ਬਸਪਾ ਦੇ ਰਾਜ ’ਚ ਸਾਰੀਆਂ ਅਸਾਮੀਆਂ ਸੁਰਜੀਤ ਕਰਾਂਗੇ- ਜਸਵੀਰ ਸਿੰਘ ਗੜ੍ਹੀ

ਮਿਸ਼ਨ ‘ਲਾਲ ਲਕੀਰ’ ਨੂੰ ਕਾਂਗਰਸ ਵਲੋਂ ਦੇਰੀ ਨਾਲ ਲਿਆ ਫ਼ੈਸਲਾ ਦੱਸਿਆ

ਨਵਾਂ ਸ਼ਹਿਰ (ਸੂਰਮਾ ਪੰਜਾਬ)- ਬਹੁਜਨ ਸਮਾਜ ਪਾਰਟੀ ਦੇ ਜਿੱਤੇ ਕੌਂਸਲਰ ਸ਼੍ਰੀ ਗੁਰਮੁਖ ਸਿੰਘ ਨੌਰਥ ਦੇ ਗ੍ਰਹਿ ਨਿਵਾਸ ਵਿਖੇ ਰੱਖੇ ਸੁਖਮਨੀ ਸਾਹਿਬ ਦੇ ਭੋਗ ਮੌਕੇ ਬਸਪਾ ਵਰਕਰਾਂ ਤੇ ਸਮਰਥਕਾਂ ਦਾ ਵਿਆਹ ਵਾਂਗ ਵਿਸ਼ਾਲ ਇਕੱਠ ਹੋਇਆ, ਜਿਸ ਵਿਚ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਬਸਪਾ ਪੰਜਾਬ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਪੰਜਾਬ ’ਚ ਉਹਨਾਂ ਦੀ ਪਾਰਟੀ ਦਾ ਰਾਜ ਆਉਣ ’ਤੇ ਹੁਣ ਤੱਕ ਦੀਆਂ ਸਰਕਾਰਾਂ ਵਲੋਂ ਖ਼ਤਮ ਕੀਤੀਆਂ ਸਾਰੀਆਂ ਆਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਉਹਨਾਂ ਇੱਥੇ ਇੱਹ ਪੱਖ ਰੱਖਦਿਆਂ ਕਿ ਇੱਕ ਪਾਸੇ ਕੈਪਟਨ ਸਰਕਾਰ ਨੇ 3720 ਆਸਾਮੀਆਂ ਖ਼ਤਮ ਕਰ ਦਿੱਤੀਆਂ ਹਨ ਦੂਜੇ ਪਾਸੇ ਬੀਤੇ ਕਲ੍ਹ ਦੀ ਕੈਬਨਿਟ ’ਚ 1875 ਨਵੀਆਂ ਆਸਾਮੀਆਂ ਦਾ ਮਤਾ ਪਾਕੇ ਰਾਜਨੀਤੀ ਖੇਡੀ ਹੈ। ਕਿਉਂਕਿ ਕਾਂਗਰਸ ਸਰਕਾਰ ਦਾ ਘਰ ਘਰ ਨੌਕਰੀ ਦੇਣ ਦਾ ਚੋਣ ਮਨੋਰਥ ਪੱਤਰ ਦਾ ਵਾਅਦਾ ਝੂਠਾ ਸਾਬਿਤ ਹੋ ਚੁੱਕਾ ਹੈ। ਗੜ੍ਹੀ ਨੇ ਪੰਜਾਬ ਸਰਕਾਰ ਵਲੋਂ ਐਲਾਨੇ ‘ਲਾਲ ਲਕੀਰ’ ਮਿਸ਼ਨ ’ਤੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦਾ ਫ਼ੈਸਲਾ ਸੂਬੇ ਅੰਦਰ ਨਗਰ ਕੌਂਸਲ ਚੋਣਾ ’ਚ ਬਸਪਾ ਦੇ ਆਏ ਉਭਾਰ ਤੋਂ ਡਰਦਿਆਂ ਕੀਤਾ ਗਿਆ ਹੈ। ਉਹਨਾਂ ਪੰਜਾਬ ’ਚ ਪਹਿਲਾਂ ਕਈ ਵਾਰ ਰਹੇ ਕਾਂਗਰਸ ਦੇ ਰਾਜ ’ਚ ਇਹ ਫ਼ੈਸਲਾ ਨਾ ਚੁੱਕੇ ਜਾਣ ’ਤੇ ਸਵਾਲ ਕੀਤਾ। ਉਹਨਾਂ ਦੱਸਿਆ ਕਿ ਲਾਲ ਲਕੀਰ ਦੇ ਅੰਦਰ ਵਾਲੀਆਂ ਥਾਵਾਂ ’ਤੇ ਜਿਆਦਾ ਗਿਣਤੀ ਦਲਿਤ ਤੇ ਛੋਟੇ ਕਿਸਾਨਾਂ ਦੀ ਹੋਣ ਕਰਕੇ ਕਾਂਗਰਸ ਸਰਕਾਰ ਉਹਨਾਂ ਨੂੰ ਬਸਪਾ ਨਾਲ ਜੁੜਦਿਆਂ ਦੇਖ ਕੇ ਡਰੀ ਹੋਈ ਹੈ। ਜਦੋਂਕਿ ਅਜ਼ਾਦੀ ਦੇ 73 ਸਾਲਾਂ ਵਿਚ ਕਾਂਗਰਸ ਸਰਕਾਰ ਨੂੰ ਸੂਬੇ ਅੰਦਰ ਵਸ ਰਹੇ ਲਾਲ ਲੀਕ ਦੇ ਵਸਨੀਕਾਂ ਦੀ ਕਦੀ ਵੀ ਸੁਧ ਬੁੱਧ ਨਹੀਂ ਲਈ ਹੈ।

