ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ ਸ੍ਰ ਕਰਨੈਲ ਸਿੰਘ ਸਰਾਂ ਦੇ ਘਰ ਮਾਤਾ ਸ੍ਰੀਮਤੀ ਹਰਬੰਸ ਕੌਰ ਦੀ ਪਾਕਿ ਕੁੱਖੋਂ 14 ਮਾਰਚ 1963 ਨੂੰ ਪੈਦਾ ਹੋਏ, ਪੰਜ ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਗੁਰਮੀਤ ਸਿੰਘ ਪਾਹੜਾ ਜੀ ਸਾਹਿਤਕ, ਸੱਭਿਆਚਾਰਕ ਅਤੇ ਸਮਾਜ-ਸੇਵਾ ਖੇਤਰ ਵਿਚ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। 1986 ਵਿੱਚ ਮਹਿਕਮਾ ਬਿਜਲੀ ਬੋਰਡ ਵਿੱਚ ਬਤੌਰ ਲਾਈਨ ਮੈਨ ਭਰਤੀ ਹੋਕੇ ਉਨ੍ਹਾਂ ਨੇ ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ ਯੂਨੀਅਨ ਵਿੱਚ ਸਬ-ਡਵੀਜਨ ਤੋਂ ਲੈਕੇ ਸਰਕਲ ਤੱਕ ਦੇ ਵੱਖ-ਵੱਖ ਜਿੰਮੇਵਾਰ ਅਹੱੁਦਿਆਂ ’ਤੇ ਕੰਮ ਕੀਤਾ ਅਤੇ ਅਨੇਕਾਂ ਮੁਲਾਜਮ- ਘੋਲਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਟੀ. ਐਸ. ਯੂ. ਅੰਦਰ ਕੰਮ ਕਰਦੇ ਹੋਏ, ‘ਹਿਰਾਵਲ ਦਸਤਾ ਗਰੁੱਪ’ ਦੇ ਸੂਬਾ ਮੈਂਬਰ ਦੇ ਤੌਰ ਤੇ ਵੀ ਉਨ੍ਹਾਂ ਕੰਮ ਕੀਤਾ।
ਪਾਹੜਾ ਜੀ ਨੇ ਜਿਥੇ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਮਹਿਕਮੇ ਵਿਚ ਸੇਵਾ ਨਿਭਾਈ, ਉਥੇ ਉਨ੍ਹਾਂ ਨੂੰ ਵੱਖ-ਵੱਖ ਸਾਹਿਤਕ, ਸਮਾਜਿਕ, ਜਮਹੂਰੀ ਤੇ ਸਭਿਆਚਾਰਕ ਜਥੇਬੰਦੀਆਂ ਵਿੱਚ ਵੀ ਜਿੰਮੇਵਾਰ ਅਹੁੱਦਿਆਂ ਤੇ ਕੰਮ ਕਰਨ ਦਾ ਮੌਕਾ ਨਸੀਬ ਹੋਇਆ। ਜਿਨ੍ਹਾਂ ਵਿੱਚ ਸਾਹਿਤ ਸਭਾ ਗੁਰਦਾਸਪੁਰ, ਨਟਾਲੀ ਰੰਗਮੰਚ ਗੁਰਦਾਸਪੁਰ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੁਰਦਾਸਪੁਰ, ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਗੁਰਦਾਸਪੁਰ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਮੁੱਖ ਤੌਰ ਤੇ ਸ਼ਾਮਲ ਹਨ। ਅੱਜ ਕਲ੍ਹ ਉਹ ਇੰਡੀਅਨ ਪੀਪਲਜ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੇ ਗੁਰਦਾਸਪੁਰ ਦੇ ਪ੍ਰਧਾਨ ਵਜੋਂ ਵੀ ਆਪਣੀ ਸੇਵਾ ਨਿਭਾ ਰਹੇ ਹਨ।
