-ਅੱਜ ਅਦਾਲਤ ਦੇ ਵਿਚ ਹੋਈ ਪੇਸ਼ੀ-10 ਫਰਵਰੀ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ


 

ਮਾਮਲਾ ਰੇਡੀਓ ਹੋਸਟ ’ਤੇ ਹਮਲੇ ਦਾ

-ਹਰਜਿੰਦਰ ਸਿੰਘ ਬਸਿਆਲਾ- ਆਕਲੈਂਡ 21 ਜਨਵਰੀ, 2020:-ਨਿਊਜ਼ੀਲੈਂਡ ਦੇ ਰੇਡੀਓ ਪੇਸ਼ਕਾਰ ਸ. ਹਰਨੇਕ ਸਿੰਘ (53) ਦੇ ਉਤੇ 23 ਦਸੰਬਰ 2020  ਨੂੰ ਉਨ੍ਹਾਂ ਦੇ ਘਰ ਪਹੁੰਚਣ ਵੇਲੇ ਰਾਤ 10.20 ਮਿੰਟ ਉਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਏ ਅਤੇ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਮਿਡਲ ਮੋਰ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਦੇ ਕਈ ਆਪ੍ਰੇਸ਼ਨ ਹੋਏ ਅਤੇ ਫਿਰ ਉਨ੍ਹਾਂ ਨੂੰ ਘਰ ਜਾਣ ਦੀ ਛੁੱਟੀ ਦਿੱਤੀ ਗਈ। ਪੁਲਿਸ ਉਦੋਂ ਤੋਂ ਲੈ ਕੇ ਹੁਣ ਤੱਕ ਹਰਨੇਕ ਸਿੰਘ ਉਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਭਾਲ ਕਰ ਰਹੀ ਸੀ। ਪੁਲਿਸ ਨੇ 27 ਦਸੰਬਰ ਨੂੰ ਭਾਈਚਾਰੇ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਦੋਸ਼ੀਆਂ ਦੀ ਭਾਲ ਵਿਚ ਸਹਿਯੋਗ ਕਰੇ। ਅੱਜ ਪੁਲਿਸ ਵੱਲੋਂ ਜਾਰੀ ਸੂਚਨਾ ਮੁਤਾਬਿਕ ਪੁਲਿਸ ਨੇ ਪਹਿਲਾਂ ਦੁਪਹਿਰ 1 ਵਜ ਕੇ 35 ਮਿੰਟ ਉਤੇ ਪੰਜ ਵਿਅਕਤੀਆਂ ਦੇ ਗਿ੍ਰਫਤਾਰ ਹੁਣ ਦੀ ਪੁਸ਼ਟੀ ਕੀਤੀ ਅਤੇ ਫਿਰ 3 ਵਜੇ ਕੇ 25 ਮਿੰਟ ਉਤੇ ਛੇਵੇਂ ਵਿਅਕਤੀ ਦੀ ਗਿ੍ਰਫਾਤਰੀ ਦੀ ਖਬਰ ਸਾਂਝੀ ਕੀਤੀ। ਪੁਲਿਸ ਨੇ ਇਨ੍ਹਾਂ ਫੜੇ ਵਿਅਕਤੀਆਂ ਉਤੇ ਕਤਲ ਦੀ ਕੋਸ਼ਿਸ਼ (ਇਰਾਦਾ ਕਤਲ) ਦੋਸ਼ ਦਾਖਿਲ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਉਮਰ 24 ਤੋਂ 39 ਸਾਲ ਹੈ। ਇਨ੍ਹਾਂ ਨੂੰ ਮੈਨੁਕਾਓ ਜ਼ਿਲ੍ਹਾ ਅਦਾਲਤ (ਔਕਲੈਂਡ) ਦੇ ਵਿਚ ਪੇਸ਼ ਕੀਤਾ ਗਿਆ। ਚਾਰ ਵਿਅਕਤੀਆਂ ਦੇ ਵਕੀਲ ਸ. ਰਣਬੀਰ ਸਿੰਘ ਸੰਧੂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੜੇ ਚਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਨੇ ਨਿਆਂਇਕ ਹਿਰਾਸਤ ਦੇ ਵਿਚ ਭੇਜ ਦਿੱਤਾ ਹੈ। ਅੱਜ ਪੁਲਿਸ ਨੇ ਫਲੈਟ ਬੁੱਸ਼ ਅਤੇ ਪਾਪਾਟੋਏਟੋਏ ਖੇਤਰਾਂ ਦੇ ਵਿਚ ਸਰਚ ਵਾਰੰਟ ਲੈ ਕੇ ਗਿ੍ਰਫਤਾਰੀ ਕੀਤੀ ਹੈ। ਵਰਨਣਯੋਗ ਹੈ ਕਿ ਸ. ਹਰਨੇਕ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੁਲਿਸ ਨੇ ਹੋਰ ਗਿ੍ਰਫਤਾਰੀਆਂ ਹੋਣ ਸਬੰਧੀ ਅਜੇ ਸਪਸ਼ਟ ਨਹੀਂ ਕੀਤਾ ਹੈ।

Post a Comment

0 Comments