ਕਰਮਜੀਤ ਕੌਰ ਚੌਧਰੀ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਲੋਕ ਸਭਾ ਆਗਾਮੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚੌਧਰੀ ਪਰਿਵਾਰ 'ਤੇ ਭਰੋਸਾ ਜਤਾਉਣ ਲਈ ਕਾਂਗਰਸ ਲੀਡਰਸ਼ਿਪ ਦਾ ਕੀਤਾ, ਧੰਨਵਾਦ 

ਜਲੰਧਰ 13 ਮਾਰਚ (ਬਿਊਰੌ)- ਜਲੰਧਰ ਲੋਕ ਸਭਾ ਹਲਕੇ 'ਚ ਆਗਾਮੀ ਜ਼ਿਮਨੀ ਚੋਣ ਲਈ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਕਰਮਜੀਤ ਕੌਰ ਚੌਧਰੀ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਕਾਂਗਰਸ ਪਾਰਟੀ ਲੀਡਰਸ਼ਿਪ ਵੱਲੋਂ ਉਹਨਾਂ ’ਤੇ ਭਰੋਸਾ ਜਤਾਉਣ ਲਈ ਤਹਿ ਦਿਲੋਂ ਧੰਨਵਾਦੀ ਹੈ। 

     ਉਹਨਾਂ ਨੇ ਕਿਹਾ, "ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਾਸਤੇ ਮੇਰੇ ਮਾਤਾ ਜੀ ਦੀ ਉਮੀਦਵਾਰੀ ਦੇ ਐਲਾਨ ਲਈ ਅਸੀਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਜੀ, ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਦੇ ਧੰਨਵਾਦੀ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹ ਸੀਟ ਵੱਡੇ ਅੰਤਰ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ।

    ਵਿਧਾਇਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹਰਮਨ ਪਿਆਰੇ ਆਗੂ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜਿਨ੍ਹਾਂ ਦਾ 14 ਜਨਵਰੀ, 2023 ਨੂੰ ਫਿਲੌਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ।

    ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਔਖੀ ਘੜੀ ਵਿੱਚ ਆਪਣੇ ਪਰਿਵਾਰ ਨਾਲ ਡਟ ਕੇ ਖੜ੍ਹਨ ਲਈ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਮਰਹੂਮ ਪਤੀ ਚੌਧਰੀ ਸੰਤੋਖ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਨਗੇ।

Post a Comment

0 Comments