ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਵੱਲੋਂ ਅਟਵਾਲ ਕਲੋਨੀ, ਫਿਲੌਰ ਵਿਖੇ ਪ੍ਰਾਪਰਟੀ ਡੀਲਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ


ਅਟਵਾਲ ਕਲੋਨੀ, ਫਿਲੌਰ ਵਿਖੇ ਪ੍ਰਾਪਰਟੀ ਡੀਲਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ

ਜਲੰਧਰ, 05 ਜੁਲਾਈ (ਬਿਊਰੌ)- ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਵਿਨੀਤ ਅਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ (ਤਫ਼ਤੀਸ਼), ਅਤੇ ਲਖਵਿੰਦਰ ਸਿੰਘ, ਪੀ.ਪੀ.ਐੱਸ., ਉਪ ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਅਟਵਾਲ ਕਲੋਨੀ, ਫਿਲੌਰ ਵਿਖੇ 18.10.2025 ਨੂੰ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦੇ ਸਾਥੀ ਸੰਜੀਵ ਸ਼ਰਮਾ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।


               ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 18.10.2025 ਨੂੰ ਸੰਜੀਵ ਪੁੱਤਰ ਵਿਜੈ ਸ਼ਰਮਾ ਵਾਸੀ ਔੜ, ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਿਆਨ ਦਰਜ ਕਰਵਾਇਆ ਕਿ ਕਰੀਬ ਸ਼ਾਮ 4:30 ਤੋਂ 5:00 ਵਜੇ ਦੇ ਦਰਮਿਆਨ ਉਹ ਆਪਣੇ ਕਾਰੋਬਾਰੀ ਸਾਥੀ ਮਨਦੀਪ ਸਿੰਘ ਉਰਫ਼ ਗੋਰਾ ਨਾਲ ਅਟਵਾਲ ਕਲੋਨੀ, ਫਿਲੌਰ ਵਿਖੇ ਆਪਣੇ ਦਫ਼ਤਰ ਦੇ ਬਾਹਰ ਪਾਰਕ ਵਿੱਚ ਮੌਜੂਦ ਸੀ। ਇਸ ਦੌਰਾਨ ਰਜਿਸਟ੍ਰੇਸ਼ਨ ਨੰਬਰ PB37-K-3777 ਵਾਲੀ ਇੱਕ ਥਾਰ ਗੱਡੀ ਉੱਥੇ ਆ ਕੇ ਰੁਕੀ, ਜਿਸ ਵਿੱਚੋਂ ਦੋ ਵਿਅਕਤੀ ਬਾਹਰ ਉਤਰੇ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਰਾਹੁਲ ਉਰਫ਼ ਰਿਤੀਸ਼ ਪੁੱਤਰ ਪ੍ਰਿਥੀ ਚੰਦ ਵਾਸੀ ਲੱਕੜ ਮੰਡੀ, ਫਿਲੌਰ ਵਜੋਂ ਹੋਈ, ਜਿਸ ਨੇ ਮਨਦੀਪ ਸਿੰਘ ਉਰਫ਼ ਗੋਰਾ ਨੂੰ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾਇਆ। ਕੁਝ ਹੀ ਪਲਾਂ ਬਾਅਦ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸੰਜੀਵ ਸ਼ਰਮਾ ਅਤੇ ਮਨਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਉਰਫ਼ ਰਿਤੀਸ਼ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਸੰਜੀਵ ਸ਼ਰਮਾ ਦੇ ਖੱਬੇ ਗੋਡੇ ਤੋਂ ਉੱਪਰ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਗੱਡੀ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ।

