ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਜਲੰਧਰ ’ਚ 1.17 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈਆਂ ਦੋ ਵਾਟਰ ਸਪਲਾਈ ਸਕੀਮਾਂ ਦਾ ਉਦਘਾਟਨ


ਦੋਹਾਂ ਸਕੀਮਾਂ ਨਾਲ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ’ਚ 432 ਘਰਾਂ ਤੱਕ ਪੁੱਜੇਗਾ ਪੀਣ ਯੋਗ ਸਾਫ਼-ਸੁਥਰਾ ਪਾਣੀ

ਪੰਜਾਬ ਸਰਕਾਰ ਦੀ ਸੂਬੇ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਦੁਹਰਾਈ

ਪਿੰਡਾਂ ਦੀਆਂ ਪੰਚਾਇਤਾਂ ਅਤੇ ਵਸਨੀਕਾਂ ਨੇ ਪ੍ਰਗਟਾਇਆ ਧੰਨਵਾਦ


ਜਲੰਧਰ, 23 ਜੁਲਾਈ (beurau)-
 ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ’ਤੇ ਹੁਲਾਰਾ ਦਿੰਦਿਆਂ ਪੰਜਾਬ ਦੇ ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਅੱਜ ਬੁੱਧਵਾਰ ਨੂੰ ਜਲੰਧਰ ਵਿਖੇ ਕਰੀਬ 1.17 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈਆਂ ਦੋ ਵਾਟਰ ਸਪਲਾਈ ਸਕੀਮਾਂ ਜਿਨ੍ਹਾਂ ਰਾਹੀਂ ਪੇਂਡੂ ਖੇਤਰ ਦੇ 432 ਘਰਾਂ ਨੂੰ ਪੀਣ ਯੋਗ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਣਾ ਹੈ, ਦਾ ਉਦਘਾਟਨ ਕੀਤਾ ਗਿਆ।

                               ਕੈਬਨਿਟ ਮੰਤਰੀ ਵਲੋਂ ਪਿੰਡ ਗੱਦੋਵਾਲੀ (ਜਲੰਧਰ-ਪੱਛਮੀ ਬਲਾਕ) ਵਿਖੇ ਪ੍ਰੋਜੈਕਟ ਤਹਿਤ 64.72 ਲੱਖ ਰੁਪਏ ਦੀ ਲਾਗਤ ਨਾਲ 10 ਮਹੀਨਿਆਂ ਵਿੱਚ ਮੁਕੰਮਲ ਹੋਈ ਵਾਟਰ ਸਪਲਾਈ ਸਕੀਮ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਕੀਮ ਤਹਿਤ 225 ਘਰਾਂ ਨੂੰ ਪੀਣ ਯੋਗ ਸਾਫ਼-ਸੁਥਰੇ ਪਾਣੀ ਦਾ ਲਾਭ ਪਹੁੰਚੇਗਾ। ਇਸ ਮੌਕੇ ਉਨ੍ਹਾਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦੇਣ ਲਈ ਪੌਦਾ ਵੀ ਲਗਾਇਆ

    ਇਸੇ ਤਰ੍ਹਾਂ ਬਲਾਕ ਆਦਮਪੁਰ ਦੇ ਪਿੰਡ ਜਲਭੈ ਵਿਖੇ 52.26 ਲੱਖ ਰੁਪਏ ਦੀ ਲਾਗਤ ਨਾਲ 6 ਮਹੀਨਿਆਂ ਵਿੱਚ ਮੁਕੰਮਲ ਹੋਈ ਦੂਜੀ ਵਾਟਰ ਸਪਲਾਈ ਸਕੀਮ, ਜਿਸ ਤਹਿਤ 207 ਘਰਾਂ ਨੂੰ ਪੀਣ ਯੋਗ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਣਾ ਹੈ, ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ।

               ਦੋਹਾਂ ਪਿੰਡਾਂ ਵਿੱਚ ਕਰਵਾਏ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਸਕੀਮਾਂ ਤਹਿਤ ਵਿਭਾਗ ਵਲੋਂ ਨਵੇਂ ਟਿਊਬਵੈਲ ਲਗਾਉਣ, ਜਲ ਭੰਡਾਰ, ਪਾਈਪ ਲਾਈਨ ਵਿਛਾਉਣ, ਸੋਲਰ ਪੈਨਲ, ਕਲੋਰੀਨੇਸ਼ਨ ਯੂਨਿਟਸ ਅਤੇ ਪਾਣੀ ਦੇ ਕੁਨੈਕਸ਼ਨ ਰਾਹੀਂ ਇਨ੍ਹਾਂ ਪਿੰਡਾਂ ਵਿੱਚ ਸੁਚੱਜੀ ਜਲ ਸਪਲਾਈ ਸਕੀਮਾਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰੀ ਖੇਤਰਾਂ ਦੀ ਤਰਜ ’ਤੇ ਪੇਂਡੂ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਸਕੀਮਾਂ ਦੇ ਮੁਕੰਮਲ ਹੋਣ ਨਾਲ ਇਹਨਾਂ ਪਿੰਡਾਂ ਵਿੱਚ ਹਰ ਘਰ ਤੱਕ ਪੀਣ ਯੋਗ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ।

    ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਘਰ ਲਈ 600 ਯੂਨਿਟ ਬਿਜਲੀ ਮਾਫ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਟੇਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ।

    ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵਲੋਂ ਖੁਦ ਪਹਿਰੇਦਾਰ ਬਣ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸੂਬੇ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਵਾਸੀਆਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ।

      ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਆਦਮਪੁਰ ਨੂੰ ਇਕ ਨਮੂਨੇ ਦਾ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

                              ਇਸ ਮੌਕੇ ਪਿੰਡ ਗੱਦੋਵਾਲੀ ਦੇ ਸਰਪੰਚ ਬਿਮਲਜੀਤ ਕੌਰ, ਪਿੰਡ ਜਲਭੈ ਦੇ ਸਰਪੰਚ ਪਰਮਜੀਤ ਕੌਰ ਸਮੇਤ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਦਾ ਇਹਨਾਂ ਪਹਿਲਕਦਮੀਆਂ ਲਈ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਉਪਰਾਲੇ ਪੇਂਡੂ ਖੇਤਰ ਦੇ ਵਿਕਾਸ ਵਿੱਚ ਮੀਲ ਦਾ ਸਾਬਿਤ ਹੋਣਗੇ। ਉਨ੍ਹਾਂ ਵਲੋਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਇਹ ਪ੍ਰੋਜੈਕਟ ਅਸਰਦਾਰ ਢੰਗ ਨਾਲ ਸਮੇਂ ਸਿਰ ਮੁਕੰਮਲ ਕਰਕੇ ਪਿੰਡ ਵਾਸੀਆਂ ਨੂੰ ਵੱਡਾ ਲਾਭ ਪਹੁੰਚਾਉਣ ਲਈ ਕੀਤੇ ਸੰਜੀਦਾ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।

                              ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਵਿਵੇਕ ਮੋਦੀ, ਚੀਫ ਇੰਜੀਨੀਅਰ ਰਾਜੇਸ਼ ਦੂਬੇ,ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਪਰਮਜੀਤ ਸਿੰਘ ਵੀ ਹਾਜ਼ਰ ਸਨ।

Post a Comment

0 Comments