ਹਮਿਲਟਨ ਨਗਰ ਕੀਰਤਨ-ਰੰਗ ਸਿੱਖ ਭਾਈਚਾਰੇ ਦਾ
ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 02 ਅਪ੍ਰੈਲ 2021- ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਸਿੱਖਾਂ ਦੇ ਲਈ ਬਹੁਤ ਮਾਅਨੇ ਰੱਖਦਾ ਹੈ। 13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਸਿੱਖ ਨੂੰ ‘ਖਾਲਸਾ’ ਦਾ ਦਰਜਾ ਦਿੱਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾ ਕੇ ਇਕ ਨਿਆਰਾਪਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਅੱਜ ਸਿੱਖ ਜਿਸ ਵੀ ਦੇਸ਼ ਵਿਚ ਹਨ ਉਥੇ ਆਪਣੀ ਮਿਹਨਤ ਸਦਕਾ ਵਧੀਆ ਰੁਜ਼ਗਾਰ ਨਾਲ ਜੀਵਨ ਬਤੀਤ ਕਰ ਰਹੇ ਹਨ। ਇਸ ਦੌਰਾਨ ਆਪਣੇ ਧਰਮ ਦੇ ਵਿਚ ਵਿਸ਼ਵਾਸ਼ ਬਣਾਈ ਰੱਖਦਿਆਂ ਉਥੇ ਆਪਣੇ ਗੁਰੂਆਂ ਦੇ ਗੁਰਪੁਰਬ ਅਤੇ ਇਤਿਹਾਸਕ ਦਿਵਸ ਮਨਾਉਣੇ ਕਦੀ ਨਹੀਂ ਭੁੱਲਦੇ। ਔਕਲੈਂਡ ਤੋਂ ਲਗਪਗ 120 ਕਿਲੋਮੀਟਰ ਦੂਰ ਸ਼ਹਿਰ ਹਮਿਲਟਨ ਵਿਖੇ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ (23 ਬ੍ਰਾਇੰਟ ਰੋਡ ‘ਟੀਰਾਪਾ) ਵਿਖੇ ਚੌਥਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਦਰਬਾਰ ਹਾਲ ਦੇ ਵਿਚ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿਚ ਸ਼ਾਨਦਾਰ ਨਗਰ ਕੀਰਤਨ ਦੀ ਆਰੰਭਤਾ ਹੋਈ। ਸੁੰਦਰ ਸਜਾਏ ਗਏ ਟਰੱਕ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸੁਸ਼ੋਭਿਤ ਕੀਤਾ ਗਿਆ ਸੀ। ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜੱਥੇ ਗੁਰਬਾਣੀ ਕੀਰਤਨ ਦੇ ਨਾਲ ਵਾਤਾਵਰਣ ਨੂੰ ਵਿਸਮਾਦੀ ਧੁਨਾਂ ਨਾਲ ਹੋਰ ਸੁਹਾਵਣਾ ਬਣਾਈ ਰੱਖਿਆ। ਸਥਾਨਕ ਸੰਗਤ, ਰਾਜਨੀਤਕ ਲੋਕ ਸਾਬਕਾ ਨੈਸ਼ਨਲ ਐਮ. ਪੀ. ਡੇਵਿਡ ਬੈਨੇਟ, ਸਾਬਕਾ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੁੰਚੇ ਸਨ।ਰਸਤੇ ਦੇ ਵਿਚ ਸੰਗਤਾਂ ਦੇ ਲਈ ਪੇਯਜਲ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਸੇਵਾਂ ਵਜੋਂ ਵਰਤਾਈਆਂ ਗਈਆਂ। ਗਤਕੇ ਵਾਲੀਆਂ ਪਾਰਟੀਆਂ ਸਿੱਖ ਮਾਰਸ਼ਲ ਆਰਟ ਦੀ ਝਲਕ ਪੇਸ਼ ਕਰ ਰਹੀਆਂ ਸਨ।
0 Comments