ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਜੌਹਲਾਂ ਦੇ ਗੁਰਦੁਆਰਾ ਸਿੰਘ ਸਭਾ (ਫਿਰਨੀਵਾਲਾ) ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਦਿਆਲ ਸਿੰਘ ਨੇ ਦੱਸਿਆ ਕਿ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ, ਦੀਵਾਨ ਸਜੇ ਅਤੇ ਬਾਅਦ ਦੁਪਹਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਪੰਥ ਦੇ ਸਿਰਮੌਰ ਢਾਡੀ ਜੱਥੇ ਗਿਆਨੀ ਦਵਿੰਦਰ ਸਿੰਘ ਉੱਦਮੀ ਦੇ ਜੱਥੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਰਚਨਾ ਅਤੇ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਨੂੰ ਢਾਡੀ ਵਾਰਾਂ ਰਾਹੀਂ ਸਰਵਣ ਕਰਾਇਆ। ਨਗਰ ਕੀਰਤਨ ਵਿੱਚ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਸੰਤ ਬਾਬਾ ਜੀਤ ਸਿੰਘ ਜੀ ਮੁੱਖੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੇ ਵੀ ਆਪਣੇ ਜਥੇ ਸਮੇਤ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਲੇਖਕ ਸ. ਭਗਵਾਨ ਸਿੰਘ ਜੌਹਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਲਿਦਾਨੀ ਸੋਚ, ਖ਼ਾਲਸਾ ਪੰਥ ਦੀ ਸਿਰਜਣਾ ਅਤੇ ਮਨੁੱਖਤਾ ਲਈ ਦਿੱਤੇ ਅਮੋਲਕ ਸੰਦੇਸ਼ਾਂ ਉੱਤੇ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧਾ ਹੀ ਨਹੀਂ, ਸਗੋਂ ਉੱਚ ਕੋਟੀ ਦੇ ਕਵੀ ਅਤੇ ਦਰਸ਼ਨਿਕ ਵੀ ਸਨ। ਉਨ੍ਹਾਂ ਦੀ ਰਚਨਾ ਦਸਮ ਗ੍ਰੰਥ ਵਿੱਚ ਮਿਲਦੀ ਹੈ। ਜਿਸ ਵਿੱਚ ਚੰਡੀ ਦੀ ਵਾਰ, ਜਾਪ ਸਾਹਿਬ ਅਤੇ ਅਕਾਲ ਉਸਤਤ ਵਰਗੀਆਂ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਨਿਰਭੈ ਹੋ ਕੇ ਸੱਚ ਦਾ ਸਾਥ ਦੇਣ ਦੀ ਪ੍ਰੇਰਣਾ ਦਿੱਤੀ। ਗੁਰੂ ਸਾਹਿਬ ਦੀ ਸੋਚ ਅੱਜ ਦੇ ਸਮਾਜ ਲਈ ਵੀ ਉਤਨੀ ਹੀ ਪ੍ਰਸੰਗਿਕ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਅੱਜ ਵੀ ਸਾਨੂੰ ਨਿਡਰਤਾ, ਸੇਵਾ ਅਤੇ ਮਨੁੱਖਤਾ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਧਾਰਮਿਕ ਲਿਖਾਰੀ ਸ. ਭਗਵਾਨ ਸਿੰਘ ਜੌਹਲ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ, ਭਾਈ ਕੁਲਦੀਪ ਸਿੰਘ ਜੰਡੂਸਿੰਘਾ ਵਾਲੇ, ਪ੍ਰੀਤਮ ਸਿੰਘ ਭੱਟੀ, ਨੰਬਰਦਾਰ ਪਰਮਜੀਤ ਸਿੰਘ, ਰਣਜੀਤ ਸਿੰਘ ਭੱਟੀ, ਗੁਰਮੀਤ ਸਿੰਘ, ਰਜਿੰਦਰ ਸਿੰਘ, ਮਹਿੰਗਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨਗਰ ਤੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਮੌਜ਼ੂਦ ਸੀ।

0 Comments