ਫਗਵਾੜਾ 20 ਜੁਲਾਈ (ਸ਼ਿਵ ਕੋੜਾ)- ਨਗਰ ਨਿਗਮ ਕਮਿਸ਼ਨਰ ਫਗਵਾੜਾ ਡਾ ਨਯਨ ਜੱਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੀ ਵਿਕਾਸ ਸਕੀਮ ਨੰ.1 ਹਰਗੋਬਿੰਦ ਨਗਰ ਫਗਵਾੜਾ ਦੀਆਂ 2 (ਸੜਕਾਂ ਪਲਾਟ ਨੰ. 718 ਤੋਂ 746 [ਸਿੰਗਲ ਸਾਈਡ] ਅਤੇ ਪਲਾਟ ਨੰ. 746 ਤੋਂ 485 [ਦੋਹਾ ਸਾਈਡਾਂ]) ਨੂੰ ਸਥਾਨਕ ਸਰਕਾਰ ਵਿਭਾਗ ਦੇ ਨੋਟੀਫਿਕੇਸ਼ਨ ਪੱਤਰ ਨੰ. ਸੀ.ਟੀ.ਪੀ.ਐਲ.ਜੀ-2023/969 ਮਿਤੀ 06/04/2023 ਰਾਂਹੀ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੀਆਂ 4 ਸੜਕਾਂ (ਵਿਕਾਸ ਸਕੀਮ ਨੰ. 3, ਪਲਾਹੀ ਰੋਡ, ਫਗਵਾੜਾ, ਟੀ.ਪੀ ਸਕੀਮ ਨੰ. 5 ਪਾਰਟ 1 ਨਕੋਦਰ ਰੋਡ) ਨੂੰ ਪਹਿਲਾਂ ਹੀ ਸਰਕਾਰ ਵੱਲੋਂ ਸਾਲ 2018 ਵਿੱਚ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਸੜਕਾਂ ਤੇ ਆਬਾਦ ਕੀਤੀਆਂ ਪ੍ਰਾਪਰਟੀਆਂ ਦੇ ਭੌ ਮੰਤਵ ਤਬਦੀਲੀ ਦੇ ਰੇਟਾਂ ਸਬੰਧੀ ਸਰਕਾਰ ਵੱਲੋਂ ਮਿਤੀ 19/07/2023 ਰਾਹੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਰਟੀਆਂ ਦੇ ਭੌਂ-ਮੰਤਵ ਤਬਦੀਲੀ ਸਬੰਧੀ ਸਰਕਾਰ ਵੱਲੋਂ ਪੱਤਰ ਨੰ. 9/87/06-5ਸਸ1/6761-63 ਮਿਤੀ 22/08/2006 ਅਤੇ ਪੱਤਰ ਨੰ.ਏ.ਸੀ.ਐਮ/ ਐਮ.ਟੀ.ਪੀ/11789 ਮਿਤੀ 15/07/2020 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜਲੰਧਰ ਰੀਜਨ ਦੇ ਹੀ ਰੇਟ ਲਾਗੂ ਹੋਣਗੇ।ਇਸ ਲਈ ਇਨ੍ਹਾਂ ਸੜਕਾਂ ਉੱਪਰ ਪੈਂਦੇ ਪ੍ਰਾਪਰਟੀ ਮਾਲਕ ਆਪਣੀਆਂ ਪ੍ਰਾਪਰਟੀਆਂ ਦਾ ਭੌਂ-ਮੰਤਵ ਤਬਦੀਲ (ਰਿਹਾਇਸ਼ੀ ਤੋਂ ਕਾਰੋਬਾਰੀ) ਕਰਵਾ ਸਕਦੇ ਹਨ ਅਤੇ ਜਿਨ੍ਹਾਂ ਵੱਲੋਂ ਅਣ-ਅਧਿਕਾਰਤ ਤੌਰ ਤੇ ਆਪਣੀ ਪ੍ਰਾਪਰਟੀ ਵਿੱਚ ਕਾਰੋਬਾਰੀ ਉਸਾਰੀਆਂ ਬਣਾ ਲਈਆਂ ਗਈਆਂ ਹਨ, ਉਹ ਵੀ ਆਪਣੀ ਪ੍ਰਾਪਰਟੀਆਂ ਦੀ ਤਬਦੀਲੀ ਕਰਵਾ ਸਕਦੇ ਹਨ। ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਨੂੰ ਸਰਕਾਰ ਵੱਲੋਂ ਸੀ.ਐਲ.ਯੂ. ਸਬੰਧੀ ਜਾਰੀ ਕੀਤੇ ਉਪਰੋਕਤ ਪੱਤਰਾਂ ਅਨੁਸਾਰ ਵਾਚਿਆ ਜਾਵੇਗਾ।ਜੇਕਰ ਕਿਸੇ ਬਣੀ ਉਸਾਰੀ ਦੇ ਮਾਲਕ/ਉਸਾਰੀਕਰਤਾ ਵੱਲੋਂ ਬਈ ਇਮਾਰਤ ਦਾ ਭੌਂ-ਮੰਤਵ ਤਬਦੀਲ ਕਰਵਾਉਣ ਲਈ 15 ਦਿਨਾਂ ਵਿੱਚ ਅਪਲਾਈ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਉਕਤ ਇਮਾਰਤ ਵਿਰੁੱਧ ਨਗਰ ਨਿਗਮ ਐਕਟ 1976 ਦੀਆਂ ਬਣਦੀਆਂ ਧਾਰਾਵਾਂ ਅਧੀਨ ਕਾਰਵਾਈ ਆਰੰਭੀ ਜਾਵੇਗੀ। ਜਿਸ ਦੇ ਹਰਜੇ ਖਰਚੇ ਦੀ ਜਿੰਮੇਵਾਰੀ ਸਬੰਧਤ ਮਾਲਕ/ਉਸਾਰੀਕਰਤਾ ਦੀ ਹੋਵੇਗੀ।ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਲੋੜੀਂਦੀ ਹੋਵੇ ਤਾਂ ਦਫਤਰੀ ਕੰਮ-ਕਾਜ ਵਾਲੇ ਦਿਨ ਦਫਤਰੀ ਸਮੇਂ ਦੌਰਾਨ ਪ੍ਰਾਪਤ ਕੀਤੀ ਜਾ ਸਕਦੀ ਹੈ।
0 Comments