ਆਪਣੀ ਜੀਵਨ-ਸਾਥਣ ਬੀਬੀ ਮਨਜੀਤ ਕੌਰ ਦੇ ਨਾਲ-ਨਾਲ ਸੁਖਦੀਪ ਸਿੰਘ (ਸਪੁੱਤਰ), ਗੁਰਪ੍ਰੀਤ ਕੌਰ (ਨੂੰਹ ਰਾਣੀ), ਇੰਜੀ. ਕੁਲਵਿੰਦਰ ਸਿੰਘ (ਸਪੁੱਤਰ) ਅਤੇ ਇੰਜੀ. ਰਾਜਬੀਰ ਕੌਰ (ਨੂੰਹ ਰਾਣੀ) ਦੇ ਭਰੇ ਪਰਿਵਾਰ ਵਿਚ ਸੁੱਖਾਂ ਤੇ ਖ਼ੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਰਹੇ ਪਾਹੜਾ ਜੀ ਦੇ ਕਲਮੀ ਲੇਖੇ-ਜੋਖੇ ਦੀ ਗੱਲ ਕਰੀਏ ਤਾਂ ਉਹ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਕਾਵਿ-ਸੰਗ੍ਰਹਿ, ‘ਕਲਮਾਂ ਦਾ ਸਫ਼ਰ’, ‘ਕਲਮਾਂ ਦੀ ਪਰਵਾਜ਼’,‘ਕਲਮਾਂ ਦੇ ਸਿਰਨਾਂਵੇਂ’, ‘ਰੰਗ ਬਰੰਗੀਆਂ ਕਲਮਾਂ’ ਅਤੇ ਇਸ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫੂਨ ਡਾਇਰੈਕਟਰੀ, ‘ਵਿਰਸੇ ਦੇ ਪੁਜਾਰੀ’ ਦਾ ਸ਼ਿੰਗਾਰ ਬਣਨ ਤੋਂ ਇਲਾਵਾ ਦੂਜੀਆਂ ਸੰਸਥਾਵਾਂ ਦੇ ‘ਪੰਜਾਬ ਬੋਲਦਾ’, ‘ਬਚਪਨ’, ‘ਬਹੁ-ਰੰਗ’, ‘ਕੈਨਵਸ’, ‘ਤਮਾਖੂ ਨੋਸ਼ੀ’ ਅਤੇ ‘ਰੁੱਖ ਪਾਣੀ ਅਨਮੋਲ’ (ਸੰਪਾਦਕੀ ਬੋਰਡ ਵਿਚ ਵੀ) ਆਦਿ ਕਾਵਿ-ਸੰਗ੍ਰਹਿਾਂ ਵਿਚ ਭਰਵੀਆਂ ਕਲਮੀ ਹਾਜ਼ਰੀਆਂ ਲਗਵਾ ਚੁੱਕੇ ਹਨ। ਮੈਲਬੌਰਨ (ਆਸਟ੍ਰੇਲੀਆ) ਤੱਕ ਦੀਆਂ ਉਡਾਣਾ ਭਰਨ ਵਾਲੇ ਇਸ ‘ਲੋਹ ਪੁਰਸ਼’ ਦੀਆਂ ਵੱਡਮੁੱਲੀਆਂ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸੇਵਾਵਾਂ ਦੀ ਕਦਰ ਪਾਉਂਦਿਆਂ ਦੇਸ਼-ਵਿਦੇਸ਼ ਦੀਆਂ ਅਨਗਿਣਤ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ।
ਆਪਣੀ 58 ਸਾਲ ਉਮਰ ਪੂਰੀ ਹੋਣ ਤੇ ਬੇ-ਦਾਗ ਸਾਢੇ ਚੌਂਤੀ ਸਾਲ ਸਰਵਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਉਪ ਮੰਡਲ ਗੁਰਦਾਸਪੁਰ ਤੋਂ ਜੂਨੀਅਰ ਇੰਜੀਨੀਅਰ ਦੇ ਅਹੁੱਦੇ ਤੋਂ ਸੇਵਾ-ਮੁਕਤ ਹੋ ਰਹੇ ਪਾਹੜਾ ਜੀ ਲਈ ਉਨ੍ਹਾਂ ਨਾਲ ਜੁੜੀਆਂ ਹਜ਼ਾਰਾਂ ਰੂਹਾਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾਂ ਨੂੰ ਅਰਦਾਸਾਂ ਕਰਦੀਆਂ ਮੁਬਾਰਕਾਂ ਭੇਜ ਰਹੀਆਂ ਹਨ, ਪਾਹੜਾ ਜੀ ਨੂੰ। ਜਿਨ੍ਹਾਂ ਵਿਚ ਹੱਥਲੀ ਕਲਮ ਵੀ ਸ਼ਾਮਲ ਹੈ।
-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641
ਸੰਪਰਕ : ਗੁਰਮੀਤ ਸਿੰਘ ਪਾਹੜਾ, 9814305963
0 Comments