ਸਾਹਿਤਕ ਖ਼ਜ਼ਾਨੇ ਨੂੰ ਮਾਲੋ-ਮਾਲ ਕਰਨ ’ਚ ਜੁਟੀ ਹੋਈ ਕਲਮ : ਕੁਲਵਿੰਦਰ ਕੌਰ ਮਹਿਕ

 


         


ਪੰਜਾਬੀ ਸਾਹਿਤ ਦੇ ਖ਼ਜਾਨੇ ਨੂੰ ਆਪਣੀ ਲਾ-ਜੁਵਾਬ ਕਲਮ ਨਾਲ ਮਾਲੋ-ਮਾਲ ਕਰਦਿਆਂ ਮੰਜ਼ਲਾਂ ਸਰ ਕਰਦੀ ਅੱਗੇ ਵਧ ਰਹੀ ਕੁਲਵਿੰਦਰ ਕੌਰ ਮਹਿਕ ਇਕ ਐਸੀ ਸੁਭਾਗੀ ਰੂਹ ਹੈ ਜਿਸ ਨੂੰ ਕਵਿੱਤਰੀ ਤੇ ਕਹਾਣੀਕਾਰਾ ਦੀ ਆਤਮਾ ਵਰਦਾਨ ਰੂਪ ਵਿਚ ਮਿਲੀ ਹੈ।  ਕਵਿੱਤਰੀ, ਕਹਾਣੀਕਾਰਾ ਤੇ ਸਟੇਜ-ਸੰਚਾਲਕਾ ਆਦਿ ਬਹੁ-ਕਲਾਵਾਂ ਦਾ ਸੁਮੇਲ ਕੁਲਵਿੰਦਰ ਆਪਣੇ ਦੋ ਮੌਲਿਕ ਕਾਵਿ-ਸੰਗ੍ਰਹਿ, ‘ਅੱਖਰਾਂ ਦੇ ਮੋਤੀ' ਅਤੇ ‘ਅੱਖਰਾਂ ਦੀ ਮਾਲਾ' ਦੇ ਨਾਲ-ਨਾਲ ਦੋ ਮੌਲਿਕ ਕਹਾਣੀ-ਸੰਗ੍ਰਹਿ ‘ਰੌਣਕੀ ਪਿੱਪਲ' ਤੇ ‘ਯਾਦਾਂ ਦੇ ਕਾਫ਼ਲੇ' ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਉਪਰੰਤ ਪੰਜਵੀਂ ਕਾਵਿ ਪੁਸਤਕ ਰਿਲੀਜ਼ ਕਰਨ ਲਈ ਤਿਆਰ ਬੈਠੀ ਹੈ। ਦੇਸ਼-ਵਿਦੇਸ਼ ਦਾ ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਪੇਪਰ ਜਾਂ ਮੈਗਜੀਨ ਬਚਿਆ ਹੋਵੇ ਜਿੱਥੇ ਤੱਕ ਉਸ ਦੀ ਕਲਮ ਦੀ ਸਿਰਜਣਾ ਨਾ ਪਹੁੰਚੀ ਹੋਵੇ।

          ਮੁਹਾਲੀ ਸ਼ਹਿਰ ਵਿਚ ਡੇਰੇ ਲਾ ਕੇ ਉਚੀਆਂ ਕਲਮੀ ਉਡਾਣਾਂ ਭਰ ਰਹੀ ਇਸ ਮੁਟਿਆਰ ਕਲਮਕਾਰਾ ਦੀਆਂ ਜਿੱਥੇ ਕਵਿਤਾਵਾਂ ਅਤੇ ਗੀਤ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਬੁਲੰਦ ਅਵਾਜ ਉਠਾਉਦੇ ਹਨ, ਉਥੇ ਉਸ ਦੀਆਂ ਕਹਾਣੀਆਂ ਵੀ ਸਮਾਜਿਕ ਕੁਰੀਤੀਆਂ ਦੀ ਵਿਰੋਧਤਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਦੇ ਵਿਸ਼ਿਆਂ ਦੁਆਲੇ ਹੀ ਘੁੰਮਦੀਆਂ ਹਨ। ਉਸ ਦੀ ਕਲਮ ਸਿਰਫ ਇਨਾਂ ਮੌਲਿਕ ਪੁਸਤਕਾਂ ਤੱਕ ਹੀ ਸੀਮਿਤ ਨਹੀ, ਬਲਕਿ ‘ਕਲਮਾਂ ਦਾ ਸਫਰ' (ਕਾਵਿ-ਸੰਗ੍ਰਹਿ), ‘ਜੋੜੀਆਂ ਜਗ ਥੋੜੀਆਂ' (ਕਹਾਣੀ-ਸੰਗ੍ਰਹਿ), ‘ਹੋਕਾ ਕਲਮਾਂ ਦਾ' (ਕਾਵਿ-ਸੰਗ੍ਰਹਿ) ਅਤੇ ‘ਰੰਗ-ਬਰੰਗੀਆਂ ਕਲਮਾਂ' (ਕਾਵਿ-ਸੰਗ੍ਰਹਿ) ਆਦਿ ਅੱਧੀ ਦਰਜਨ ਤੋਂ ਵੱਧ ਪ੍ਰਕਾਸ਼ਨਾਵਾਂ ਵਿਚ ਵੀ ਬੜੀ ਰੂਹ ਨਾਲ ਭਰਵੀਂ ਹਾਜ਼ਰੀ ਲਗਵਾ ਚੁੱਕੀ ਹੈ, ਉਹ। ਸੰਪਾਦਨਾ ਖੇਤਰ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ 254 ਕਲਮਾਂ ਦੇ ਕਾਵਿ-ਸੰਗ੍ਰਹਿ, ‘ਕਲਮਾਂ ਦਾ ਸਫਰ', 267 ਕਲਮਾਂ ਦੇ ਕਾਵਿ-ਸੰਗ੍ਰਹਿ ‘ਰੰਗ-ਬਰੰਗੀਆਂ ਕਲਮਾਂ' ਅਤੇ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ, ‘ਵਿਰਸੇ ਦੇ ਪੁਜਾਰੀ' ਦੇ ਸੰਪਾਦਕੀ ਬੋਰਡ ਵਿਚ ਵੀ ਅਹਿਮ ਰੋਲ ਨਿਭਾਇਆ ਹੈ ਉਸ ਨੇ। ਇਸਤੋਂ ਇਲਾਵਾ ਇਸ ਸੰਸਥਾ ਦੇ ਮੀਤ ਪ੍ਰਧਾਨ ਦੀਆਂ ਜਿੰਮੇਵਾਰੀਆਂ ਵੀ ਉਹ ਸਫ਼ਲਤਾ ਪੂਰਵਕ ਨਿਭਾ ਰਹੀ ਹੈ ਅਤੇ ਸੰਸਥਾ ਨੂੰ ਅੱਗੇ ਲਿਜਾਣ ਵਿਚ ਹਰ ਪਲ, ਹਰ ਘੜੀ ਵਫ਼ਾਦਾਰ ਰਹਿੰਦੀ ਹੈ, ਉਹ। 

