ਆਦਮਪੁਰ 28 ਸਤੰਬਰ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਨਵੇਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਅੱਜ ਬਤੌਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਓਟ ਆਸਰਾ ਲੈਦਿਆਂ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਹਲਕਾ ਆਦਮਪੁਰ ਤੋਂ ਐਸ.ਜੀ.ਪੀ.ਸੀ ਮੈਂਬਰ ਬੀਬੀ ਦਵਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਦੇ ਨੁਮਾਇੰਦੇ ਵਜੋਂ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਹਾਜ਼ਰ ਹੋਏ, ਜਿਨ੍ਹਾਂ ਨੇ ਨਵ-ਨਿਯੁਕਤ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਕਾਲਜ ਦੇ ਸਮੂਹ ਸਟਾਫ਼ ਦਰਮਿਆਨ ਤਾਲਮੇਲ ਬਣਾਉਂਦਿਆਂ ਐਸ.ਜੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਾਲਜ ਸਟਾਫ਼ ਨੂੰ ਸੰਬੋਧਨ ਕਰਦਾ ਸੰਦੇਸ਼ ਸੁਣਾਇਆ। ਇਸ ਮੌਕੇ ਕਾਲਜ ਸਟਾਫ਼ ਨੇ ਸੀਨੀਅਰ ਪ੍ਰੋਫੈਸਰ ਰਚਨਾ ਤੁਲੀ ਦੀ ਅਗਵਾਈ ਹੇਠ ਡਾ. ਹਰਪ੍ਰੀਤ ਕੌਰ ਨੂੰ 'ਜੀ ਆਇਆਂ' ਕਹਿੰਦਿਆਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਦੱਸਣਯੋਗ ਹੈ ਕਿ ਇਸ ਕਾਲਜ ਦੇ ਪ੍ਰਿੰਸੀਪਲ ਦੀ ਅਸਾਮੀ ਮਈ 2021 ਤੋਂ ਡਾ. ਸਾਹਿਬ ਸਿੰਘ ਦੇ ਸੇਵਾਮੁਕਤ ਹੋਣ ਉਪਰੰਤ ਖਾਲੀ ਪਈ ਸੀ, ਜਿਸ 'ਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਪ੍ਰੋ. ਰਚਨਾ ਤੁਲੀ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸਮੂਹ ਕਾਲਜ ਸਟਾਫ਼ ਨੂੰ ਸਦਭਾਵਨਾ ਨਾਲ ਮੁਖਾਤਬ ਹੁੰਦਿਆਂ ਕਿਹਾ ਕਿ ਆਪਾਂ ਤੁਹਾਡੇ ਸਭਨਾਂ ਦੇ ਸਹਿਯੋਗ ਨਾਲ ਹੀ ਕਾਲਜ ਅਤੇ ਇਲਾਕੇ ਦੀ ਬਿਹਤਰੀ ਲਈ ਵਧੀਆ ਉਪਰਾਲੇ ਕਰ ਸਕਦੇ ਹਾਂ। ਸਮੂਹ ਕਾਲਜ ਸਟਾਫ਼ ਨੇ ਪ੍ਰੋ. ਤੁਲੀ ਦੀ ਅਗਵਾਈ ਹੇਠ ਨਵ ਨਿਯੁਕਤ ਪ੍ਰਿੰਸੀਪਲ ਦੀ ਅਗਵਾਈ ਹੇਠ ਕਾਲਜ ਦੀ ਬਿਹਤਰੀ ਲਈ ਪੂਰਨ ਸਹਿਯੋਗ ਕਰਨ ਦਾ ਵਾਅਦਾ ਕਰਦਿਆਂ ਖੁਸ਼ੀ ਜ਼ਾਹਰ ਕੀਤੀ। ਉਪਰੰਤ ਡਾ. ਹਰਪ੍ਰੀਤ ਕੌਰ ਨੇ ਕਾਲਜ ਦੇ ਸਮੂਹ ਸਟਾਫ਼ ਨਾਲ ਨਿੱਜੀ ਤੌਰ 'ਤੇ ਜਾਣ-ਪਛਾਣ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੋਂ ਇਲਾਵਾ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਮੁਲਾਜਮ ਦਵਿੰਦਰ ਸਿੰਘ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਡਾ. ਹਰਪ੍ਰੀਤ ਕੌਰ ਇਕਨੌਮਿਕਸ ਦੇ ਵਿਸ਼ਾ ਮਾਹਿਰ ਵਜੋਂ ਅਧਿਆਪਕ ਵਜੋਂ ਮਾਤਾ ਗੰਗਾ ਜੀ ਕਾਲਜ ਕੋਟਾਂ ਵਿਖੇ ਪੜ੍ਹਾਉਂਦੇ ਰਹੇ ਹਨ। ਉਪਰੰਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ ਵਿਖੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
0 Comments