ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਕੀਤਾ ਕੈਂਪ ਦਾ ਉਦਘਾਟਨ, 2372 ਮਰੀਜਾਂ ਦੀ ਜਾਂਚ ਉਪਰੰਤ 1031 ਮਰੀਜਾਂ ਦੀ ਅਪ੍ਰੇਸ਼ਨ ਵਾਸਤੇ ਹੋਈ ਚੋਣ
ਆਦਮਪੁਰ 20 ਨਵੰਬਰ (ਅਮਰਜੀਤ ਸਿੰਘ)- ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਟਰੱਸਟ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ, ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਅਤੇ ਆਈਜ਼ ਫਾਰ ਦ ਵਰਲਡ ਕੈਨੇਡਾ ਦੇ ਸਹਿਯੋਗ ਨਾਲ 36ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸ਼ੁਰੂ ਹੋਇਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ, ਸਮਾਜ ਸੇਵਕ ਐਨ.ਆਰ.ਆਈ ਜਤਿੰਦਰ ਜੇ ਮਿਨਹਾਸ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਸਿੰਘ ਮਿਨਹਾਸ ਕੈਨੇਡਾ ਹਾਜ਼ਰ ਰਹੇ। ਜਾਣਕਾਰੀ ਦਿੰਦਿਆਂ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਲਗਾਤਰ 11 ਦਿਨ ਚੱਲਣ ਵਾਲੇ ਇਸ ਮੈਗਾ ਅੱਖਾਂ ਦੇ ਅਪ੍ਰੇਸ਼ਨ ਕੈਂਪ ਵਿੱਚ ਪਿੰਡਾਂ ਅੰਦਰ ਲਗਾਏ ਮਿੰਨੀ ਕੈਂਪਾਂ ਵਿੱਚ ਅਤੇ ਹੋਰ ਕੁੱਲ 2372 ਮਰੀਜਾਂ ਦੀ ਜਾਂਚ ਕਰਕੇ 1031 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ ਹੈ। ਜਿਨਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਜਾਣਗੇ ਅਤੇ ਮਰੀਜਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਲਾਇਨਜ ਕਲੱਬ ਵੱਲੋਂ ਹੀ ਕੀਤਾ ਜਾਵੇਗਾ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਕੈਂਪ ਵਿੱਚ ਆਈਜ਼ ਫਾਰ ਦਾ ਵਰਲਡ ਵੱਲੋਂ ਇਹ ਲਗਾਤਾਰ 6ਵਾਂ ਸਾਂਝਾ ਅਪ੍ਰੇਸ਼ਨ ਕੈਂਪ ਹੈ ਜਿਸ ਵਿੱਚ ਵੱਡੀਆਂ ਸੇਵਾਵਾਂ ਆਈਜ਼ ਫਾਰ ਦ ਵਰਲਡ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਇਨਜ਼ ਆਈ ਹਸਪਤਾਲ ਵੱਲੋਂ ਲਗਾਤਾਰ ਅੱਖਾਂ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਇਲਾਕੇ ਵਿੱਚ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਵਿੱਚ ਜਾਣੀਆਂ ਜਾਣ ਲੱਗੀਆਂ ਹਨ ਤੇ ਇਨਾਂ ਦੀ ਹਰ ਸਾਲ ਇਹ ਸੇਵਾ ਦੂਜਿਆਂ ਲਈ ਮਿਸਾਲ ਬਣਦੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਇਸ ਸਾਲ ਕੈਂਪ ਦੀ ਸ਼ੁਰੂਆਤ ਮੌਕੇ ਵੱਡੇ ਪੱਧਰ ਤੇ ਸਭਨਾਂ ਦੇ ਸਾਂਝੇ ਹੰਬਲੇ ਨਾਲ ਮਰੀਜਾਂ ਦੀ ਰਿਕਾਰਡ ਤੋੜ ਪਹੁੰਚ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਟੀਮ ਨੇ ਇਸ ਵਾਰ ਕਾਫੀ ਮਿਹਨਤ ਕੀਤੀ ਹੈ ਤੇ ਨਾਲ ਹੀ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਹਰ ਸਾਲ ਹੁੰਦੀਆਂ ਸਫਲਤਾਪੂਰਵਕ ਸਰਜਰੀਆਂ ਦਾ ਸਿੱਟਾ ਹੈ। ਕਿ ਲੋਕਾਂ ਦਾ ਵਿਸ਼ਵਾਸ ਹਸਪਤਾਲ ਦੀ ਸੇਵਾ ਭਾਵਨਾ ਤੇ ਵੱਧਦਾ ਜਾ ਰਿਹਾ ਹੈ ਅਖੀਰ ਕਲੱਬ ਦੇ ਪ੍ਰਧਾਨ ਅਕਸ਼ਰਦੀਪ ਸ਼ਰਮਾ ਨੇ ਸਭਨਾਂ ਸਹਿਯੋਗੀਆਂ, ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਸਮਾਜ ਸੇਵਾ ਦੇ ਖੇਤਰ ਅੰਦਰ ਸਮੂਹ ਮੈਂਬਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸੇ ਤਰੀਕੇ ਸੇਵਾ ਕਰਦਾ ਰਹੇਗਾ ਤੇ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਵੱਡੇ ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆ ਸੇਵਾ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾਣਗੇ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਸ਼ਖਸ਼ੀਅਤਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।
0 Comments