ਡੇਰਾ ਚਹੇੜੂ ਵਿਖੇ 1 ਮਾਰਚ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ : ਸੰਤ ਕ੍ਰਿਸ਼ਨ ਨਾਥ ਜੀ

ਜਲੰਧਰ, 24 ਫਰਵਰੀ (ਅਮਰਜੀਤ ਸਿੰਘ ਜੰਡੂ ਸਿੰਘਾ)- ਡੇਰਾ ਸੰਤ ਬਾਬਾ ਫੁਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਨਾਨਕ ਨਗਰੀ, ਜੀ.ਟੀ. ਰੋਡ ਚਿਹੇੜੂ, ਵਿਖੇ ਅੰਮ੍ਰਿਤਬਾਣੀ ਦੀ ਛੱਤਰ-ਛਾਇਆ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰੇ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾਪੂਰਬਕ ਮਨਾਇਆ ਜਾ ਰਿਹਾ ਹੈ।
     ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤਬਾਣੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ।
      ਜਿਸ ਵਿੱਚ ਭਾਈ ਪਰਵੀਨ ਕੁਮਾਰ ਜੀ (ਹੈੱਡ ਗ੍ਰੰਥੀ), ਭਾਈ ਮੰਗਤ ਰਾਮ ਮਹਿਮੀ ਜੀ ਅਤੇ ਸਾਥੀ ਦਕੋਹੇ ਵਾਲੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀ ਅਤੇ ਮਾਤਾ ਸਵਿੱਤਰੀਬਾਈ ਫੂਲੇ ਫ੍ਰੀ ਸਿੱਖਿਆ ਅਤੇ ਟਰੇਨਿੰਗ ਅਕੈਡਮੀ ਦੇ ਵਿਦਿਆਰਥੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਸੇਵਾ ਵਾਲੀਆਂ ਬੀਬੀਆਂ ਦਾ ਜਥਾ ਦੁਪਿਹਰ 1 ਵਜੇ ਤੱਕ ਡੇਰੇ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ। ਉਪਰੰਤ ਕਰਵਾਏ ਜਾ ਰਹੇ ਸਮਾਗਮ ਮੌਕੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਗਾਇਕ ਕੰਠ ਕਲੇਰ ਸੰਗਤਾਂ ਨੂੰ ਮਿਸ਼ਨਰੀ ਤੇ ਧਾਰਮਿਕ ਗੀਤਾਂ ਰਾਹੀਂ ਗੁਰੂ ਜੀ ਦੇ ਚਰਨਾਂ ਨਾਲ ਜੋੜਨਗੇ।
    24 ਫਰਵਰੀ ਨੂੰ ਹੋਣਗੀਆਂ ਪ੍ਰਭਾਤ ਫੇਰੀਆਂ ਅਰੰਭ : ਪ੍ਰਬੰਧਕਾਂ ਨੇ ਦਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ 24 ਫਰਵਰੀ ਦਿਨ ਮੰਗਲਵਾਰ ਆਰੰਭ ਹੋ ਰਹੀਆਂ ਹਨ ਜੋ ਕਿ ਲਗਾਤਾਰ 28 ਫਰਵਰੀ 2026 ਦਿਨ ਸ਼ਨੀਵਾਰ ਤੱਕ ਚੱਲਣਗੀਆਂ ਤੇ 28 ਫਰਵਰੀ ਦਿਨ ਸ਼ਨੀਵਾਰ ਨੂੰ ਹੀ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8:00 ਵਜੇ ਅਦਾ ਕੀਤੀ ਜਾਵੇਗੀ।
      ਉਨ੍ਹਾਂ ਦਸਿਆ ਕਿ ਡੇਰੇ ਤੋਂ ਇੱਕ ਚੇਤਨਾ ਮਾਰਚ ਅਰੰਭ ਹੋਵੇਗਾ। ਜੋ ਕਿ ਨਾਨਕ ਨਗਰੀ ਦੀ ਪਰਿਕਰਮਾਂ ਕਰੇਗਾ। ਉਨ੍ਹਾਂ ਕਿਹਾ ਸਮਾਗਮਾਂ ਮੌਕੇ ਸੰਗਤਾਂ ਨੂੰ ਚਾਹ ਪਕੌੜੇ, ਮਠਿਆਈਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸੰਤ ਕ੍ਰਿਸ਼ਨ ਨਾਥ ਜੀ ਤੇ ਡੇਰਾ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮ-ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Post a Comment

0 Comments