ਤੀਹ ਸਾਲਾਂ ਤੋਂ ਲਟਕਦੇ ਮਸਲੇ ਵੱਲ ਸਰਕਾਰ ਦਾ ਵੱਡਾ ਕਦਮ, ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਿਲੀ ਰਾਹਤ ਦੀ ਉਮੀਦ

 


ਰਜਿਸਟਰੇਸ਼ਨ ਮੰਗ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ, ਟਰੇਨਿੰਗ ਸ਼ੁਰੂ ਕਰਨ ਨੂੰ ਮਿਲੀ ਮਨਜ਼ੂਰੀ 

ਨੂਰਪੁਰਬੇਦੀ, 22 ਅਪ੍ਰੈਲ (ਜੋਗਿੰਦਰ ਰਾਣਾ/ਦਰਸ਼ ਰਾਣਾ)- ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਵੱਲ ਹੁਣ ਸਰਕਾਰ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਿਆ ਗਿਆ ਹੈ। ਜਿਸ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਨੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਚੀਫ ਸੈਕਟਰੀ ਮੈਡੀਕਲ ਸਿੱਖਿਆ ਪੰਜਾਬ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਸਤਿੰਦਰਜੀਤ ਕੌਰ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਆਪਣੀ ਰਜਿਸਟਰੇਸ਼ਨ ਦੀ ਮੰਗ ਸਬੰਧੀ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਗਿਆ। 

             ਮੀਟਿੰਗ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਟਰੇਨਿੰਗ ਸ਼ੁਰੂ ਕਰਨ ਦੇ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ, ਜਿਸਨੂੰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਪ੍ਰੈਕਟੀਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਟਰੇਨਿੰਗ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੇ-ਆਪਣੇ ਜ਼ਰੂਰੀ ਡਾਕੂਮੈਂਟ ਇਕੱਠੇ ਕਰਕੇ ਵਿਭਾਗ ਕੋਲ ਜਮਾ ਕਰਵਾਉਣ। ਡਾ. ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਇਹ ਮਸਲਾ ਪਿਛਲੇ ਕਰੀਬ ਤੀਹ ਸਾਲਾਂ ਤੋਂ ਲਟਕਦਾ ਆ ਰਿਹਾ ਸੀ, ਜਿਸਨੂੰ ਹੱਲ ਕਰਨ ਲਈ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਇੱਕ ਵੱਡੀ ਉਪਲਬਧੀ ਹੈ ਅਤੇ ਇਸ ਨਾਲ ਹਜ਼ਾਰਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਸ ਮਸਲੇ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਗਿਆ ਹੈ। ਬੀਤੇ ਕਈ ਦਹਾਕਿਆਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਆਪਣੀ ਰਜਿਸਟਰੇਸ਼ਨ ਦੀ ਮੰਗ ਨੂੰ ਲੈ ਕੇ ਧਰਨੇ, ਮੁਜ਼ਾਹਿਰੇ ਅਤੇ ਘਿਰਾਓ ਵੀ ਕੀਤੇ ਹਨ। ਇਸ ਸੰਘਰਸ਼ ਦੇ ਨਤੀਜੇ ਵਜੋਂ ਹੀ ਅੱਜ ਸਰਕਾਰ ਵੱਲੋਂ ਇਹ ਸਾਕਾਰਾਤਮਕ ਕਦਮ ਚੁੱਕਿਆ ਗਿਆ ਹੈ। ਯਾਦ ਰਹੇ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਪੰਜਾਬ ਦੇ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੌਰਾਨ ਹੋਰ ਰਾਜਾਂ ਵਿੱਚ ਲਾਗੂ ਮਾਡਲਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ। ਹੁਣ ਸਰਕਾਰ ਵੱਲੋਂ ਟਰੇਨਿੰਗ ਸ਼ੁਰੂ ਕਰਨ ਦੀ ਮੰਨਜ਼ੂਰੀ ਦੇਣ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਦਾ ਮਸਲਾ ਵੀ ਹੱਲ ਹੋਵੇਗਾ।

              ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਹ ਪ੍ਰਕਿਰਿਆ ਜਲਦੀ ਪੂਰੀ ਕੀਤੀ ਗਈ ਤਾਂ ਇਹ ਸੂਬੇ ਦੇ ਸਿਹਤ ਢਾਂਚੇ ਨੂੰ ਵੀ ਮਜ਼ਬੂਤ ਕਰੇਗੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਸੂਬਾ ਜਰਨਲ ਸਕੱਤਰ ਡਾ ਮੱਘਰ ਸਿੰਘ, ਡਾ ਗੁਰਬਖਸ਼ ਸਿੰਘ ਗਿੱਲ, ਡਾ ਬਲਜਿੰਦਰ ਸਿੰਘ ਬੱਲ, ਸੂਬਾ ਆਗੂ ਡਾ ਹੀਰਾ ਸਿੰਘ, ਡਾ ਗੁਰਮੀਤ ਸਿੰਘ, ਡਾ ਮਾਘ ਸਿੰਘ, ਡਾ ਅਮਰਜੀਤ ਸਿੰਘ,  ਡਾ ਮਹਿੰਦਰ ਗਿੱਲ ਮੋਗਾ, ਡਾ ਬਾਬੂ ਸਿੰਘ, ਡਾ ਬਹਾਦਰ ਸਿੰਘ, ਡਾ ਰਜਿੰਦਰ ਸ਼ਰਮਾ ਤੇ ਸੂਬਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।

Post a Comment

0 Comments