           ਇਸ ਬਿਆਨ ਦੇ ਆਧਾਰ 'ਤੇ ਇੰਸਪੈਕਟਰ ਅਮਨ ਸੈਣੀ, ਮੁੱਖ ਅਫ਼ਸਰ ਥਾਣਾ ਫਿਲੌਰ ਵੱਲੋਂ ਮੁਕੱਦਮਾ ਨੰਬਰ 336 ਮਿਤੀ 18.10.2025 ਅਧੀਨ ਧਾਰਾ 109, 3(5) ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.) ਅਤੇ 25/27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਧਾਰਾ 25(1-ਬੀ)(ਏ), 27(1), 54, 59 ਆਰਮਜ਼ ਐਕਟ ਅਤੇ ਧਾਰਾ 61(2), 49, 308(5), 351(3) ਅਤੇ 332(ਬੀ) ਭਾਰਤੀ ਨਿਆਂ ਸੰਹਿਤਾ ਦਾ ਵਾਧਾ ਜੁਰਮ ਵੀ ਸ਼ਾਮਲ ਕੀਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੂਜਾ ਫਾਇਰ ਕਰਨ ਵਾਲਾ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ ਵਾਸੀ ਲੱਕੜ ਮੰਡੀ, ਫਿਲੌਰ, ਜ਼ਿਲ੍ਹਾ ਜਲੰਧਰ ਹੈ। ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਲਈ ਇਸ ਕੇਸ ਦੀ ਤਫ਼ਤੀਸ਼ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਨੂੰ ਸੌਂਪੀ ਗਈ। ਵਿਨੀਤ ਅਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ (ਤਫ਼ਤੀਸ਼) ਦੀ ਨਿਗਰਾਨੀ ਹੇਠ ਮਨੁੱਖੀ ਸੂਚਨਾ ਤੰਤਰ ਅਤੇ ਤਕਨੀਕੀ ਸਰਵੇਲੈਂਸ ਰਾਹੀਂ ਮੁਲਜ਼ਮ ਦੀ ਭਾਲ ਕੀਤੀ ਗਈ। ਮਿਤੀ 03.07.2026 ਨੂੰ ਇੰਸਪੈਕਟਰ ਪੁਸ਼ਪ ਬਾਲੀ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਨੂਰਮਹਿਲ ਇਲਾਕੇ ਵਿੱਚ ਦੇਖਿਆ ਗਿਆ ਹੈ। ਇਸ ਸੂਚਨਾ ਦੇ ਆਧਾਰ 'ਤੇ ਏ.ਐੱਸ.ਆਈ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਪਾਸਲਾ ਵਿਖੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਇਸ ਮੁਕੱਦਮੇ ਵਿੱਚ ਵਿਧੀਵਤ ਗ੍ਰਿਫ਼ਤਾਰ ਕਰ ਲਿਆ।

                ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ. ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਨਦੀਪ ਸਿੰਘ ਉਰਫ਼ ਰਮਨ ਆਪਣੇ ਸਾਥੀ ਰਾਹੁਲ ਉਰਫ਼ ਰਿਤੀਸ਼ ਨਾਲ ਫ਼ਰਾਰ ਹੋ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਦਾ ਫਿਰ ਰਿਹਾ ਸੀ। ਉਸ ਨੂੰ ਉਸਦੇ ਨਾਨਕੇ ਪਿੰਡ ਪਾਸਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸਦੇ ਫ਼ਰਾਰ ਸਾਥੀ ਰਾਹੁਲ ਉਰਫ਼ ਰਿਤੀਸ਼ ਦੀ ਗ੍ਰਿਫ਼ਤਾਰੀ, ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੇ ਸਰੋਤ, ਭੱਜਣ ਲਈ ਵਰਤੇ ਗਏ ਵਾਹਨਾਂ ਦੀ ਬਰਾਮਦਗੀ ਅਤੇ ਫ਼ਰਾਰੀ ਦੌਰਾਨ ਉਹ ਕਿੱਥੇ ਅਤੇ ਕਿਸ-ਕਿਸ ਦੇ ਕੋਲ ਠਹਿਰਿਆ ਰਿਹਾ, ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਮੁਲਜ਼ਮ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਨੂੰ ਕਾਨੂੰਨ ਅਨੁਸਾਰ ਅਟੈਚ ਕਰਨ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਮੁਲਜ਼ਮ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਅਤੇ ਉਸਦੇ ਅਪਰਾਧਿਕ ਰਿਕਾਰਡ (ਵਾਧਾ ਜੁਰਮ) ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Post a Comment

0 Comments