      ਮਹਿਕ ਦੀਆਂ ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਸੇਵਾਵਾਂ ਦੀ ਕਦਰ ਪਾਉਂਦਿਆਂ ਜਿੱਥੇ ਅਨੇਕਾਂ ਸੰਸਥਾਵਾਂ ਆਪੋ-ਆਪਣੇ ਢੰਗ-ਤਰੀਕੇ ਨਾਲ ਉਸ ਨੂੰ ਅਗਾਂਹ ਵਧਣ ਲਈ ਹੱਲਾ-ਸ਼ੇਰੀ ਦੇ ਚੁੱਕੀਆਂ ਹਨ, ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੀ ਉਸਨੂੰ ‘ਧੀ ਪੰਜਾਬ ਦੀ ਅਵਾਰਡ-2017’, ‘ਦਲੀਪ ਕੌਰ ਟਿਵਾਣਾ ਅਵਾਰਡ-2018’ ਅਤੇ ‘ਮਾਣ ਪੰਜਾਬ ਦਾ ਅਵਾਰਡ-2019’ ਨਾਲ ਸਨਮਾਨਿਤ ਕਰ ਚੁੱਕੀ ਹੈ। ਇਕ ਮੁਲਾਕਾਤ ਦੌਰਾਨ ਮਹਿਕ ਨੇ ਕਿਹਾ, ‘‘ਇਸ ਮੁਕਾਮ ਤੱਕ ਪਹੁੰਚਣ ਲਈ ਨਾ-ਸਿਰਫ ਮੈਂ ਆਪਣੇ ਜੀਵਨ-ਸਾਥੀ ਸ੍ਰ. ਅਵਤਾਰ ਸਿੰਘ ਪਾਲ ਅਤੇ ਸਮੁੱਚੇ ‘ਪਾਲ-ਪਰਿਵਾਰ' ਦੇ ਨਾਲ-ਨਾਲ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਉਨਾਂ ਦੀ ਟੀਮ ਦੇ ਲਛਮਣ ਸਿੰਘ ਮੇਹੋ, ਬਲਵੰਤ ਸੱਲਣ, ਕਿਸ਼ਨ ਰਾਹੀ, ਸ਼ਮਸ਼ੇਰ ਸਿੰਘ ਪਾਲ, ਬਲਬੀਰ ਛਿੱਬਰ ਅਤੇ ਵਰਿੰਦਰ ਕੌਰ ਰੰਧਾਵਾ ਵਰਗੇ ਸੁਹਿਰਦ ਸਾਥੀਆਂ ਦੀ ਹੀ ਰਿਣੀ ਹਾਂ, ਬਲਕਿ ਆਪਣੇ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਥੀਆਂ-ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਹੱਲਾ-ਸ਼ੇਰੀ, ਸਹਿਯੋਗ ਅਤੇ ਸੁਜੱਜੀ ਅਗਵਾਈ ਦੇ ਰੂਪ ਵਿਚ ਮਿਲ ਰਹੀ ਕਲਮੀ-ਊਰਜ਼ਾ ਲਈ ਉਨਾਂ ਦੀ ਵੀ ਦੇਣਦਾਰ ਹਾਂ।'' 

          ਰੱਬ ਕਰੇ !  ਸਿਦਕੀ, ਸਿਰੜੀ ਤੇ ਸੰਘਰਸ਼ਸ਼ੀਲ ਮੁਟਿਆਰ ਕੁਲਵਿੰਦਰ ਕੌਰ ਮਹਿਕ ਦੇ ਸੰਘਰਸ਼ ਭਰੇ ਸੁਪਨਿਆਂ ਨੂੰ ਭਰਵਾਂ ਬੂਰ ਪਵੇ ! ਸਾਹਿਤਕ ਖਿੱਤੇ ਵਿਚ ਉਸਦਾ ਨਾਂ ਧਰੂ ਤਾਰੇ ਦੀ ਨਿਆਂਈਂ ਹੋਰ ਵੀ ਚਮਕ-ਦਮਕ ਉਠੇ, ਦਿਲੀ ਦੁਆਵਾਂ ਤੇ ਜੋਦੜੀਆਂ ਹਨ, ਓਸ ਅਕਾਲ-ਪੁਰਖ ਅੱਗੇ ਮੇਰੀਆਂ !

          -ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

Post a Comment

0 Comments