ਸ. ਮੇਜਰ ਸਿੰਘ ਇੱਕ ਨਿਰਪੱਖ, ਅਗਾਂਹਵਧੂ ਅਤੇ ਸੰਘਰਸ਼ਸ਼ੀਲ ਧਿਰਾਂ ਦੇ ਹਾਮੀ ਪੱਤਰਕਾਰ ਸਨ- ਕਾਮਰੇਡ ਤੱਗੜ
ਜਲੰਧਰ 8 ਮਾਰਚ : ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਜਲੰਧਰ - ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਪੰਜਾਬ ਅਤੇ ਪੰਜਾਬੀ ਦੇ ਪ੍ਰਸਿੱਧ ਅਤੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਸ. ਮੇਜਰ ਸਿੰਘ ਦੇ ਅਚਾਨਕ ਅਤੇ ਦੁਖਦਾਈ ਵਿਛੋੜੇ ਤੇ ਬਹੁਤ ਹੀ ਡੂੰਘੇ ਦੁਖ , ਸ਼ੋਕ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ । ਇੱਥੋਂ ਜਾਰੀ ਇਕ ਬਿਆਨ ਵਿੱਚ ਕਾਮਰੇਡ ਤੱਗੜ ਨੇ ਕਿਹਾ ਕਿ ਸ. ਮੇਜਰ ਸਿੰਘ ਇਕ ਬਹੁਤ ਹੀ ਮਿਹਨਤੀ , ਸੰਘਰਸ਼ਸ਼ੀਲ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਪੱਤਰਕਾਰ ਸਨ ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਨਾਲ ਆਪਣੇ ਇਸ ਖੇਤਰ ਵਿਚ ਬਹੁਤ ਹੀ ਉੱਚਾ ਤੇ ਸੁੱਚਾ ਨਾਮਣਾ ਖੱਟਿਆ । ਕਾਮਰੇਡ ਤੱਗੜ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਨਿਰਪੱਖ ਪਰ ਅਗਾਂਹ ਵਧੂ ਸੰਘਰਸ਼ਸ਼ੀਲ ਵਰਗਾਂ ਦੇ ਹੱਕ ਵਿੱਚ ਪੱਤਰਕਾਰੀ ਕੀਤੀ । ਵਰਤਮਾਨ ਕਿਸਾਨ ਸੰਘਰਸ਼ ਦੌਰਾਨ ਵੀ ਉਨ੍ਹਾਂ ਨੇ ਸੰਘਰਸ਼ਾਂ ਦੇ ਮੋਰਚਿਆਂ ਤੇ ਜਾ ਕੇ ਨਰੋਈ ਪੱਤਰਕਾਰੀ ਦੀਆਂ ਮਿਸਾਲਾਂ ਪੇਸ਼ ਕੀਤੀਆਂ । ਕਾਮਰੇਡ ਤੱਗੜ ਨੇ ਦੱਸਿਆ ਕਿ ਉਨ੍ਹਾਂ ਨਾਲ ਸ. ਮੇਜਰ ਸਿੰਘ ਦੇ ਸਬੰਧ ਚ ਉਨ੍ਹਾਂ ਦਿਨਾਂ ਤੋਂ ਚੱਲਦੇ ਆ ਰਹੇ ਸਨ ਜਦੋਂ ਉਹ ਇੱਕ ਸਾਧਾਰਨ ਜਿਹੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਵਾਸਤੇ ਮਾਲਵੇ ਦੀ ਧੁੰਨੀ ਮਾਨਸਾ ਖੇਤਰ ਚੋਂ ਜਲੰਧਰ ਆਏ ਸਨ। ਜਲੰਧਰ ਆ ਕੇ ਉਨ੍ਹਾਂ ਨੇ ਆਪਣੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਹੋਏ ਬੋਲਚਾਲ ਵਿੱਚ ਆਪਣੀ ਮਲਵਈ ਬੋਲੀ ਨਾਲੋਂ ਨਾਤਾ ਨਹੀਂ ਤੋੜਿਆ । ਕਾਮਰੇਡ ਤੱਗੜ ਨੇ ਅੰਤ ਵਿੱਚ ਕਿਹਾ ਕਿ ਉਹ ਹਮੇਸ਼ਾ ਪੰਜਾਬੀ ਦੇ ਨਵੇਂ ਪੱਤਰਕਾਰਾਂ ਨੂੰ ਸ. ਮੇਜਰ ਸਿੰਘ ਦੀ ਮਿਸਾਲ ਦੇ ਕੇ ਸਿੱਖਣ ਲਈ ਕਹਿੰਦੇ ਰਹਿੰਦੇ ਸਨ ਅਤੇ ਅੱਜ ਉਨ੍ਹਾਂ ਦੇ ਵਿਛੋੜੇ ਤੇ ਵੀ ਇਹੋ ਕਹਿਣਾ ਹੈ ਕਿ ਸ. ਮੇਜਰ ਸਿੰਘ ਤੋਂ ਪ੍ਰੇਰਨਾ ਲੈ ਕੇ ਨਰੋਈ ਪੱਤਰਕਾਰੀ ਦੇ ਖੇਤਰ ਵਿੱਚ ਅੱਗੇ ਵਧਿਆ ਜਾ ਸਕਦਾ ਹੈ ।
0 Comments