ਫਗਵਾੜਾ 22 ਸਤੰਬਰ (ਸ਼ਿਵ ਕੌੜਾ)- ਡੇਰਾ ਬਾਬਾ ਜੋਧ ਜੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵਿਖੇ ਦੱਦਰਾਲ ਗੋਤਰ ਜਠੇਰਿਆਂ ਦਾ ਸਲਾਨਾ ਸ਼ਰਾਧ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਦੱਦਰਾਲ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆl ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਗੁਰਮੀਤ ਰਾਮ ਨੇ ਸਰਬੱਤ ਦੇ ਭਲੇ ਅਤੇ ਸਮੂਹ ਦੱਦਰਾਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈl ਇਸ ਮੌਕੇ ਦੱਦਰਾਲ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਦਰਬਾਰ 'ਤੇ ਨਤਮਸਤਕ ਹੋ ਕੇ ਪਿਤਰ ਪੂਜਨ ਕੀਤਾ ਅਤੇ ਬਾਬਾ ਜੀ ਦਾ ਅਸ਼ੀਰਵਾਦ ਲਿਆl ਇਸ ਦੌਰਾਨ ਧਾਰਮਿਕ ਸਟੇਜ ਵੀ ਸਜਾਈ ਗਈl ਜਿਸ ਵਿੱਚ ਰਾਜ ਦੱਦਰਾਲ ਐਂਡ ਮਿਊਜੀਕਲ ਗਰੁੱਪ,ਕੇ.ਐਸ.ਮਹਿਮੀ ਅਤੇ ਬੀਬਾ ਸੋਨੀਆ ਮਹਿਮੀ,ਕੇਵਲ ਪ੍ਰਦੇਸੀ,ਮੁਖਤਿਆਰ ਝੱਮਟ,ਸਤਨਾਮ ਸਿੰਘ ਜੱਗਾ,ਸੁਨੀਤਾ ਬਸਰਾ ਆਦਿ ਨੇ ਧਾਰਮਿਕ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਬਾਬਾ ਕੁਲਵੰਤ ਸਿੰਘ ਜੀ, ਸਾਈਂ ਮੰਗੇ ਸ਼ਾਹ ਜੀ,ਬਾਬਾ ਹੰਸ ਸ਼ਾਹ ਜੀ ਆਦਿ ਨੇ ਸਮੂਹ ਦੱਦਰਾਲ ਪਰਿਵਾਰਾਂ ਨੂੰ ਸਲਾਨਾ ਸ਼ਰਾਧ ਮੇਲੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਹਮੇਸ਼ਾ ਜੀਵਨ ਵਿੱਚ ਸਫਲਤਾ ਦੀ ਕੁੰਜੀ ਬਣਦਾ ਹੈl ਪਿਤਰਾਂ ਦੀ ਯਾਦ ਵਿੱਚ ਸ਼ਰਾਧ ਮੇਲੇ ਕਰਵਾਉਣ ਦਾ ਮੰਤਵ ਇਹੋ ਹੈ ਕਿ ਸਾਨੂੰ ਆਪਣੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈl ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕਰਦਿਆਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਡਾ.ਰਾਜਨ ਆਈ ਕੇਅਰ ਹਸਪਤਾਲ ਵੱਲੋਂ ਅੱਖਾਂ ਦਾ ਫਰੀ ਕੈਂਪ ਲਗਾ ਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਚਾਹ ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆl ਜਿਹਨਾਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਸਨl ਉਹਨਾਂ ਨੇ ਬੈਂਡ ਬਾਜੇ ਨਾਲ ਦਰਬਾਰ ਵਿਖੇ ਭਰਵੀਂ ਹਾਜਰੀ ਲਗਵਾਈ ਅਤੇ ਸ਼ੁਕਰਾਨਾ ਅਦਾ ਕੀਤਾl
0 Comments