ਫਗਵਾੜਾ 22 ਸਤੰਬਰ (ਸ਼ਿਵ ਕੋੜਾ) - ਨਵੇਂ ਪ੍ਰਮੋਟ ਹੋਏ ਲੈਕਚਰਾਰਾਂ ਦਾ ਇਕ ਵਫਦ ਅੱਜ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਵਫਦ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਸੰਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਹੋਰ ਕਈ ਸਮੱਸਿਆਵਾਂ ਦਾ ਵੀ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਮਾਸਟਰ ਕੈਡਰ ਤੋਂ ਪ੍ਰਮੋਟ ਹੋਏ ਸਤਵੰਤ ਟੂਰਾ, ਗੀਤਾ ਖੁਰਾਣਾ ਅਤੇ ਗੁਰਜੀਤ ਕੌਰ ਨੇ ਮਾਨ ਨੂੰ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰਜ ਦੀ ਪ੍ਰਮੋਸ਼ਨ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੀ ਸੂਬਾ ਸਰਕਾਰ ਦੇ ਧੰਨਵਾਦੀ ਹਨ ਪਰ ਜਿਸ ਦਿਨ ਤੋਂ ਕੁਝ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ, ਉਸ ਦਿਨ ਤੋਂ ਸਮੂਹ ਪ੍ਰਮੋਟ ਹੋਏ ਲੈਕਚਰਾਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਕਿਉਂਕਿ ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਸਾਰੇ ਖਾਲੀ ਸਟੇਸ਼ਨ ਸ਼ੋਅ ਨਹੀਂ ਕੀਤੇ ਜਾ ਰਹੇ। ਇਸ ਕਾਰਨ ਅਧਿਆਪਕਾਂ ਨੂੰ ਬਹੁਤ ਦੂਰ-ਦੁਰਾਡੇ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ। ਇਹਨਾਂ ਪ੍ਰਮੋਟ ਹੋਏ ਅਧਿਆਪਕਾਂ ਵਿੱਚੋਂ ਬਹੁਤੇ 50 ਸਾਲ ਤੋਂ ਉੱਪਰ ਦੀ ਉਮਰ ਦੇ ਹਨ ਅਤੇ ਬਹੁਤ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪ੍ਰਮੋਟ ਹੋਏ ਹਨ । ਇਸ ਉਮਰ ਵਿੱਚ ਦੂਰ ਦੁਰਾਡੇ ਜਾਣਾ ਆਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਸਮੂਹ ਨਵੇਂ ਪ੍ਰਮੋਟ ਹੋਏ ਲੈਕਚਰਾਰ ਮੰਗ ਪੱਤਰ ਰਾਹੀਂ ਬੇਨਤੀ ਕਰਦੇ ਹਨ ਕਿ ਸਟੇਸ਼ਨ ਚੋਣ ਸਮੇਂ ਸਾਰੇ ਖਾਲੀ ਪਏ ਸਟੇਸ਼ਨ ਸ਼ੋਅ ਕੀਤੇ ਜਾਣ, ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਦੇ ਸਮੇਂ ਖ਼ਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਪਹਿਲਾਂ ਵਾਂਗ ਸਿਟਿੰਗ ਸਟੇਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਜਿਨ੍ਹਾਂ ਸਕੂਲਾਂ ਵਿੱਚ ਕਿਸੇ ਵਿਸ਼ੇ ਦੇ ਵਿਦਿਆਰਥੀ ਘੱਟ ਹੋਣ ਕਾਰਨ ਪੋਸਟਾਂ ਖ਼ਤਮ ਕੀਤੀਆਂ ਗਈਆਂ ਹਨ ਉਹ ਵੀ ਬਹਾਲ ਕੀਤੀਆਂ ਜਾਣ ਕਿਉਂ ਕਿ
ਵਿਦਿਆਰਥੀਆਂ ਦੇ ਘੱਟ ਹੋਣ ਦਾ ਕਾਰਨ ਉੱਥੇ ਅਧਿਆਪਕ ਦੀ ਪੋਸਟਿੰਗ ਦਾ ਨਾ ਹੋਣਾ ਸੀ। ਹੁਣ ਜੇਕਰ ਅਧਿਆਪਕ (ਲੈਕਚਰਾਰ) ਦੀ ਨਿਯੁਕਤੀ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵੀ ਵਧੇਗੀ। ਮਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਮਾਸਟਰ ਕੈਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇਗਾ।
0 Comments