ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਸਾਇਟੀ ਨੂੰ ਮਿਲੇਗਾ ਪੂਰਾ ਸਹਿਯੋਗ : ਡੀ.ਸੀ. ਵਰਜੀਤ ਵਾਲੀਆ
ਜਲੰਧਰ, 23 ਅਪ੍ਰੈਲ (ਅਮਰਜੀਤ ਸਿੰਘ) : ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਆਈ.ਏ.ਐਸ, ਨੂੰ ਸਾਲ 1984 ਵਿੱਚ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ (ਸਾਬਕਾ ਕਪਤਾਨ, ਭਾਰਤੀ ਹਾਕੀ ਟੀਮ) ਦੀ ਯਾਦ ਵਿੱਚ ਸਥਾਪਿਤ ਸੁਰਜੀਤ ਹਾਕੀ ਸੁਸਾਇਟੀ ਦਾ 22ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਫੈਸਲਾ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲੇਖ ਰਾਜ ਨਈਅਰ, ਆਈ.ਆਰ.ਐਸ. (ਸੇਵਾਮੁਕਤ), ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਸੰਵਿਧਾਨ ਅਨੁਸਾਰ ਲਿਆ ਗਿਆ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਸੁਸਾਇਟੀ ਲਈ ਦਿੱਤੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਗਈ।
ਸੁਸਾਇਟੀ ਦੇ ਸੀ.ਈ.ਓ. ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. (ਸੇਵਾਮੁਕਤ), ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਸੁਸਾਇਟੀ ਦੀਆਂ ਵੱਖ-ਵੱਖ ਗਤੀਵਿਧੀਆਂ, ਸੁਰਜੀਤ ਹਾਕੀ ਅਕੈਡਮੀ ਦੇ ਕੰਮਕਾਜ ਅਤੇ 43ਵੇਂ ਇੰਡਿਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ–2026 ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਉਪਰ ਡੀ.ਸੀ. ਜਲੰਧਰ ਵਰਜੀਤ ਵਾਲੀਆ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਭਰੋਸਾ ਦਿੱਤਾ ਕਿ ਸੁਸਾਇਟੀ ਵੱਲੋਂ ਕਿਤੇਂਜਾ ਰਹੇ ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਸਾਇਟੀ ਦੇ ਵਿਸ਼ਾਲ ਤਜਰਬੇ ਦਾ ਲਾਭ, ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ਵਿੱਚ ਕਰਵਾਈ ਜਾਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਲਿਆ ਜਾਵੇਗਾ। ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਫਾਊਂਡਰ ਮੈਂਬਰ ਅਤੇ ਚੀਫ਼ ਪੀ.ਆਰ.ਓ. ਸਵ. ਗੁਰਵਿੰਦਰ ਸਿੰਘ ‘ਗੁੱਲੂ’ ਬੱਠਲਾ ਨੂੰ ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਲੇਖ ਰਾਜ ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ (ਵਰਕਿੰਗ ਪ੍ਰਧਾਨ), ਰਣਬੀਰ ਸਿੰਘ ਟੁੱਟ (ਸਕੱਤਰ), ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਰਾਮ ਪਰਤਾਪ ਅਤੇ ਅਮਰੀਕ ਸਿੰਘ ਪਵਾਰ (ਸੀਨੀਅਰ ਮੀਤ ਪ੍ਰਧਾਨ), ਸਿਮਰਦੀਪ ਸਿੰਘ ਬੱਠਲਾ, ਹਰਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਥਿਆੜਾ, ਗੁਰਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਲਾਲੀ, ਗੁਰਇਕਬਾਲ ਸਿੰਘ ਢਿੱਲੋਂ ਅਤੇ ਕਰਨਦੀਪ ਸਿੰਘ ਵੀ ਹਾਜ਼ਰ ਸਨ।

0 Comments