ਨਗਰ ਕੌਂਸਲ ਚੋਣਾਂ ’ਚ ਬਸਪਾ ਦੀ ਹਾਜ਼ਰੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਬਸਪਾ ਮੁੱਖੀ ਨੇ ਕਿਹਾ ਕਿ ਇਹਨਾਂ ਚੋਣਾਂ ’ਚ ਬਸਪਾ ਨੇ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ਤੇ ਹਿੱਸਾ ਲਿਆ ਸੀ ਜਿਸ ਦੇ ਨਤੀਜੇ ਸਾਰਥਿਕ ਨਿਕਲੇ ਹਨ ਅਤੇ ਸੂਬੇ ਭਰ ’ਚ ਬਸਪਾ ਦੀ ਉਮੀਦਵਾਰਾਂ ਦੇ ਪੱਧਰ ਤੇ ਜਿੱਤ ਫ਼ੀਸਦੀ 13.75 ਹੋਣਾ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸ਼੍ਰੀ ਗੁਰਮੁਖ ਨੌਰਥ ਕੌਂਸਲਰ ਦਾ ਸੂਬਾ ਪ੍ਰਧਾਨ ਨੇ ਸਨਮਾਨ ਕੀਤਾ। ਇਸ ਮੌਕੇ ਬਸਪਾ ਆਗੂ ਡਾ ਮਹਿੰਦਰ ਪਾਲ, ਹਰਬੰਸ ਲਾਲ ਚਣਕੋਆ, ਪ੍ਰਵੀਨ ਬੰਗਾ, ਜਸਵੀਰ ਸਿੰਘ ਔਲੀਆਪੁਰ, ਰਸ਼ਪਾਲ ਮਹਾਲੋਂ, ਜੈਪਾਲ ਸੁੰਡਾ, ਪ੍ਰੇਮ ਰਤਨ, ਐਡਵੋਕੇਟ ਮੁਕੇਸ਼ ਬਾਲੀ, ਸੋਨੂੰ ਲੱਕੁਮਾਰ, ਰਜਨੀ ਬਾਲਾ, ਮੱਖਣ ਸਿੰਘ ਚੌਹਾਨ, ਕੌਂਸਲਰ ਗੁਰਮੁੱਖ ਸਿੰਘ, ਧਰਮਪਾਲ ਗਲਿੰਡ, ਕੁਲਦੀਪ ਸਿੰਘ, ਸੋਮਨਾਥ ਰਟੈਂਡਾ, ਹਰਬੰਸ ਕਰੀਹਾ, ਐਡਵੋਕੇਟ ਰਾਜਕੁਮਾਰ, ਆਦਿ ਸ਼ਾਮਲ ਸਨ।

Post a Comment

0 Comments