰਦਾ ਹੈ ਜਿਸ ਵਿੱਚ ਲੇਖਕ ਜੋ ਮਹਿਸੂਸ ਕਰਦਾ ਹੈ ਉਹ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ।

         

ਜਿਵੇਂ ਅਸੀਂ ਜਾਣਦੇ ਹਾਂ ਕਿ ਗਜ਼ਲ ਮੂਲ ਤੌਰ ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਵਿੱਚ ਪਹੁੰਚਦੀ ਹੈ ਅਤੇ ਫਾਰਸੀ ਤੇ ਉਰਦੂ ਸ਼ਾਇਰੀ ਵਿੱਚ ਰਚ ਮਿਚ ਜਾਂਦੀ ਹੈ। ਇਸ ਕਾਵਿ ਵਿਦਾ ਵਿੱਚ ਅਰੂਜ਼ ਦੇ ਨਿਯਮਾਂ ਦੀ ਬੰਦਿਸ਼ਾਂ ਨੇ ਇਸ ਨੂੰ ਸੰਗੀਤ ਨਾਲ ਇਕ ਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਖੇਤਰ ਵਿੱਚ ਬੁਲੰਦੀਆਂ ਛੂ ਗਈ। ਲਿਖਣ ਦਾ ਢੰਗ ਹੀ ਗਜ਼ਲਾਂ ਦੀ ਜਾਨ ਤੇ ਸ਼ਾਨ ਹੁੰਦੀ ਹੈ।ਆਪਣੀ ਖਿਆਲਾਂ ਨੂੰ ਨਵੇਂ ਢੰਗਾਂ ਵਿੱਚ ਪੇਸ਼ ਕਰਨ ਨਾਲ ਹੀ ਲੋਕਾਂ ਵਿਚ ਪਰਵਾਨ ਹੁੰਦੀ ਹੈ। ਲੇਖਕ ਦੇ ਸਮਾਜ ਪ੍ਰਤੀ ਕਈ ਫਰਜ਼ ਵੀ ਹੁੰਦੇ ਹਨ। ਉਹ ਆਪਣੇ ਸਮਾਜ ਨੂੰ ਬੜੀ ਅਦਬ ਤੇ ਪਿਆਰ, ਮੁਹੱਬਤ ਨਾਲ ਸੰਦੇਸ਼ ਵੀ ਦਿੰਦਾ ਹੈ। ਕਈ ਨਵੇਂ ਅਤੇ ਪੁਰਾਣੇ ਸ਼ਾਇਰ ਤੇ ਸਾਹਿਤਕਾਰ ਹਨ ਜਿਹੜੇ ਆਪਣੀ ਸੰਤੁਲਿਤ ਚਾਲ ਚਲ ਕੇ ਅੱਗੇ ਤੁਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਹਨਾਂ ਵਿੱਚ ਇੱਕ ਨਾਮ 'ਵਿੰਦਰ ਮਾਝੀ' ਦਾ ਵੀ ਹੈ ਕਈ ਸਾਲਾਂ ਦੀ ਮਿਹਨਤ ਨਾਲ "ਧੂਰੀ ਗਜ਼ਲ ਸਕੂਲ" ਦੇ ਉਪਰਾਲੇ ਸਦਕਾ ਅੱਜ ਵਿੰਦਰ ਮਾਝੀ ਖੁਦ ਨੂੰ ਸ਼ਾਇਰਾਂ ਦੀ ਕਤਾਰ ਵਿੱਚ ਖੜਾ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਤੇ ਬਿਨਾਂ ਸ਼ੱਕ ਉਸਦੇ ਚਾਹੁੰਣ ਵਾਲੇ ਵੀ ਇਹ ਖੁਸ਼ੀ ਮਹਿਸੂਸ ਕਰਦੇ ਹੋਣਗੇ। 
             ਪੁਰਾਣੇ ਸਮਿਆਂ ਵਿੱਚ ਗਜ਼ਲ ਇੱਕ ਔਰਤ ਨਾਲ ਗੱਲ ਕਰਨ ਦਾ ਢੰਗ ਮੰਨਿਆ ਜਾਂਦਾ ਸੀ ਮਗਰ ਦਿਨ- ਬ- ਦਿਨ ਸਮੇਂ ਦੇ ਬਦਲਾਵ ਨਾਲ ਪਿਆਰ, ਮੁਹੱਬਤ, ਦਰਦ, ਜੁਦਾਈ ,ਬੇਵਫਾਈ ਤੋਂ ਇਲਾਵਾ ਮਜਬੂਰੀ, ਰਾਜਨੀਤੀ, ਔਰਤਾਂ ਦੇ ਦਰਦ ਆਦਿ ਵਿਸ਼ਿਆਂ ਤੇ ਵੀ ਗੱਲ ਹੋਣ ਲੱਗ ਪਈ। ਜਿਵੇਂ ਕਿਤਾਬ ਵਿੱਚ ਸ਼ਾਇਰ ਆਪਣੇ ਇੱਕ ਸ਼ੇਅਰ ਨਾਲ ਪੇਸ਼ ਕਰਦਾ ਹੈ। 
"ਜਿਉ ਨਕਲੀ ਨੋਟ ਬਣਾ ਕੇ ਕੁਝ ਸੇਲਾਂ ਭਰੀਆਂ ਪਈਆਂ ਨੇ। ਇਉਂ ਫਰਜ਼ੀ ਕੇਸ ਬਣਾ ਕੇ ਕਈ ਜੇਲਾਂ ਭਰੀਆਂ ਪਈਆਂ ਨੇ।"

ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਇੱਕ, ਦੋ ਗਜ਼ਲਾਂ ਦੇ ਸ਼ੇਅਰ 

"ਤਦ ਹੀ ਰੋਸ ਮੁ਼ਜਾ਼ਹਰੇ ਕਰਦੀ ਸੜਕਾਂ ਉੱਤੇ ਜਨਤਾ।
ਹਾਕਮ ਗੌਰ ਕਰੇ ਨਾ ਕਿਤੇ ਜਦ ਐਲਾਨਾਂ ਉੱਤੇ।"

"ਅਨਪੜ੍ਹਤਾ ਤੇ ਅੰਤਾਂ ਦੀ ਮਹਿੰਗਾਈ ਨੇ, 
ਮੱਤ ਗਰੀਬਾਂ ਦੀ ਦੋਹਾਂ ਨੇ ਮਾਰੀ ਹੈ।
ਵੱਡੇ-ਵੱਡੇ ਵੈਦ ਇਲਾਜ ਨਾ ਲੱਭ ਸਕੇ, 
ਇਸ ਪ੍ਰਦੂਸ਼ਣ ਵੱਡੀ ਇੱਕ ਬਿਮਾਰੀ ਹੈ।"੧
  
ਇਸ ਕਿਤਾਬ ਵਿੱਚ ਕੁੱਲ 94 ਗਜ਼ਲਾਂ ਸ਼ਾਮਿਲ ਕੀਤੀਆਂ ਗਈਆਂ। 'ਧੂਰੀ ਸਾਹਿਤਿਕ ਪ੍ਰਕਾਸ਼ਨ' ਵੱਲੋਂ ਪੇਸ਼ ਕੀਤਾ ਗਿਆ। ਕਿਤਾਬ ਦਾ ਮੁੱਲ 200 ਰੁਪਏ ਰੱਖਿਆ ਗਿਆ ਹੈ। ਲੇਖਕ ਨੇ ਸਮਰਪਿਤ ਆਪਣੇ ਅਜ਼ੀਜ਼ ਵਿਛੜੀਆਂ ਰੂਹਾਂ ਅਤੇ ਆਪਣੇ ਪਿਤਾ ਅਤੇ ਮਹਿਰੂਮ ਵੱਡੇ ਭਰਾਵਾਂ ਬਲਜਿੰਦਰ ਸਿੰਘ ਭੱਟੀ ਤੇ ਪ੍ਰੇਮ ਸਿੰਘ ਭੱਟੀ ਨੂੰ ਕੀਤਾ ਹੈ। ਕਿਤਾਬ ਦੀ ਛਪਾਈ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਗਈ ਹੈ। 
              'ਵਿੰਦਰ ਮਾਝੀ' ਦੀ ਲਿਖਤਾਂ ਵਿੱਚ ਇਸ਼ਕ, ਰੂਹਾਨੀਅਤ, ਦਰਦ ਅਤੇ ਸਮਾਜਿਕ ਸੱਚਾਈ ਦੇ ਮਿਲਾਪ ਨੂੰ ਪੇਸ਼ ਕੀਤਾ ਹੈ। ਉਨਾਂ ਨੇ ਮਨੁੱਖੀ ਜ਼ਿੰਦਗੀ ਦੇ ਗਹਿਰੇ ਤਜ਼ਰਬਿਆਂ ਨੂੰ ਆਪਣੀ ਗਜ਼ਲਾਂ ਵਿੱਚ ਬੇਹੱਦ ਸੁੰਦਰ ਅੰਦਾਜ਼ ਵਿੱਚ ਪੇਸ਼ ਕਰਨ ਵਿੱਚ ਮੋਹਰਤ ਹਾਸਲ ਹੋਈ ਹੈ। ਇਹਨਾਂ ਦੀ ਸਭ ਤੋਂ ਵੱਡੀ ਖੂਬੀ ਮੈਨੂੰ ਇਹ ਨਜ਼ਰ ਆਈ ਕਿ ਉਹ ਇੱਕ ਦਰਸ਼ਨਸ਼ੀਲ ਕਵੀ ਹਨ। ਉਨਾਂ ਦੀ ਲਿਖਣੀ ਤੇ ਕਹਿਣੀ ਵਿੱਚ ਫਰਕ ਨਹੀਂ ਨਜ਼ਰ ਆਉਂਦਾ ਹੈ। ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿੱਖਿਆ ਹੋਇਆ ਨਹੀਂ ਮੰਨਦੇ ਸਗੋਂ ਹੋਰ ਸਿੱਖਣ ਦੀ ਲਾਲਸਾ ਵਿੱਚ ਰਹਿੰਦੇ ਹਨ ਅਤੇ ਆਪਣੇ ਗੁਰੂ ਨਾਲ ਅਪਾਰ ਪ੍ਰੇਮ ਤੇ ਪਿਆਰ ਨਜ਼ਰ ਆਉਂਦਾ ਹੈ। ਇਹ ਮੇਰੇ ਵੱਲੋਂ ਵਧਾਈ ਦੇ ਪਾਤਰ ਹਨ ਜਿਵੇਂ ਉਹ ਕਹਿੰਦੇ ਹਨ। 
"ਤੂੰ ਖੁਦੀ ਨੂੰ ਯਾਦ ਕਰ ਲੈ ਜ਼ਿੰਦਗੀ ਦੇ ਨਾਲ ਨਾਲ।
ਕੰਮ ਕਰਨਾ ਹੈ ਜ਼ਰੂਰੀ ਬੰਦਗੀ ਦੇ ਨਾਲ ਨਾਲ।"
          ਅੰਤ ਵਿੱਚ "ਰਮਜ਼ ਫ਼ਕੀਰੀ ਦੀ" ਲੇਖਕ 'ਵਿੰਦਰ ਮਾਝੀ' ਨੂੰ ਬਹੁਤ- ਬਹੁਤ ਮੁਬਾਰਕ ਪੇਸ਼ ਕਰਦੀ ਹੋਈ ਮੈਂ ਦੁਆ ਕਰਦੀ ਹਾਂ ਕਿ ਉਹਨਾਂ ਦੇ ਸੁਪਨਿਆਂ ਦੇ ਸਫ਼ਰ ਨੂੰ ਪਰਵਾਜ਼ ਮਿਲੇ ਅਤੇ ਸਾਹਿਤ ਦੇ ਖੇਤਰ ਵਿੱਚ ਬੁਲੰਦੀਆਂ ਛੂਹੇ ਅਤੇ ਤੁਹਾਡੇ ਗਜ਼ਲ ਸੰਗ੍ਰਹਿ ਦੇ ਅੰਦਰ ਜੋ ਤੁਹਾਡੇ ਸ਼ਬਦ ਹਨ ਉਹ ਹਰ ਦਿਲ ਤੇ ਆਪਣੀ ਛਾਪ ਛੱਡਣ। "ਰਮਜ਼ ਫ਼ਕੀਰੀ ਦੀ" ਕਿਤਾਬ ਨੂੰ ਬਹੁਤ-ਬਹੁਤ ਅਸੀਸਾਂ। 
                                                     ਆਮੀਨ।
                                              ਰਣਜੀਤ ਕੌਰ ਸਵੀ
                                                     ਮਲੇਰਕੋਟਲਾ

Post a Comment

0 Comments